ਅੰਮ੍ਰਿਤਸਰ (ਛੀਨਾ) : ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਾਮਣੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਚੋਣ ਲੜ ਸਕਦੇ ਹਨ। ਇਸ ਸਬੰਧੀ ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਦਿਤੇ ਗਏ ਬਿਆਨ ਨਾਲ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਤਲਬੀਰ ਸਿੰਘ ਗਿੱਲ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ’ਤੇ ਬਦਲਾਖੋਰੀ ਦੀ ਭਾਵਨਾ ਨਾਲ ਝੂਠਾ ਪਰਚਾ ਦਰਜ ਕਰਵਾ ਕੇ ਨਵਜੋਤ ਸਿੱਧੂ ਬਹੁਤ ਆਕੜਿਆ ਫਿਰ ਰਿਹਾ ਹੈ ਪਰ ਛੇਤੀ ਹੀ ਅਰਵਿੰਦ ਕੇਜਰੀਵਾਲ ਵਾਂਗ ਇਹ ਵੀ ਮਜੀਠੀਆ ਕੋਲੋਂ ਮੁਆਫੀ ਮੰਗ ਕੇ ਖਹਿੜਾ ਛਡਾਉਦਾਂ ਹੋਇਆ ਨਜ਼ਰ ਆਵੇਗਾ।
ਗਿੱਲ ਨੇ ਕਿਹਾ ਕਿ ਸਿੱਧੂ ਦਾ ਹੰਕਾਰ ਭੰਨ੍ਹਣ ਲਈ ਬਿਕਰਮ ਸਿੰਘ ਮਜੀਠੀਆ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਚੋਣ ਲੜ ਸਕਦੇ ਹਨ ਜਿਸ ਸਬੰਧੀ ਉਨ੍ਹਾਂ (ਤਲਬੀਰ ਗਿੱਲ) ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਨੇ ਮਜੀਠੀਆ ਨੂੰ ਸਿੱਧੂ ਦੇ ਸਾਮਣੇ ਚੋਣ ਮੈਦਾਨ ’ਚ ਉਤਾਰ ਦਿੱਤਾ ਤਾਂ ਫਿਰ ਲੋਕਾਂ ਦਾ ਫਤਵਾ ਦੱਸੇਗਾ ਕਿ ਉਨ੍ਹਾਂ ਦਾ ਹਰਮਨ ਪਿਆਰਾ ਲੀਡਰ ਕੋਣ ਹੈ, ਝੂਠੇ ਪਰਚੇ ਦਰਜ ਕਰਵਾ ਦੇਣ ਨਾਲ ਕੋਈ ਗੁਨਾਹਗਾਰ ਨਹੀ ਬਣ ਜਾਂਦਾ। ਗਿੱਲ ਨੇ ਕਿਹਾ ਕਿ ਸਾਨੂੰ ਕਾਨੂੰਨ ’ਤੇ ਪੂਰਾ ਭਰੋਸਾ ਹੈ ਬਿਕਰਮ ਸਿੰਘ ਮਜੀਠੀਆ ਛੇਤੀ ਹੀ ਮਾਣਯੋਗ ਅਦਾਲਤ ਤੋਂ ਜ਼ਮਾਨਤ ਹਾਂਸਲ ਕਰਕੇ ਚੋਣ ਮੈਦਾਨ ’ਚ ਆਉਣਗੇ ਤੇ ਕਾਂਗਰਸੀਆ ਨੂੰ ਨਾਨੀ ਚੇਤੇ ਕਰਵਾ ਦੇਣਗੇ।
ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀ ਕੀਤਾ ਗਿਆ ਤੇ ਹੁਣ ਤਲਬੀਰ ਸਿੰਘ ਗਿੱਲ ਵਲੋਂ ਇਸ ਹਲਕੇ ਤੋਂ ਨਵਜੋਤ ਸਿੱਧੂ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੇ ਚੋਣ ਲੜਨ ਸਬੰਧੀ ਦਿੱਤੇ ਬਿਆਨ ਨੂੰ ਜੇਕਰ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਅਮਲੀ ਜਾਮਾ ਪਹਿਨਾ ਦਿੰਦਾ ਹੈ ਤਾਂ 2022 ਦੀਆ ਵਿਧਾਨ ਸਭਾ ਚੋਣਾ ’ਚ ਸਭ ਤੋਂ ਸਖ਼ਤ ਟੱਕਰ ਇਸ ਹਲਕੇ ’ਚ ਹੀ ਦੇਖਣ ਨੂੰ ਮਿਲੇਗੀ।
ਅੰਮ੍ਰਿਤਸਰ : ਉਦਯੋਗਪਤੀ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਹਥਿਆਰ ਸਮੇਤ ਕਾਬੂ
NEXT STORY