ਚੰਡੀਗੜ੍ਹ (ਨਰੇਸ਼ ਅਰੋੜਾ) : ਸ਼ਹਿਰ ਦੇ ਸੈਕਟਰ-25 'ਚ ਸਥਿਤ ਰੈਲੀ ਗਰਾਊਂਡ 'ਚ ਵੱਡੀ ਗਿਣਤੀ 'ਚ ਅਕਾਲੀਆਂ ਨੇ ਪੰਜਾਬ ਵਿਧਾਨ ਸਭਾ ਦਾ ਘਿਰਾਅ ਕਰਨ ਲਈ ਇਕੱਠ ਕੀਤਾ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਸੀਨੀਅਰ ਅਕਾਲੀ ਆਗੂ ਵੀ ਰੈਲੀ 'ਚ ਪੁੱਜੇ। ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਵਿਜੇ ਸਾਂਪਲਾ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੇ ਅਕਾਲੀ ਵਰਕਰਾਂ ਸਮੇਤ ਵਿਧਾਨ ਸਭਾ ਵੱਲ ਕੂਚ ਕਰਨਾ ਸ਼ੁਰੂ ਕੀਤਾ।
ਚੰਡੀਗੜ੍ਹ ਪੁਲਸ ਦਾ ਲਾਠੀਚਾਰਜ
ਚੰਡੀਗੜ੍ਹ ਪੁਲਸ ਨੇ ਅਕਾਲੀਆਂ ਨੂੰ ਵਿਧਾਨ ਸਭਾ ਵੱਲ ਜਾਣ ਤੋਂ ਰੋਕਣ ਲਈ ਸਖਤ ਪ੍ਰਬੰਧ ਕੀਤੇ ਹੋਏ ਸਨ। ਸਭ ਤੋਂ ਪਹਿਲਾਂ ਪੁਲਸ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਨਾ ਵਧਣ ਪਰ ਪੁਲਸ ਦੀ ਗੱਲ ਨਾ ਮੰਨਣ 'ਤੇ ਅਕਾਲੀ ਵਰਕਰਾਂ 'ਤੇ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ ਤਾਂ ਅਕਾਲੀਆਂ ਨੇ ਪੁਲਸ 'ਤੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਸਭ ਤੋਂ ਜ਼ਿਆਦਾ ਪੁਲਸ ਦੇ ਡੰਡੇ ਪਏ।

3 ਵਾਟਰ ਕੈਨਨਾਂ ਦਾ ਪਾਣੀ ਹੋਇਆ ਖਤਮ
ਪੁਲਸ ਵਲੋਂ ਅਕਾਲੀਆਂ ਨੂੰ ਪਿੱਛੇ ਹਟਾਉਣ ਲਈ 3 ਵਾਟਰ ਕੈਨਨਾਂ ਦੀ ਵਰਤੋਂ ਕੀਤੀ ਗਈ। ਹਾਲ ਇਹ ਹੋਇਆ ਕਿ ਅਕਾਲੀ ਤਾਂ ਪਿੱਛੇ ਨਹੀਂ ਹਟੇ ਪਰ 3 ਵਾਟਰ ਕੈਨਾਨਾਂ ਦਾ ਪਾਣੀ ਜ਼ਰੂਰ ਖਤਮ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਦਾ ਸਹਾਰਾ ਲੈਣਾ ਪਿਆ।

ਸੁਖਬੀਰ, ਮਜੀਠੀਆ ਪੁਲਸ ਹਿਰਾਸਤ 'ਚ
ਲਾਠੀਚਾਰਜ ਦੌਰਾਨ ਪੈਦਾ ਹੋਏ ਮਾਹੌਲ ਨੂੰ ਦੇਖਦਿਆਂ ਪੁਲਸ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਸਮੇਤ 9 ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੂੰ ਅਹਿਤਿਆਤ ਦੇ ਤੌਰ 'ਤੇ ਹਿਰਾਸਤ 'ਚ ਲੈ ਲਿਆ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਰੀਰਕ ਨੁਕਸਾਨ ਨਾ ਪੁੱਜੇ। ਪੁਲਸ ਨੇ ਉਕਤ ਆਗੂਆਂ ਨੂੰ ਕਰੀਬ 1.45 'ਤੇ ਹਿਰਾਸਤ 'ਚ ਲਿਆ ਅਤੇ ਬੱਸਾਂ 'ਚ ਬਿਠਾ ਕੇ ਥਾਣੇ ਲੈ ਆਏ। ਇੱਥੇ ਪੌਣੇ ਘੰਟੇ ਦੀ ਕਾਰਵਾਈ ਤੋਂ ਬਾਅਦ ਪੁਲਸ ਨੇ ਸਾਰੇ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿੱਤਾ।

ਸ਼ਰੇਆਮ ਖੁੱਲ੍ਹੇ ਬੋਤਲਾਂ ਦੇ ਡਟ
ਇਸ ਦੌਰਾਨ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ 'ਚੋਂ ਆਏ ਲੋਕਾਂ ਨੇ ਸ਼ਰੇਆਮ ਸੜਕਾਂ 'ਤੇ ਬੈਠ ਕੇ ਸ਼ਰਾਬ ਪੀਤੀ ਅਤੇ ਸ਼ਰਾਬ ਦੇ ਠੇਕੇ ਵੀ ਲੋਕਾਂ ਨਾਲ ਭਰੇ ਹੋਏ ਨਜ਼ਰ ਆਏ। ਹਾਲ ਇਹ ਰਿਹਾ ਕਿ ਸ਼ਰਾਬ ਦੀ ਵਿਕਰੀ ਜ਼ਿਆਦਾ ਦੇਖਦਿਆਂ ਠੇਕੇਦਾਰਾਂ ਨੇ ਸ਼ਰਾਬ ਹੀ ਸਸਤੀ ਕਰ ਦਿੱਤੀ ਅਤੇ ਰੈਲੀ 'ਚ ਆਏ ਲੋਕ ਸ਼ਰਾਬ ਦੇ ਨਸ਼ੇ 'ਚ ਮਸਤ ਹੋਏ ਨਜ਼ਰ ਆਏ।

ਕਈ ਅਕਾਲੀਆਂ ਦੀ ਕੱਟੀਆਂ ਜੇਬਾਂ
ਰੈਲੀ 'ਚ ਆਏ ਕਈ ਅਕਾਲੀਆਂ ਦੀਆਂ ਜੇਬਾਂ ਤੱਕ ਵੀ ਕੱਟੀਆਂ ਗਈਆਂ। ਉਕਤ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੇ ਦੱਸਿਆ ਕਿ ਭੀੜ ਇੰਨੀ ਜ਼ਿਆਦਾ ਸੀ, ਜਿਸ ਦੌਰਾਨ ਉਨ੍ਹਾਂ ਦੀ ਜੇਬਾਂ ਵੀ ਕੱਟ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ।

ਪੁਲਸ ਨੇ ਨਹੀਂ ਛੱਡੀ ਹੰਝੂ ਗੈਸ
ਪੁਲਸ ਨੇ ਅਕਾਲੀਆਂ ਨੂੰ ਵਿਧਾਨ ਸਭਾ ਵਲ ਜਾਣ ਤੋਂ ਰੋਕਣ ਲਈ ਥਾਂ-ਥਾਂ ਬੈਰੀਕੇਡਸ ਲਾਏ ਅਤੇ ਪੁਲਸ ਫੋਰਸ ਨੂੰ ਤਾਇਨਾਤ ਕੀਤਾ। ਪੁਲਸ ਨੇ ਵਾਟਰ ਕੈਨਨ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਵੀ ਲਿਆਂਦੇ ਹੋਏ ਸਨ ਪਰ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਗਈ।
ਲੁਧਿਆਣਾ: ਲੁਟੇਰਿਆਂ ਨੇ ਬੈਂਕ ਬਾਹਰੋਂ ਕੈਸ਼ ਵੈਨ 'ਚੋਂ ਲੁੱਟੇ 15 ਲੱਖ
NEXT STORY