ਮੋਗਾ (ਗੋਪੀ) : ਸ਼ਰਾਬ ਦੇ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਆਪਣੀ ਸੁੱਤੀ ਪਈ ਪਤਨੀ ਦੇ ਸਿਰ ’ਤੇ ਕਾਪੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਗੰਭੀਰ ਹਾਲਤ ਵਿਚ ਪੀੜਤਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਡਾਕਟਰਾਂ ਵਲੋਂ 90 ਟਾਂਕੇ ਲਗਾਏ ਗਏ ਹਨ। ਪੁਲਸ ਨੇ ਜ਼ਖ਼ਮੀ ਪਤਨੀ ਦੇ ਬਿਆਨਾਂ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਲੰਡੇਕੇ ਦੀ ਵਸਨੀਕ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਜੰਟ ਸਿੰਘ ਅਤੇ ਮਾਤਾ ਰਣਜੀਤ ਕੌਰ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਇਸ ਲਈ ਉਸ ਦਾ ਵਿਆਹ 15 ਸਾਲ ਦੀ ਉਮਰ ਵਿਚ ਉਸ ਦੇ ਰਿਸ਼ਤੇਦਾਰਾਂ ਵੱਲੋਂ ਪਿੰਡ ਮੱਦੋਕੇ ਦੇ ਅਮਨਦੀਪ ਸਿੰਘ ਨਾਲ ਕਰ ਦਿੱਤਾ ਗਿਆ ਸੀ। ਵਿਆਹ ਤੋਂ ਬਾਅਦ ਉਸ ਦੇ 2 ਬੱਚੇ ਹੋਏ। ਪਤੀ ਮਜ਼ਦੂਰੀ ਕਰਦਾ ਸੀ ਜਦਕਿ ਉਹ ਦਿਹਾੜੀ ਕਰਨ ਤੋਂ ਇਲਾਵਾ ਲੋਕਾਂ ਦੇ ਘਰਾਂ ਵਿਚ ਵੀ ਕੰਮ ਕਰਦੀ ਹੈ। ਉਕਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਪਤੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਤਾਂ ਉਹ ਆਪਣੀ ਕਮਾਈ ਨਾਲ ਹੀ ਸ਼ਰਾਬ ਪੀਂਦਾ ਸੀ ਅਤੇ ਨਸ਼ੇ ਦੇ ਟੀਕੇ ਲਗਾਉਂਦਾ ਸੀ। ਹੌਲੀ-ਹੌਲੀ ਉਸ ਦਾ ਨਸ਼ਾ ਹੋਰ ਵੱਧ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ
ਆਪਣੀ ਕਮਾਈ ਦੇ ਨਾਲ ਉਹ ਉਸ ਦੇ ਪੈਸੇ ਖੋਹ ਕੇ ਵੀ ਨਸ਼ਾ ਕਰਨ ਲੱਗ ਗਿਆ। ਇਸ ਦੌਰਾਨ ਜਦੋਂ ਉਹ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਦੀ ਤਾਂ ਉਹ ਉਸ ਦੀ ਕੁੱਟਮਾਰ ਕਰਦਾ ਅਤੇ ਜ਼ਬਰਦਸਤੀ ਪੈਸੇ ਖੋਹ ਲੈਂਦਾ। ਪੀੜਤਾ ਨੇ ਕਿਹਾ ਕਿ 20 ਜੁਲਾਈ ਦੀ ਰਾਤ ਲਗਭਗ 1.30 ਵਜੇ ਪਤੀ ਨਸ਼ੇ ਦੀ ਹਾਲਤ ’ਚ ਘਰ ਆਇਆ ਅਤੇ ਉਸ ’ਤੇ ਸੁੱਤੀ ਪਈ ਦੇ ਸਿਰ ਅਤੇ ਬਾਂਹ ’ਤੇ ਕਾਪੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਨੇੜੇ ਰਹਿੰਦੇ ਰਿਸ਼ਤੇਦਾਰ ਤੇਜ਼ੀ ਨਾਲ ਆਏ ਅਤੇ ਉਸ ਨੂੰ ਪਤੀ ਤੋਂ ਬਚਾ ਕੇ ਘਰੋਂ ਬਾਹਰ ਲੈ ਗਏ। ਗੰਭੀਰ ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇਣ 'ਤੇ 28 ਜੁਲਾਈ ਨੂੰ ਪਤੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ। ਪੀੜਤਾ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਪਤੀ ਅਤੇ ਸਹੁਰੇ ਘਰ ਨਹੀਂ ਪਰਤੇਗੀ ਅਤੇ ਆਪਣੇ ਪੇਕੇ ਘਰ ਰਹਿ ਕੇ ਹੀ ਮਜ਼ਦੂਰੀ ਕਰਕੇ ਆਪਣੇ ਦੋਵੇਂ ਬੱਚਿਆਂ ਦਾ ਪਾਲਣ-ਪੋਸ਼ਣ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਏ. ਐੱਸ. ਆਈ. ਦੇ ਪੁੱਤ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਕਾਰਨਾਮਾ ਸੁਣ ਹੋਵੋਗੇ ਹੈਰਾਨ
ਗੁਰੂ ਨਗਰੀ ਅੰਮ੍ਰਿਤਸਰ 'ਚ ਇਸ ਬੀਮਾਰੀ ਕਾਰਨ ਦਹਿਸ਼ਤ 'ਚ ਲੋਕ, ਤੁਸੀਂ ਵੀ ਜਾਣ ਲਓ ਲੱਛਣ
NEXT STORY