ਸਰਾਏ ਅਮਾਨਤ ਖਾਂ/ਝਬਾਲ, (ਨਰਿੰਦਰ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮਾਣਕਪੁਰਾ ਦਾ ਇਕ ਗਰੀਬ ਪਰਿਵਾਰ ਜਿਸ ਨੇ 12 ਲੱਖ ਰੁਪਏ ਦੇ ਕੇ ਜ਼ਮੀਨ ਗਹਿਣੇ ਲਈ ਸੀ ਪਰ ਮਾਲਕ ਵੱਲੋਂ ਇਕਰਾਰਨਾਮੇ ਦੇ ਬਾਵਜੂਦ ਕਿਸੇ ਹੋਰ ਨੂੰ ਧੋਖੇ ਨਾਲ ਵੇਚ ਦੇਣ ਅਤੇ ਗਰੀਬ ਕਿਸਾਨ ਦੇ 12 ਲੱਖ ਨਾ ਮੋੜਨ ਅਤੇ ਜ਼ਮੀਨ ਦਾ ਕਬਜ਼ਾ ਵੀ ਨਾ ਦੇਣ ਕਰ ਕੇ ਕਿਸਾਨ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਸਬੰਧੀ ਪਿੰਡ ਮਾਣਕਪੁਰਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ 'ਚ ਤੇਜਿੰਦਰ ਸਿੰਘ ਪੁੱਤਰ ਕਰਮ ਸਿੰਘ, ਕਿਸਾਨ ਕਰਮ ਸਿੰਘ ਅਤੇ ਉਸਦੀ ਘਰਵਾਲੀ ਨੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਦਰਖਾਸਤਾਂ, ਝਬਾਲ ਤਹਿਸੀਲ 'ਚ ਇੰਤਕਾਲ ਅਤੇ ਰਜਿਸਟਰੀ ਰੋਕਣ ਲਈ ਦਿੱਤੀਆਂ ਦਰਖਾਸਤਾਂ ਵਿਖਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਪਿੰਡ ਮਾਣਕਪੁਰਾ ਵਿਖੇ ਆਪਣੇ ਗੁਆਂਢ ਬਲਵਿੰਦਰ ਸਿੰਘ ਪੁੱਤਰ ਨਰੰਜਨ ਸਿੰਘ ਵਾਸੀ ਕੋਟਲਾ ਨਸੀਰ ਖਾਂ ਕੋਲੋਂ 5 ਕਿੱਲੇ 5 ਕਨਾਲਾਂ, 12 ਮਰਲੇ ਜ਼ਮੀਨ 12 ਲੱਖ 'ਚ 22-5-17 ਤੋਂ 2019 ਤੱਕ ਕਾਇਦਾ ਇਕਰਾਰ ਨਾਮਾ ਲਿਖਵਾ ਕੇ ਗਹਿਣੇ ਲਈ।
ਪਰ ਬਲਵਿੰਦਰ ਸਿੰਘ ਨੇ ਕੁਝ ਸਮੇ ਬਾਅਦ ਇਹ ਜ਼ਮੀਨ ਪਿੰਡ ਮਾਣਕਪੁਰਾ ਦੇ ਅੰਮ੍ਰਿਤਪਾਲ ਸਿੰਘ, ਪ੍ਰਿਸਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਅਤੇ ਜੋਧਬੀਰ ਸਿੰਘ, ਜਗਮੀਤ ਸਿੰਘ ਪੁੱਤਰ ਓਕਾਰ ਸਿੰਘ ਨੂੰ ਵੇਚ ਦਿੱਤੀ, ਜਿਸ ਬਾਰੇ ਪਤਾ ਲੱਗਣ 'ਤੇ ਅਸੀਂ ਬਕਾਇਦਾ ਝਬਾਲ ਤਹਿਸੀਲ ਵਿਖੇ ਵੀ 2-11-17 ਨੂੰ ਲਿਖਤੀ ਦਰਖਾਸਤ ਵੀ ਦਿੱਤੀ ਪਰ ਸਾਡੀ ਦਰਖਾਸਤ ਦੇਣ ਦੇ ਬਾਵਜੂਦ ਵੀ ਸਬੰਧਤ ਤਹਿਸੀਲਦਾਰ ਨੇ ਮਿਲੀ ਭੁਗਤ ਨਾਲ ਇਹ ਰਜਿਸਟਰੀ ਕਰ ਦਿੱਤੀ, ਜਿਸ ਬਾਰੇ ਅਸੀਂ ਹੁਣ ਇੰਤਕਾਲ ਰੋਕਣ ਲਈ ਵੀ ਦਰਖਾਸਤ ਦਿੱਤੀ ਹੈ। ਬਲਵਿੰਦਰ ਸਿੰਘ ਤੋਂ ਰਜਿਸਟਰੀ ਕਰਾਉਣ ਉਪਰੰਤ ਉਪਰੋਕਤ ਰਜਿਸਟਰੀ ਕਰਾਉਣ ਵਾਲੇ ਵਿਅਕਤੀਆਂ ਨੇ ਸਾਡੇ ਕੋਲੋਂ ਜ਼ਬਰਦਸਤੀ ਕਬਜ਼ਾ ਵੀ ਲੈ ਲਿਆ ਅਤੇ ਸਾਡੇ 12 ਲੱਖ ਵਾਪਸ ਵੀ ਨਹੀਂ ਕੀਤੇ, ਜਿਸ ਬਾਰੇ ਅਸੀਂ ਬਕਾਇਦਾ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਧੋਖਾਦੇਹੀ ਦਾ ਸ਼ਿਕਾਰ ਹੋਏ ਗਰੀਬ ਕਿਸਾਨ ਤੇਜਿੰਦਰ ਸਿੰਘ ਤੇ ਕਰਮ ਸਿੰਘ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਸਾਡੇ ਨਾਲ ਧੋਖਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਕੇ ਸਾਡੇ ਪੈਸੇ ਸਾਨੂੰ ਦਿਵਾਏ ਜਾਣ ਤਾਂ ਕਿ ਅਸੀਂ ਆੜ੍ਹਤੀ ਦੇ ਉਧਾਰ ਲਏ ਪੈਸੈ ਮੋੜ ਸਕੀਏ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰੀ ਵੱਸ ਸਾਨੂੰ ਸਖਤ ਕਦਮ ਚੁੱਕਦਿਆਂ ਆਤਮ-ਹੱਤਿਆ ਲਈ ਮਜਬੂਰ ਹੋਣਾ ਪਵੇਗਾ।
ਕੀ ਕਹਿਣਾ ਦੂਸਰੀ ਧਿਰ ਦੇ ਬਲਵਿੰਦਰ ਸਿੰਘ ਦਾ: ਇਸ ਸਬੰਧੀ ਜਦੋਂ ਵਿਰੋਧੀ ਧਿਰ ਦੇ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਰੋਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਤੇਜਿੰਦਰ ਸਿੰਘ ਪੁੱਤਰ ਕਰਮ ਸਿੰਘ ਜਿਸ ਨੂੰ ਜ਼ਮੀਨ ਗਹਿਣੇ ਦਿੱਤੀ ਸੀ ਦੇ ਸਾਰੇ ਪੈਸੇ ਮੋੜ ਦਿੱਤੇ ਹਨ ਪਰ ਇਨ੍ਹਾਂ ਨੇ ਮੈਨੂੰ ਇਕਰਾਰਨਾਮੇ ਵਾਲਾ ਕਾਗਜ਼ ਵਾਪਸ ਨਹੀਂ ਕੀਤਾ। ਹੁਣ ਮੇਰਾ ਇਨ੍ਹਾਂ ਨਾਲ ਕੋਈ ਹਿਸਾਬ-ਕਿਤਾਬ ਨਹੀਂ। ਜਦੋਂਕਿ ਸਬੰਧਤ ਪਟਵਾਰੀ ਬਖਸ਼ੀਸ਼ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਰਜਿਸਟਰੀ ਬੇਸ਼ੱਕ ਹੋ ਗਈ ਹੈ ਪਰ ਜਿਨ੍ਹਾਂ ਚਿਰ ਕੋਈ ਫੈਸਲਾ ਨਹੀਂ ਹੁੰਦਾ ਇੰਤਕਾਲ ਨਹੀਂ ਚੜ੍ਹੇਗਾ ਅਤੇ ਜਿਉਂ ਦਾ ਤਿਉਂ ਹੀ ਰਹੇਗਾ।
ਕੁੱਲ ਹਿੰਦ ਕਿਸਾਨ ਸਭਾ ਨੇ ਸਥਾਪਨਾ ਦਿਵਸ ਮੌਕੇ ਹਰੀਕੇ ਬਾਜ਼ਾਰ 'ਚ ਪੈਦਲ ਮਾਰਚ ਕੱਢਿਆ
NEXT STORY