ਸਮਰਾਲਾ (ਗਰਗ, ਬੰਗੜ) : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੋਣਾਂ ਤੋਂ ਪਹਿਲਾ ਹੀ ਜਿਸ ਤਰ੍ਹਾਂ ਹਰ ਹਲਕੇ ਅੰਦਰ ਪਾਰਟੀ ਅੰਦਰ ਉੱਠ ਰਹੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੇ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਬੀਤੇ ਦਿਨ ਹੀ ਸੁਖਬੀਰ ਬਾਦਲ ਵੱਲੋਂ ਹਲਕਾ ਸਮਰਾਲਾ ਦੇ ਟਕਸਾਲੀ ਅਕਾਲੀ ਆਗੂਆਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਨਵੇਂ ਚਿਹਰੇ ਪਰਮਜੀਤ ਸਿੰਘ ਢਿੱਲੋਂ ਨੂੰ ਇੱਥੋਂ ਨਵਾਂ ਹਲਕਾ ਇੰਚਾਰਜ ਲਾਏ ਜਾਣ ਦਾ ਫ਼ੈਸਲਾ ਹੁਣ ਪਾਰਟੀ ’ਤੇ ਭਾਰੀ ਪੈਂਦਾ ਵਿਖਾਈ ਦੇ ਰਿਹਾ ਹੈ। ਸ਼ਨੀਵਾਰ ਨੂੰ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਲੋਪੋਂ ਦੀ ਅਗਵਾਈ ’ਚ ਹਲਕੇ ਦੇ 70 ਤੋਂ ਵੱਧ ਅਹੁਦੇਦਾਰਾਂ ਵੱਲੋਂ ਪ੍ਰੈਸ ਕਾਨਫ਼ੰਰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਲਾਏ ਜਾਣ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਪਾਰਟੀ ਨੂੰ ਆਪਣਾ ਇਹ ਫ਼ੈਸਲਾ ਬਦਲਣ ਲਈ 10 ਦਿਨਾਂ ਦਾ ਅਲਟੀਮੇਟ ਤੱਕ ਦੇ ਦਿੱਤਾ ਹੈ। ਇਨ੍ਹਾਂ ਸਾਰੇ ਆਗੂਆਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਹੈ ਕਿ ਜੇਕਰ ਪਾਰਟੀ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਨਹੀਂ ਕਰਦੀ ਤਾਂ ਉਹ ਪਾਰਟੀ ਛੱਡਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ
ਇਸ ਪ੍ਰੈਸ ਕਾਨਫੰਰਸ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਦੋਸ਼ ਲਗਾਇਆ ਕਿ ਪਾਰਟੀ ਲਈ ਤਿੰਨ-ਤਿੰਨ ਪੀੜ੍ਹੀਆਂ ਤੋਂ ਵਫ਼ਾਦਾਰੀ ਨਿਭਾਉਂਦੇ ਆ ਰਹੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਖੁੱਡੇ ਲਾ ਕੇ ਜਿਸ ਤਰ੍ਹਾਂ ਦਲ-ਬਦਲੂਆਂ ਅਤੇ ਅਮੀਰ ਘਰਾਣਿਆਂ ਨੂੰ ਅੱਗੇ ਲਿਆਇਆ ਜਾ ਰਿਹਾ ਹੈ, ਉਸ ਨੇ ਹਲਕੇ ਦੇ ਹਰ ਅਕਾਲੀ ਪਰਿਵਾਰ ਦੇ ਮਨ ’ਤੇ ਡੂੰਘੀ ਸੱਟ ਮਾਰੀ ਹੈ। ਉਨ੍ਹਾਂ ਪਾਰਟੀ ਨੂੰ ਆਪਣਾ ਫ਼ੈਸਲਾ ਬਦਲਣ ਲਈ 10 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਇੱਥੋਂ ਤੱਕ ਆਖ ਦਿੱਤਾ ਕਿ ਉਹ ਵਰਕਰਾਂ ਦੀ ਮਰਜ਼ੀ 'ਤੇ ਪਾਰਟੀ ਤੋਂ ਖ਼ਿਲਾਫ਼ ਹੋ ਕੇ ਮੈਦਾਨੇ-ਏ-ਜੰਗ ਵਿੱਚ ਉਤਰਨ ਲਈ ਤਿਆਰ-ਬਰ-ਤਿਆਰ ਹਨ। ਖੀਰਨੀਆਂ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਅਤੇ ਖ਼ੁਦ ਉਨ੍ਹਾਂ ਨੇ ਪਾਰਟੀ ਲਈ ਜੇਲ੍ਹਾਂ ਵੀ ਕੱਟੀਆਂ ਹਨ ਪਰ ਹੁਣ ਪੈਸੇ ਵਾਲੇ ਵਿਅਕਤੀ ਨੂੰ ਅੱਗੇ ਲਿਆ ਕੇ ਪਾਰਟੀ ਨੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਵੀ ਮਿੱਟੀ ਵਿੱਚ ਰੋਲ੍ਹ ਦਿੱਤਾ ਹੈ। ਉਨ੍ਹਾਂ ਭਰੇ ਮਨ ਨਾਲ ਪਾਰਟੀ ਪ੍ਰਤੀ ਗੁੱਸਾ ਜ਼ਾਹਰ ਕਰਦੇ ਹੋਏ ਇੱਥੋਂ ਤੱਕ ਵੀ ਆਖ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਪਾਰਟੀਆਂ ਸਮਰਾਲਾ ਹਲਕੇ ’ਚ ਜਿਸ ਤਰ੍ਹਾਂ ਨਾਲ ਇੱਕੋ ਢਿੱਲੋਂ ਪਰਿਵਾਰ ਨੂੰ ਅੱਗੇ ਲਿਆ ਰਹੀਆਂ ਹਨ, ਇਹ ਹਲਕੇ ਦੇ ਆਮ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ, ਜਿਸ ਨੂੰ ਇੱਥੋਂ ਦੇ ਲੋਕ ਕਿਸੇ ਕੀਮਤ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ : 'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਲੋਪੋਂ ਨੇ ਪ੍ਰੈਸ ਕਾਨਫੰਰਸ ਦੌਰਾਨ ਤਿੱਖੇ ਤੇਵਰ ਵਿਖਾਉਂਦੇ ਹੋਏ ਕਿਹਾ ਕਿ ਸਾਡੀਆਂ ਤਿੰਨ ਪੀੜ੍ਹੀਆਂ ਅਕਾਲੀ ਦਲ ਲਈ ਕੁਰਬਾਨੀਆਂ ਦਿੰਦੀਆਂ ਰਹਿ ਗਈਆਂ ਅਤੇ ਪਾਰਟੀ ਨੇ ਕਈ ਪਾਰਟੀਆਂ ਬਦਲਣ ਵਾਲੇ ਇਕ ਬਹੁਤ ਹੀ ਜੂਨੀਅਰ ਵਿਅਕਤੀ ਨੂੰ ਹਲਕੇ ਦੇ ਟਕਸਾਲੀ ਅਕਾਲੀ ਆਗੂਆਂ ਦੇ ਸਿਰ ’ਤੇ ਲਿਆ ਕੇ ਬਿਠਾ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਟਕਸਾਲੀ ਹੋਣ ਦਾ ਮਤਲਬ ਹੀ ਦਲ ਬਦਲੂ ਰਹਿ ਗਿਆ ਹੈ ਤਾਂ ਪਾਰਟੀ ਨੂੰ ਡੁੱਬਣ ਤੋਂ ਕੋਈ ਨਹੀਂ ਬਚਾ ਸਕਦਾ। ਉਨ੍ਹਾਂ ਇਸ ਹਲਕੇ ਦੇ ਅਕਾਲੀ ਆਗੂਆਂ ਦੀ ਰਾਏ ਤੋਂ ਬਿਨਾਂ ਹੀ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਥਾਪੇ ਜਾਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਅਸੀਂ ਸਮੁੱਚੀ ਜੱਥੇਬੰਦੀ ਪਾਰਟੀ ਪ੍ਰਧਾਨ ਨੂੰ 10 ਦਿਨਾਂ ਦਾ ਅਲਟੀਮੇਟਮ ਇਸ ਲਈ ਦੇ ਰਹੇ ਹਾਂ ਤਾਂ ਜੋ ਹਲਕੇ ’ਚ ਅਕਾਲੀ ਦਲ ਦੀਆਂ ਜੜ੍ਹਾਂ ਖ਼ਤਮ ਹੋਣ ਤੋਂ ਬਚਾਈਆਂ ਜਾ ਸਕਣ ਪਰ ਜੇਕਰ ਸੁਖਬੀਰ ਸਿੰਘ ਬਾਦਲ ਨੇ ਹੁਣ ਵੀ ਇੱਥੋਂ ਦੇ ਅਕਾਲੀ ਵਰਕਰਾਂ ਦੇ ਜਜ਼ਬਾਤਾਂ ਦੀ ਕੀਮਤ ਨਾ ਸਮਝੀ ਤਾਂ ਅਸੀਂ ਅਸਤੀਫ਼ੇ ਦੇਣ ਲਈ ਤਿਆਰ ਹਾਂ। ਇਸ ਮੌਕੇ ਹਾਜ਼ਰ ਕਈ ਬਲਾਕ ਸੰਮਤੀ ਮੈਂਬਰਾਂ ਅਤੇ ਕੌਂਸਲਰਾਂ ਨੇ ਵੀ ਪਾਰਟੀ ਵੱਲੋਂ ਢਿੱਲੋਂ ਨੂੰ ਹਲਕਾ ਇੰਚਾਰਜ ਲਾਏ ਜਾਣ ਦੇ ਫ਼ੈਸਲੇ ਦਾ ਵੱਡਾ ਵਿਰੋਧ ਕਰਦਿਆਂ ਪਾਰਟੀ ਤੋਂ ਅਸਤੀਫ਼ੇ ਦੇਣ ਦੀ ਗੱਲ ਆਖਦੇ ਹੋਏ ਪਾਰਟੀ ਨੂੰ ਆਪਣਾ ਫ਼ੈਸਲਾ ਬਦਲਣ ਲਈ ਕਿਹਾ।
ਇਹ ਵੀ ਪੜ੍ਹੋ : ਚਾਰ ਭੈਣ-ਭਰਾਵਾਂ ਦੀ ਮੌਤ ਨੇ ਖ਼ਾਲੀ ਕੀਤਾ ਭਰਿਆ ਪਰਿਵਾਰ, ਬਚਾਉਣ ਗਿਆ ਨੌਜਵਾਨ ਵੀ ਛੱਪੜ 'ਚ ਡੁੱਬਾ (ਤਸਵੀਰਾਂ)
ਅਗਲੇ ਫੈਸਲੇ ਲਈ 11 ਮੈਂਬਰੀ ਕਮੇਟੀ ਗਠਿਤ
ਅੱਜ ਇਥੇ ਸ਼੍ਰੋਮਣੀ ਅਕਾਲੀ ਦੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਹੋਈ ਅਹਿਮ ਮੀਟਿੰਗ ਵਿੱਚ 11 ਮੈਂਬਰੀ ਕਮੇਟੀ ਦਾ ਗਠਨ ਕਰਦੇ ਹੋਏ ਫ਼ੈਸਲਾ ਲਿਆ ਗਿਆ ਕਿ ਜੇਕਰ ਪਾਰਟੀ ਨੇ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਲਾਉਣ ਦੇ ਆਪਣੇ ਫ਼ੈਸਲੇ ਨੂੰ ਨਾ ਬਦਲਿਆ ਤਾਂ 25 ਮਈ ਨੂੰ ਮੁੜ ਮੀਟਿੰਗ ਕਰਕੇ ਬਹੁਤ ਵੱਡਾ ਫ਼ੈਸਲਾ ਹਲਕੇ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਿਆ ਜਾਵੇਗਾ। ਇਹ ਫ਼ੈਸਲੇ ਕਿਸ ਤਰ੍ਹਾਂ ਦੇ ਹੋਣਗੇ ਅਤੇ ਅਗਲੀ ਰਣਨੀਤੀ ਕੀ ਹੋਵੇਗੀ, ਇਸ ਦੇ ਲਈ ਅੱਜ ਗਠਿਤ ਕੀਤੀ ਕਮੇਟੀ ਨੂੰ ਸਾਰੇ ਅਧਿਕਾਰ ਸੌਂਪੇ ਗਏ ਹਨ। ਇਹ ਕਮੇਟੀ ਹੀ ਹੁਣ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਰਕਰਾਂ ਦੀ ਰਾਏ ਜਾਣਨ ਉਪਰੰਤ ਅਗਲਾ ਫ਼ੈਸਲਾ ਐਲਾਨੇਗੀ।
ਬੀਬੀ ਖੀਰਨੀਆਂ ਪਾਰਟੀ ਛੱਡਣ ਦੇ ਨਾਂ ’ਤੇ ਜਜ਼ਬਾਤੀ ਹੋ ਗਈ
ਇਸ ਪ੍ਰੈਸ ਕਾਨਫੰਰਸ ਦੌਰਾਨ ਹਾਜ਼ਰ ਇਸਤਰੀ ਅਕਾਲੀ ਦਲ ਦੀ ਕੌਮੀ ਜਨਰਲ ਸਕੱਤਰ ਬੀਬੀ ਬਲਜਿੰਦਰ ਕੌਰ ਖੀਰਨੀਆਂ ਤੋਂ ਜਦੋਂ ਕੁੱਝ ਪੱਤਰਕਾਰਾਂ ਨੇ ਪਾਰਟੀ ਛੱਡਣ ਬਾਰੇ ਸਵਾਲ ਪੁੱਛਿਆ ਤਾਂ ਉਹ ਇਕਦਮ ਜਜ਼ਬਾਤੀ ਹੋ ਗਏ ਅਤੇ ਪਾਰਟੀ ਛੱਡਣ ਦੇ ਨਾਂ ’ਤੇ ਗੱਲ ਕਰਦੇ ਹੋਏ ਉਨ੍ਹਾਂ ਦਾ ਗਲਾ ਵੀ ਭਰ ਆਇਆ। ਉਨ੍ਹਾਂ ਆਖਿਆ ਕਿ ਮਾਂ ਪਾਰਟੀ ਨੂੰ ਛੱਡਣਾ ਬਹੁਤ ਔਖਾ ਫ਼ੈਸਲਾ ਹੁੰਦਾ ਹੈ, ਪਰ ਪਾਰਟੀ ਨੇ ਹੁਣ ਉਨ੍ਹਾਂ ਲਈ ਕੋਈ ਦੂਜਾ ਬਦਲ ਹੀ ਨਹੀਂ ਛੱਡਿਆ ਹੈ। ਉਨ੍ਹਾਂ ਆਪਣੇ ਪਰਿਵਾਰ ਦੀ ਪਾਰਟੀ ਪ੍ਰਤੀ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਆਖਿਆ ਕਿ ਹਰ ਔਖੀ ਤੋਂ ਔਖੀ ਘੜੀ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਨਾਲ ਥੰਮ ਬਣ ਕੇ ਸਾਥ ਦਿੱਤਾ ਪਰ ਅੱਜ ਹਾਲਾਤ ਇਹ ਹੋ ਗਏ ਹਨ ਕਿ ਪਾਰਟੀ ਲਈ ਕੁਰਬਾਨੀ ਦੇਣ ਵਾਲਿਆ ਦੀ ਬਜਾਏ ਸਿਰਫ ਪੈਸੇ ਵਾਲੇ ਦੀ ਹੀ ਪੁੱਛ ਰਹਿ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਮਨਜਿੰਦਰ ਸਿਰਸਾ ’ਤੇ ਜਾਗੋ ਪਾਰਟੀ ਦਾ ਸਖ਼ਤ ਐਕਸ਼ਨ, ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰੇਗੀ ਸ਼ਿਕਾਇਤ
NEXT STORY