ਅੰਮ੍ਰਿਤਸਰ, (ਨੀਰਜ)- ਖੁਸ਼ੀਆਂ ਅਤੇ ਰੌਸ਼ਨੀ ਦਾ ਤਿਉਹਾਰ ਦੀਵਾਲੀ ਜਿਥੇ ਪਟਾਕਾ ਵਪਾਰੀਆਂ ਲਈ ਫਿੱਕਾ ਨਜ਼ਰ ਆਇਆ, ਉਥੇ ਹੀ ਇਸ ਵਾਰ ਪ੍ਰਦੂਸ਼ਣ ਕਾਫ਼ੀ ਘੱਟ ਹੋਇਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪੰਜਾਬ ਵਿਚ ਸਾਲ 2016 ਦੀ ਦੀਵਾਲੀ 'ਚ ਏਅਰ ਕੁਆਲਿਟੀ ਇੰਡੈਕਸ 130 ਤੋਂ ਵੱਧ ਕੇ 228 ਹੋ ਗਿਆ ਸੀ, ਜਦੋਂ ਕਿ ਇਸ ਵਾਰ ਪੰਜਾਬ 'ਚ ਦੀਵਾਲੀ ਦੇ ਦਿਨ ਏਅਰ ਕੁਆਲਿਟੀ ਇੰਡੈਕਸ 265 ਤੋਂ ਵੱਧ ਕੇ 328 ਹੋਇਆ, ਭਾਵ ਪਿਛਲੇ ਸਾਲ ਏਅਰ ਕੁਆਲਿਟੀ ਇੰਡੈਕਸ ਵਿਚ 70 ਫ਼ੀਸਦੀ ਵਾਧਾ ਹੋਇਆ ਸੀ ਪਰ ਇਸ ਵਾਰ 24 ਫ਼ੀਸਦੀ ਵਾਧਾ ਹੀ ਦਰਜ ਕੀਤਾ ਗਿਆ।
ਵਾਤਾਵਰਣ ਪ੍ਰੇਮੀਆਂ ਦੀ ਮੰਨੀਏ ਤਾਂ ਉਨ੍ਹਾਂ ਲਈ ਇਹ ਦੀਵਾਲੀ ਚੰਗੀ ਰਹੀ ਕਿਉਂਕਿ ਪ੍ਰਦੂਸ਼ਣ ਘੱਟ ਹੋਇਆ। ਰਾਜ ਦੇ ਮੁੱਖ ਸ਼ਹਿਰਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਮੰਡੀ ਗੋਬਿੰਦਗੜ੍ਹ ਵਿਚ ਏਅਰ ਕੁਆਲਿਟੀ ਇੰਡੈਕਸ 17 ਫ਼ੀਸਦੀ ਵਧਿਆ, ਜਦੋਂ ਕਿ ਪਿਛਲੇ ਸਾਲ ਇਸ ਵਿਚ 163 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਉਦਯੋਗ ਨਗਰੀ ਲੁਧਿਆਣਾ ਵਿਚ ਇਸ ਦੀਵਾਲੀ 'ਤੇ ਐਕਿਊਆਈ 24 ਫ਼ੀਸਦੀ ਵਧਿਆ, ਜਦੋਂ ਕਿ ਪਿਛਲੇ ਸਾਲ 50 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਵਿਚ ਇਸ ਦੀਵਾਲੀ 'ਤੇ ਐਕਿਊਆਈ ਵਿਚ 45 ਫ਼ੀਸਦੀ ਦਾ ਵਾਧਾ ਹੋਇਆ, ਜਦੋਂ ਕਿ ਪਿਛਲੇ ਸਾਲ ਦੀਵਾਲੀ ਦੇ ਦਿਨ ਐਕਿਊਆਈ 'ਚ 63 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।
ਖਰੀਦਦਾਰਾਂ 'ਤੇ ਨਜ਼ਰ ਆਈ ਜੀ. ਐੱਸ. ਟੀ. ਦੀ ਮਾਰ
ਪਟਾਕਾ ਵਪਾਰੀਆਂ 'ਤੇ ਤਾਂ ਜੀ. ਐੱਸ. ਟੀ. ਦੀ ਮਾਰ ਨਜ਼ਰ ਆਈ ਹੀ, ਉਥੇ ਹੀ ਆਮ ਆਦਮੀ ਵੀ ਇਸ ਤੋਂ ਬਚ ਨਹੀਂ ਸਕਿਆ। ਪਟਾਕਿਆਂ ਦੀ ਖਰੀਦਦਾਰੀ ਕਰਨ ਵਾਲਿਆਂ ਨੇ ਇਸ ਵਾਰ ਪਿਛਲੇ ਸਾਲ ਦੀ ਤੁਲਨਾ ਵਿਚ 50 ਤੋਂ 60 ਫ਼ੀਸਦੀ ਤੱਕ ਹੀ ਪਟਾਕੇ ਖਰੀਦੇ ਕਿਉਂਕਿ ਪਟਾਕੇ ਮਹਿੰਗੇ ਹੋਣ ਕਾਰਨ ਲੋਕਾਂ ਨੂੰ ਘੱਟ ਪਟਾਕੇ ਖਰੀਦਣ ਲਈ ਮਜਬੂਰ ਹੋਣਾ ਪਿਆ। ਪਟਾਕਿਆਂ ਦੇ ਮਾਮਲੇ 'ਚ ਅਨਾਰ, ਫੁਲਝੜੀ, ਹਵਾਈ ਵਰਗੇ ਘੱਟ ਕੀਮਤ ਵਾਲੇ ਪਟਾਕਿਆਂ ਦੀ ਵਿਕਰੀ ਵੱਧ ਹੋਈ ਪਰ ਮਹਿੰਗੇ ਪਟਾਕੇ ਘੱਟ ਹੀ ਵਿਕ ਸਕੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪਟਾਕਿਆਂ 'ਤੇ 28 ਫ਼ੀਸਦੀ ਜੀ. ਐੱਸ. ਟੀ. ਲਾ ਦਿੱਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਪਟਾਕਿਆਂ 'ਤੇ 14 ਫ਼ੀਸਦੀ ਸੇਲਸ ਟੈਕਸ ਲੱਗਦਾ ਸੀ। ਸ਼ਿਵਾਕਾਸੀ ਵਿਚ ਪਟਾਕਾ ਉਸਾਰੀ ਕਰਨ ਵਾਲੇ ਅਣਗਿਣਤ ਕਾਰਖਾਨੇ ਬੰਦ ਹੋ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਟਾਕਾ ਬਣਾਉਣ ਵਾਲੇ ਕਾਰੀਗਰ ਬੇਰੁਜ਼ਗਾਰ ਹੋ ਚੁੱਕੇ ਹਨ।
ਗਲੀ-ਮੁਹੱਲਿਆਂ 'ਚ ਸ਼ਰੇਆਮ ਵਿਕੇ ਪਟਾਕੇ
ਇਕ ਪਾਸੇ ਜਿਥੇ ਲਾਇਸੈਂਸ ਲੈ ਕੇ ਕੰਮ ਕਰਨ ਵਾਲੇ ਪਟਾਕਾ ਵਪਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਦੂਸਰੇ ਪਾਸੇ ਗੈਰ-ਕਾਨੂੰਨੀ ਢੰਗ ਨਾਲ ਗਲੀ-ਮੁਹੱਲਿਆਂ ਵਿਚ ਪਟਾਕੇ ਵੇਚਣ ਵਾਲੇ ਸ਼ਰੇਆਮ ਪਟਾਕੇ ਵੇਚਦੇ ਨਜ਼ਰ ਆਏ, ਜਿਨ੍ਹਾਂ ਨੂੰ ਪੁਲਸ ਨੇ ਕੁਝ ਨਹੀਂ ਕਿਹਾ। ਇਥੋਂ ਤੱਕ ਕਿ ਕਰਿਆਨਾ ਦੁਕਾਨਦਾਰਾਂ ਨੇ ਵੀ ਸ਼ਰੇਆਮ ਪਟਾਕਿਆਂ ਦੀ ਵਿਕਰੀ ਕੀਤੀ ਤੇ ਪੁਲਸ ਮੂਕਦਰਸ਼ਕ ਨਜ਼ਰ ਆਈ।
ਸ੍ਰੀ ਹਰਿਮੰਦਰ ਸਾਹਿਬ 'ਚ ਆਰ. ਐੱਸ. ਪੀ. ਐੱਮ. ਨੇ ਤੋੜਿਆ ਰਿਕਾਰਡ
ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਵਾਰ ਆਰ. ਐੱਸ. ਪੀ. ਐੱਮ. ਦਾ ਰਿਕਾਰਡ ਟੁੱਟ ਗਿਆ। ਸਾਲ 2016 ਦੀ ਦੀਵਾਲੀ ਦੇ 321 ਆਰ. ਐੱਸ. ਪੀ. ਐੱਮ. ਦੀ ਤੁਲਨਾ 'ਚ ਸਾਲ 2017 ਦੀ ਦੀਵਾਲੀ 'ਤੇ ਸ੍ਰੀ ਹਰਿਮੰਦਰ ਸਾਹਿਬ ਦਾ ਆਰ. ਐੱਸ. ਪੀ. ਐੱਮ. 423 ਤੱਕ ਪਹੁੰਚ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਲੋਅ ਵਾਇੰਡ ਵੈਲੋਸਿਟੀ ਅਤੇ ਝੋਨੇ ਦੀ ਅਗੇਤੀ ਕਟਾਈ ਕਾਰਨ ਹਵਾ ਘੱਟ ਚੱਲੀ, ਜਿਸ ਕਰ ਕੇ ਆਰ. ਐੱਸ. ਪੀ. ਐੱਮ. ਵਿਚ ਇੰਨੀ ਵਾਧਾ ਹੋਇਆ। ਅੰਮ੍ਰਿਤਸਰ ਜ਼ਿਲੇ ਦੀ ਗੱਲ ਕਰੀਏ ਤਾਂ ਇਸ ਦਾ ਆਰ. ਐੱਸ. ਪੀ. ਐੱਮ. 288 ਤੋਂ ਵੱਧ ਕੇ 312 ਤੱਕ ਪਹੁੰਚ ਗਿਆ।
ਆਤਿਸ਼ਬਾਜ਼ੀ ਘਟੀ, 10 ਸਾਲਾਂ 'ਚ ਸਭ ਤੋਂ ਘੱਟ ਰਿਹਾ ਚੰਡੀਗੜ੍ਹ ਦਾ ਆਵਾਜ਼ ਤੇ ਹਵਾ ਪ੍ਰਦੂਸ਼ਣ
NEXT STORY