ਚੰਡੀਗੜ੍ਹ : ਖੇਤੀ ਬਿੱਲਾਂ ਦੇ ਵਿਰੋਧ ਵਿਚ ਅਕਾਲੀ ਦਲ ਵਲੋਂ 22 ਸਾਲ ਪੁਰਾਣਾ ਗਠਜੋੜ ਤੋੜਣ ਤੋਂ ਬਾਅਦ ਪੰਜਾਬ ਭਾਜਪਾ ਵਲੋਂ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਸਾਡਾ ਪੁਰਾਣਾ ਭਾਈਵਾਲ ਹੈ ਅਤੇ ਅਕਾਲੀ ਦਲ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਦੁੱਖ ਵੀ ਹੋਇਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗਠਜੋੜ ਤੋੜਣ ਦੇ ਜਿਹੜੇ ਕਾਰਣ ਅਕਾਲੀ ਦਲ ਵਲੋਂ ਦਿੱਤੇ ਗਏ ਹਨ, ਉਹ ਵਾਜਬ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਜਵਾਬਦੇਹ ਹੈ।
ਇਹ ਵੀ ਪੜ੍ਹੋ : ਗਠਜੋੜ ਤੋੜਨ ਤੋਂ ਬਾਅਦ ਸੁਖਬੀਰ ਬਾਦਲ ਦਾ ਵੱਡਾ ਐਲਾਨ
ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਹਨ, ਉਹ ਅੱਜ ਤਕ ਕੋਈ ਨਹੀਂ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਚਿੰਤਾ ਹੋਈ, ਇਸੇ ਕਾਰਣ ਕਿਸਾਨਾਂ ਦੇ ਖਾਤੇ 'ਚ ਹਰ ਸਾਲ ਛੇ ਹਜ਼ਾਰ ਰੁਪਏ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਹਨ ਅਤੇ ਇਹ ਬਿੱਲ ਵੀ ਇਸੇ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਸੁਖਦੇਵ ਢੀਂਡਸਾ ਦਾ ਪਹਿਲਾ ਵੱਡਾ ਬਿਆਨ
ਵਿਰੋਧੀਆਂ 'ਤੇ ਵਰ੍ਹਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਅੰਦਰ ਇਕ ਭਰਮ ਪੈਦਾ ਕਰ ਰਹੀ ਹੈ। ਜਦਕਿ ਪ੍ਰਧਾਨ ਮੰਤਰੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਰਕਾਰੀ ਖ਼ਰੀਦ ਵੀ ਹੁੰਦੀ ਰਹੇਗੀ ਅਤੇ ਐੱਮ. ਐੱਸ. ਪੀ. ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹੀ ਵੱਡੇ ਘਪਲੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ, ਨਾਜਾਇਜ਼ ਮਾਈਨਿੰਗ, ਸ਼ਰਾਬ ਮਾਫੀਆ ਅਤੇ ਹੋਰ ਵੱਡੇ ਮੁੱਦਿਆਂ ਨੂੰ ਦਬਾਉਣ ਲਈ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾ ਰਹੀ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਉਹ ਦੱਸਣ ਕਿ ਕਿਸਾਨਾਂ ਦੇ ਪੂਰਾ ਕਰਜ਼ਾ ਮੁਆਫ ਕਿਉਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਨੇ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕੋਈ ਸ਼ੰਕਾ ਹੈ ਤਾਂ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ, ਜੇਕਰ ਅਸੀਂ ਉਨ੍ਹਾਂ ਦੇ ਸ਼ੰਕੇ ਦੂਰ ਨਾ ਕਰ ਸਕੇ ਤਾਂ ਉਹ ਕੇਂਦਰ ਸਰਕਾਰ ਨਾਲ ਰਾਬਤਾ ਕਰਵਾਉਣਗੇ।
ਇਹ ਵੀ ਪੜ੍ਹੋ : ਗਠਜੋੜ 'ਚ ਸਿਖ਼ਰਾਂ 'ਤੇ ਪਹੁੰਚੀ ਤਲਖੀ, ਸੁਖਬੀਰ ਬਾਦਲ ਨੂੰ ਭਾਜਪਾ ਦਾ ਠੋਕਵਾਂ ਜਵਾਬ
ਕੈਪਟਨ ਵੱਲੋਂ 'ਪਰਾਲੀ' ਸਾੜਨ ਦੀ ਰੋਕਥਾਮ ਲਈ 8000 ਨੋਡਲ ਅਫ਼ਸਰ ਨਿਯੁਕਤ
NEXT STORY