ਝਬਾਲ/ ਬੀੜ ਸਾਹਿਬ, ਲੂਘੁੰਮਣ, (ਬਖਤਾਵਰ, ਭਾਟੀਆ)- ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਰਮਾਏਦਾਰੀ ਨੀਤੀਆਂ ਨੂੰ ਬੜ੍ਹਾਵਾ ਦੇ ਕੇ ਦੇਸ਼ ਅਤੇ ਪੰਜਾਬ ਸੂਬੇ ਦੀਆਂ ਸਨਅਤਾਂ ਕਥਿਤ ਤੌਰ 'ਤੇ ਬੰਦ ਕਰਕੇ ਕਿਸਾਨ, ਮਜ਼ਦੂਰ ਅਤੇ ਨੌਜਵਾਨਾਂ ਨੂੰ ਬੇਰੋਜ਼ਗਾਰੀ ਅਤੇ ਗੁਰਬਤ ਵੱਲ ਧਕੇਲਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਏਰੀਆ ਕਮੇਟੀ ਦੀ ਮੰਗਲ ਸਿੰਘ ਸਾਂਘਣਾ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਕਲਾਂ ਵਿਖੇ ਹੋਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਕੀਤਾ। ਗੰਡੀਵਿੰਡ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਪੰਜਾਬ 'ਚ ਸਨਅਤੀ ਕਾਰੋਬਾਰ ਪੂਰਨ ਤੌਰ 'ਤੇ ਬੰਦ ਹੋ ਚੁੱਕਾ ਹੈ, ਸਨਅਤੀ ਕਾਰੋਬਾਰੀ ਲੋਕ ਦੂਜਿਆਂ ਸੂਬਿਆਂ 'ਚ ਪੰਜਾਬ ਦੀਆਂ ਸਨਅਤਾਂ ਨੂੰ ਸਥਾਪਿਤ ਕਰਨ ਲਈ ਮਜਬੂਰ ਹਨ। ਜਦ ਕਿ ਪੰਜਾਬ ਦਾ ਨੌਜਵਾਨ ਵਰਗ ਜਿੱਥੇ ਬੇਰੋਜ਼ਗਾਰੀ ਦੀ ਮਾਰ ਦਾ ਝੰਬਿਆਂ ਨਸ਼ਿਆਂ ਦੀ ਦਲ-ਦਲ 'ਚ ਖੁੱਭ ਕੇ ਬਰਬਾਦ ਹੋ ਰਿਹਾ ਹੈ ਉੱਥੇ ਹੀ ਕਿਸਾਨ ਅਤੇ ਮਜ਼ਦੂਰ ਵਰਗ ਵੀ ਸਰਕਾਰਾਂ ਦੀਆਂ ਘਟੀਆ ਨੀਤੀਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਇਸ ਮੌਕੇ ਕਮੇਟੀ ਦੇ ਸੂਬਾਈ ਆਗੂ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਪਿੱਛਲੇ ਕਈ ਦਹਾਕਿਆਂ ਤੋਂ ਸੇਰੋਂ ਦੀ ਸਰਕਾਰੀ ਖੰਡ ਮਿੱਲ ਬੰਦ ਪਈ ਹੋਣ ਸਰਮਾਏਦਾਰ ਖੰਡ ਮਿੱਲਾਂ ਵਾਲੇ ਕਿਸਾਨਾਂ ਦੇ ਗੰਨੇ ਨੂੰ ਕੌਡੀਆਂ ਦੇ ਭਾਅ 'ਤੇ ਖਰੀਦ ਕਰਨ ਤੋਂ ਇਲਾਵਾ ਨਾਪ ਤੋਲ 'ਚ ਵੀ ਵੱਡੀ ਹੇਰਾਫੇਰੀ ਕਰ ਰਹੇ ਹਨ। ਜਾਮਾਰਾਏ ਨੇ ਕਿਹਾ ਕਿ ਸਰਕਾਰ ਆਖੌਤੀ ਬਿਆਨਬਾਜ਼ੀਆਂ ਰਾਂਹੀ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਖੇਤੀ 'ਚ ਵਿਭਿੰਨਤਾ ਲਿਆਂਉਣ ਦੀਆਂ ਸਲਾਹਾਂ ਦਿੰਦੀ ਨਹੀਂ ਥੱਕਦੀ ਹੈ ਪਰ ਖੇਤੀ ਦੀ ਵਿਭਿੰਨਤਾ ਲਈ ਬਦਲਵੇਂ ਯੋਗ ਪ੍ਰਬੰਧ ਕਰਨ, ਕਾਸਤ ਲਈ ਸਬਸਿਡੀਆਂ ਜਾਰੀ ਕਰਨ ਜਾਂ ਵਿਭਿੰਨ ਖੇਤੀ ਦੀ ਰੂਪ ਰੇਖਾ ਤੋਂ ਕਿਸਾਨਾਂ ਨੂੰ ਅਜੇ ਤੱਕ ਜਾਣੂ ਕਰਾਉਣ ਤੋਂ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਜਾਮਾਰਾਏ ਨੇ ਕਿਹਾ ਕਿ ਸਰਕਾਰੀ ਸਰਮਾਏ ਖੰਡਰ ਹੋ ਕਿ ਮਿੱਟੀ 'ਚ ਮਿਲ ਰਹੇ ਹਨ, ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਸਰਕਾਰੀ ਖੰਡ ਮਿਲ ਸੇਰੋਂ ਪਿੱਛਲੇ ਕਈ ਦਹਾਕਿਆਂ ਤੋਂ ਬੰਦ ਪਈ ਹੋਈ ਹੈ। ਆਗੂਆਂ ਨੇ ਕਿਹਾ ਕਿ 12 ਅਪ੍ਰੈਲ ਨੂੰ ਬੰਦ ਪਈ ਉਕਤ ਖੰਡ ਮਿੱਲ ਦੇ ਅੱਗੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਸਾਲ ਧਰਨਾ ਦਿੱਤਾ ਜਾਵੇਗਾ, ਜਿਸ ਲਈ ਹੋਰ ਜਨਤਕ ਜਥੇਬੰਦੀਆਂ ਵੀ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ, ਤਾਂ ਜੋ ਬੰਦ ਪਈ ਉਕਤ ਖੰਡ ਮਿੱਲ ਦੇ ਚਾਲੂ ਹੋਣ ਨਾਲ ਬੇਰੋਜ਼ਗਾਰ ਨੌਜਵਾਨਾਂ ਤੇ ਹੋਰ ਲੋਕਾਂ ਨੂੰ ਰੋਜ਼ਗਾਰ ਪ੍ਰਾਪਤੀ ਹੋ ਸਕੇ। ਆਗੂਆਂ ਨੇ ਦੱਸਿਆ ਕਿ ਧਰਨੇ ਉਪਰੰਤ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਇਸ ਸਬੰਧੀ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ ਬਾਠ, ਗੁਰਵਿੰਦਰ ਸਿੰਘ ਭੋਲਾ, ਸਵਿੰਦਰ ਸਿੰਘ ਦੋਦੇ, ਰਣਧੀਰ ਸਿੰਘ ਚੀਮਾ, ਜਸਬੀਰ ਸਿੰਘ ਚੀਮਾ, ਭਜਨ ਸਿੰਘ, ਪੂਰਨ ਸਿੰਘ ਜਗਤਪੁਰਾ, ਸੰਦੀਪ ਸਿੰਘ ਰਸੂਲਪੁਰ, ਪ੍ਰਗਟ ਸਿੰਘ ਗੰਡੀਵਿੰਡ ਆਦਿ ਮੌਜੂਦ ਸਨ।
ਧੋਖਾਦੇਹੀ ਦਾ ਸ਼ਿਕਾਰ ਗਰੀਬ ਕਿਸਾਨ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਇਆ ਮਜਬੂਰ
NEXT STORY