ਮਾਛੀਵਾੜਾ ਸਾਹਿਬ (ਟੱਕਰ) : ਹੜ੍ਹਾਂ ਦੀ ਮਾਰ ਅਤੇ ਹੁਣ ਫ਼ਸਲ ਨੂੰ ਪਈ ਬੀਮਾਰੀ ਕਾਰਨ ਕੁਦਰਤ ਅੱਗੇ ਬੇਵੱਸ ਹੋਇਆ ਕਿਸਾਨ ਅੱਜ ਆਪਣੀ ਮਿਹਨਤ ਨੂੰ ਖੇਤਾਂ 'ਚ ਵਾਹੁਣ ਨੂੰ ਮਜ਼ਬੂਰ ਹੋ ਗਿਆ ਹੈ। ਮਾਛੀਵਾੜਾ ਬਲਾਕ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ਬੌਣੇ ਵਾਇਰਸ ਦੀ ਲਪੇਟ 'ਚ ਆ ਜਾਣ ਕਾਰਨ ਕਿਸਾਨ ਬੇਹੱਦ ਮਾਯੂਸ ਹਨ। ਜੂਨ ਮਹੀਨੇ ਦੀ ਤਪਦੀ ਗਰਮੀ 'ਚ ਬੜੀ ਮਿਹਨਤ ਨਾਲ ਝੋਨੇ ਦੀ ਬਿਜਾਈ ਕਰਕੇ ਕਿਸਾਨਾਂ ਨੂੰ ਆਸ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਇਸ ਫ਼ਸਲ ਦੀ ਕਟਾਈ ਕਰ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਗੇ ਅਤੇ ਕਰਜ਼ੇ ਦੀ ਪੰਡ ਹੌਲੀ ਕਰ ਲੈਣਗੇ ਪਰ ਇਹ ਬੌਣੇ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਹੁਣ ਕਿਸਾਨ ਨੇ ਫ਼ਸਲ ਕੱਟਣ ਦੀ ਬਜਾਏ ਉਸ ਨੂੰ ਜ਼ਮੀਨ 'ਚ ਹੀ ਵਾਹ ਦਿੱਤਾ ਹੈ। ਮਾਛੀਵਾੜਾ ਬਲਾਕ ਦੇ ਪਿੰਡ ਬੁੱਲੇਵਾਲ ਤੋਂ ਬਾਅਦ ਪਿੰਡ ਜਾਤੀਵਾਲ 'ਚ ਵੀ ਕਿਸਾਨ ਰਣਜੀਤ ਸਿੰਘ ਨੇ ਬੌਣੇ ਵਾਇਰਸ ਦੀ ਲਪੇਟ 'ਚ ਆਈ ਫ਼ਸਲ ਨੂੰ ਕੱਟਣ ਦੀ ਬਜਾਏ ਖੇਤਾਂ 'ਚ ਵਾਹ ਦਿੱਤਾ ਅਤੇ ਬੜੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਉਸਦੀ ਹੜ੍ਹਾਂ ਕਾਰਨ ਕਰੀਬ 4 ਏਕੜ ਫ਼ਸਲ ਰੁੜ੍ਹ ਗਈ ਅਤੇ ਹੁਣ ਜੋ ਦਰਿਆ ਤੋਂ ਬਾਹਰ ਫ਼ਸਲ ਸੀ, ਉਹ ਇਹ ਬੀਮਾਰੀ ਖਾ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ 'ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...
ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਝੋਨੇ ਦਾ ਬੀਜ ਲੈ ਕੇ ਬਿਜਾਈ ਕੀਤੀ ਗਈ ਸੀ ਪਰ ਸਪਰੇਆਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਫ਼ਸਲ ਬੌਣੇ ਵਾਇਰਸ ਦੀ ਲਪੇਟ ਤੋਂ ਬਚ ਨਾ ਸਕੀ। ਮਾਛੀਵਾੜਾ ਬਲਾਕ ਦੇ ਕਈ ਹੋਰ ਪਿੰਡਾਂ 'ਚ ਵੀ ਇਸ ਬੌਣੇ ਵਾਇਰਸ ਦੀ ਲਪੇਟ 'ਚ ਸੈਂਕੜੇ ਏਕੜ ਫ਼ਸਲ ਤਬਾਹ ਹੋ ਗਈ ਹੈ, ਜਿਸ ਨੂੰ ਜਾਂ ਤਾਂ ਕਿਸਾਨ ਵਾਹ ਰਹੇ ਹਨ ਜਾਂ ਫਿਰ ਇੰਤਜ਼ਾਰ ਕਰ ਰਹੇ ਹਨ ਕਿ ਸ਼ਾਇਦ ਕੁੱਝ ਦਾਣੇ ਇਸ ’ਚੋਂ ਨਿਕਲ ਸਕਣ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਬਿਜਾਈ ਖ਼ਰਚਾ ਆ ਚੁੱਕਾ ਹੈ ਅਤੇ ਇਸ ਤੋਂ ਇਲਾਵਾ 35 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਦਾ ਜੋੜ ਲਿਆ ਜਾਵੇ ਤਾਂ 55 ਹਜ਼ਾਰ ਰੁਪਏ ਪ੍ਰਤੀ ਏਕੜ ਉਨ੍ਹਾਂ ਨੂੰ ਆਰਥਿਕ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫ਼ਸਲ ’ਚੋਂ ਮੁਨਾਫ਼ਾ ਤਾਂ ਕੀ ਹੋਣਾ ਸੀ, ਸਗੋਂ 55 ਹਜ਼ਾਰ ਰੁਪਏ ਪ੍ਰਤੀ ਏਕੜ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਅਜੇ ਤੱਕ ਬੌਣੇ ਵਾਇਰਸ ਦੀ ਲਪੇਟ 'ਚ ਆਏ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਵੀ ਗਿਰਦਾਵਰੀ ਜਾਂ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੀਮਾਰੀ ਦੀ ਲਪੇਟ 'ਚ ਆਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ 'ਬਹੁਤ ਗੰਭੀਰ ਆਫ਼ਤ' ਐਲਾਨਿਆ, ਸੂਬੇ ਨੂੰ ਮਿਲਣਗੇ ਵਾਧੂ ਫੰਡ ਤੇ ਕਰਜ਼ੇ!
ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ ਮੁਆਵਜ਼ੇ ਦੀ ਮੰਗ
ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਦਾ ਬੀਜ ਪੀ. ਬੀ. 131 ਅਤੇ 128 ਦੀ ਕਾਸ਼ਤ ਕੀਤੀ ਸੀ, ਉਹ ਬੌਣੇ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਝੋਨੇ ਦਾ ਪੌਦਾ ਵੱਧਣ-ਫੁੱਲਣ ਦੀ ਬਜਾਏ ਬੌਣਾ ਰਹਿ ਗਿਆ ਹੈ ਅਤੇ ਇਸ ਦਾ ਸਿੱਟਾ ਵੀ ਛੋਟਾ-ਛੋਟਾ ਨਿਕਲ ਰਿਹਾ ਹੈ। ਹੋਰ ਤਾਂ ਹੋਰ ਇਸ ਦੇ ਸਿੱਟੇ 'ਚ ਦਾਣਾ ਵੀ ਨਹੀਂ ਬਣ ਰਿਹਾ, ਜਿਸ ਕਾਰਨ ਇਸ ਫ਼ਸਲ ਦਾ ਝਾੜ ਬੇਹੱਦ ਘੱਟ ਨਿਕਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬੀਮਾਰੀ ਦੀ ਲਪੇਟ 'ਚ ਆਏ ਖੇਤਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ
NEXT STORY