ਲੁਧਿਆਣਾ (ਮਹੇਸ਼) : ਸਵਤੰਤਰ ਨਗਰ ਇਲਾਕੇ 'ਚ ਪਾਣੀ ਨੂੰ ਲੈ ਕੇ 2 ਧਿਰਾਂ 'ਚ ਹੋਏ ਝਗੜੇ ਦੌਰਾਨ 28 ਸਾਲਾ ਇਕ ਵਿਆਹੁਤਾ ਨਾਲ ਹੋਈ ਕਥਿਤ ਤੌਰ 'ਤੇ ਕੁੱਟ-ਮਾਰ ਅਤੇ ਛੇੜ-ਛਾੜ ਦੇ ਕੇਸ 'ਚ ਨਵਾਂ ਮੋੜ ਆ ਗਿਆ। ਇਸ ਕੇਸ ਵਿਚ ਨਾਮਜ਼ਦ ਕੀਤੇ ਗਏ ਮੁਲਜ਼ਮ ਅਕਾਲੀ ਨੇਤਾ ਰਣਜੀਤ ਬਜਾਜ ਨੇ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਆਪਣੇ ਸੈਂਕੜੇ ਹਮਾਇਤੀਆਂ ਨਾਲ ਟਿੱਬਾ ਥਾਣੇ ਦਾ ਘਿਰਾਓ ਕੀਤਾ। ਇਸ ਦੌਰਾਨ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਵੀ ਮੌਜੂਦ ਰਹੇ। ਬਜਾਜ ਦਾ ਦੋਸ਼ ਹੈ ਕਿ ਸਿਆਸੀ ਦਬਾਅ ਕਾਰਨ ਉਸ ਨੂੰ ਝੂਠੇ ਕੇਸ 'ਚ ਫਸਾਇਆ ਗਿਆ ਹੈ। ਟਿੱਬਾ ਪੁਲਸ ਇਕ ਕਾਂਗਰਸੀ ਵਿਧਾਇਕ ਦੀ ਕਠਪੁਤਲੀ ਬਣੀ ਹੋਈ ਹੈ। ਉਸ ਦਾ ਮੁਖੀ ਸਬ ਇੰਸਪੈਕਟਰ ਸੁਖਦੇਵ ਰਾਜ ਉਸੇ ਵਿਧਾਇਕ ਦੇ ਇਸ਼ਾਰੇ 'ਤੇ ਲੋਕਤੰਤਰ ਦਾ ਸ਼ਰੇਆਮ ਕਤਲ ਕਰ ਰਿਹਾ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਇਹ ਝੂਠਾ ਕੇਸ ਰੱਦ ਨਾ ਕੀਤਾ ਗਿਆ ਤਾਂ ਅਕਾਲੀ ਵਰਕਰ ਪੁਲਸ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕਰਨਗੇ।
ਕਰੀਬ 2 ਘੰਟੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਵਿਚ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਔਰਤਾਂ ਨੇ ਪੁਲਸ ਦਾ ਸਿਆਪਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਏਜੰਟ ਬਣੀ ਪੁਲਸ ਅਕਾਲੀ ਦਲ ਦੇ ਸਰਗਰਮ ਵਰਕਰਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਅਜਿਹੇ ਕੇਸ ਹੋ ਚੁੱਕੇ ਹਨ। ਬਜਾਜ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਵਿਚ ਸਵੇਰੇ ਕਰੀਬ 6.30 ਵਜੇ ਜਦੋਂ ਝਗੜਾ ਹੋਇਆ ਤਾਂ ਮੈਂ ਆਪਣੇ ਘਰ ਸੌਂ ਰਿਹਾ ਸੀ। ਮੈਨੂੰ ਮੀਡੀਆ ਤੋਂ ਪਤਾ ਲੱਗਾ ਕਿ ਮੈਂ ਇਕ ਔਰਤ ਨਾਲ ਕੁੱਟ-ਮਾਰ ਕੀਤੀ ਹੈ। ਔਰਤ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ ਹੈ। ਇਹ ਸੁਣ ਕੇ ਮੈਂ ਚਿੰਤਾ ਵਿਚ ਆ ਗਿਆ। ਮੈਂ ਸੁਖਦੇਵ ਰਾਜ ਨਾਲ ਫੋਨ 'ਤੇ ਗੱਲ ਕੀਤੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਪੁਲਸ ਕੋਲ ਨਹੀਂ ਹੈ। ਜਦੋਂ ਥਾਣੇ ਤੋਂ ਕੋਈ ਬੁਲਾਵਾ ਆਵੇ ਤਾਂ ਉਹ ਟੈਨਸ਼ਨ ਨਾ ਲੈਣ।
ਇਹ ਵੀ ਪੜ੍ਹੋ ► ਮੂੰਹ ਬੋਲੀ ਭੈਣ ਦਾ ਬਚਾਅ ਕਰਨਾ ਭਰਾ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
ਫਿਰ ਮੀਡੀਆ ਵਾਲਿਆਂ ਦਾ ਫੋਨ ਆਇਆ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਮੇਰੇ 'ਤੇ ਪਰਚਾ ਦਰਜ ਹੋ ਚੁੱਕਾ ਹੈ। ਮੈਂ ਫੌਰਨ ਜ਼ਿਲਾ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਥਾਣੇ ਪੁੱਜਾ ਤਾਂ ਥਾਣੇ ਵਿਚ ਮੌਜੂਦ ਮੁਲਾਜ਼ਮਾਂ ਨੇ ਮੈਨੂੰ ਦੱਸਿਆ ਕਿ ਕੇਸ ਵਿਚ ਨਾਂ ਪਾਉਣ ਲਈ ਪੁਲਸ 'ਤੇ ਬੇਹੱਦ ਦਬਾਅ ਸੀ ਪਰ ਉਹ ਫਿਕਰ ਨਾ ਕਰਨ, ਗ੍ਰਿਫਤਾਰੀ ਨਹੀਂ ਹੋਵੇਗੀ। ਮੈਂ ਸੁਖਦੇਵ ਰਾਜ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਔਰਤ ਨੇ ਆਪਣੇ ਬਿਆਨਾਂ ਵਿਚ ਉਸ ਦਾ ਨਾਂ ਲਿਖਵਾਇਆ ਹੈ ਅਤੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਗਿਆ ਹੈ। ਜਦੋਂ ਮੈਂ ਜਾਂਚ ਸਬੰਧੀ ਉਸ ਨੂੰ ਕੁਝ ਸਵਾਲ ਕੀਤੇ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਉਹ ਗੱਡੀ ਚੁੱਕ ਕੇ ਥਾਣਿਓਂ ਚਲਾ ਗਿਆ। ਬਜਾਜ ਦਾ ਕਹਿਣਾ ਹੈ ਕਿ ਜਿਸ ਔਰਤ ਦੇ ਬਿਆਨ 'ਤੇ ਇਹ ਪਰਚਾ ਦਰਜ ਕੀਤਾ ਗਿਆ ਹੈ, ਉਸ ਦੇ ਪਤੀ ਦੇ ਨਾਲ ਮੇਰੀ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ। ਉਹ ਕਾਂਗਰਸੀ ਵਿਧਾਇਕ ਦਾ ਪਿੱਠੂ ਹੈ ਅਤੇ ਉਸੇ ਕਾਂਗਰਸੀ ਵਿਧਾਇਕ ਦੇ ਇਸ਼ਾਰੇ 'ਤੇ ਮੇਰੇ 'ਤੇ ਘਰ ਬੈਠੇ ਬਿਠਾਏ ਪਰਚਾ ਕਰ ਦਿੱਤਾ ਗਿਆ ਹੈ।
ਜਾਂਚ ਤੋਂ ਬਾਅਦ ਗ੍ਰਿਫਤਾਰੀ
ਥਾਣਾ ਮੁਖੀ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਕੇਸ ਰੱਦ ਕਰਨ ਲਈ ਉਨ੍ਹਾਂ ਨੇ ਕਿਸੇ ਨੂੰ ਵੀ 2 ਦਿਨ ਦਾ ਸਮਾਂ ਨਹੀਂ ਦਿੱਤਾ। ਔਰਤ ਦੇ ਬਿਆਨ 'ਤੇ ਕੇਸ ਦਰਜ ਕੀਤਾ ਗਿਆ। ਉਹ ਕਿਸੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ। ਉਹ ਕਾਨੂੰਨੀ ਦਾਇਰੇ ਵਿਚ ਰਹਿ ਕੇ ਆਪਣੀ ਡਿਊਟੀ ਦੇ ਰਹੇ ਹਨ। ਜਾਂਚ ਮੁਕੰਮਲ ਹੋਣ ਉਪਰੰਤ ਕਸੂਰਵਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ।
ਸਰਕਾਰ ਦੀਆਂ ਅਜਿਹੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਅਕਾਲੀ ਵਰਕਰ : ਢਿੱਲੋਂ
ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬਜਾਜ ਉਨ੍ਹਾਂ ਦੀ ਪਾਰਟੀ ਦਾ ਸਰਗਰਮ ਅਤੇ ਨਿਡਰ ਵਰਕਰ ਹੈ, ਜੋ ਸੋਸ਼ਲ ਮੀਡੀਆ 'ਤੇ ਮੌਜੂਦਾ ਸਰਕਾਰ ਦੀਆਂ ਖਾਮੀਆਂ ਉਜਾਗਰ ਕਰਦਾ ਰਹਿੰਦਾ ਹੈ ਜਿਸ ਕਾਰਨ ਉਹ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ। ਬਜਾਜ ਦੀ ਇਸ ਕੇਸ ਵਿਚ ਕੋਈ ਭੂਮਿਕਾ ਨਹੀਂ ਹੈ। ਉਸ ਨੂੰ ਇਕ ਸਾਜ਼ਿਸ਼ ਤਹਿਤ ਝੂਠਾ ਫਸਾਇਆ ਗਿਆ ਹੈ। ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਅਜਿਹੀਆਂ ਹਰਕਤਾਂ ਤੋਂ ਅਕਾਲੀ ਵਰਕਰ ਡਰਨ ਵਾਲੇ ਨਹੀਂ। ਉਨ੍ਹਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਝੂਠਾ ਪਰਚਾ ਰੱਦ ਨਹੀਂ ਕੀਤਾ ਜਾਂਦਾ।
ਇਹ ਵੀ ਪੜ੍ਹੋ ► ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ
ਖੁਦਕੁਸ਼ੀ ਕਰਨ ਤੋਂ ਪਹਿਲਾਂ ਮੁੰਡੇ ਨੇ ਬਣਾਈ ਵੀਡੀਓ, ਪੁਲਸ ਮੁਲਾਜ਼ਮਾਂ ਦੀ ਦੱਸੀ ਕਰਤੂਤ
NEXT STORY