ਲੁਧਿਆਣਾ(ਰਿਸ਼ੀ)-15 ਸਾਲਾਂ ਤੋਂ ਸ਼ਹਿਰ 'ਚ ਬੇਖੌਫ਼ ਹੋ ਕੇ ਸ਼ਰਾਬ ਵੇਚ ਰਿਹਾ ਇਕ ਸਮੱਗਲਰ ਅੱਜ ਤੱਕ ਪੁਲਸ ਦੇ ਹੱਥੇ ਨਹੀਂ ਚੜ੍ਹ ਸਕਿਆ। ਸੋਮਵਾਰ ਨੂੰ ਉਸ ਨੂੰ ਫੜਨ ਲਈ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਨਾਕਾ ਲਾਇਆ ਤਾਂ ਉਹ ਕਾਰ 'ਚ ਸ਼ਰਾਬ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਸਕੌਡਾ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 39 ਪੇਟੀਆਂ ਬਰਾਮਦ ਕਰ ਕੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਐੱਸ. ਆਈ. ਸੁਰਿੰਦਰ ਚੋਪੜਾ ਅਨੁਸਾਰ ਸ਼ਰਾਬ ਸਮੱਗਲਰ ਦੀ ਪਛਾਣ ਨਵਦੀਪ ਸਿੰਘ ਨਿਵਾਸੀ ਖੰਨਾ ਦੇ ਤੌਰ 'ਤੇ ਹੋਈ ਹੈ, ਜੋ ਕਿ ਮਾਧੋਪੁਰੀ ਵਿਚ ਕਿਸੇ ਦੇ ਘਰ ਵਿਚ ਰਹਿੰਦਾ ਹੈ ਅਤੇ 15 ਸਾਲਾਂ ਤੋਂ ਸ਼ਰਾਬ ਦੀ ਸਮੱਗਲਿੰਗ ਕਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤਕ ਕਿਸੇ ਵੀ ਸੈੱਲ ਜਾਂ ਥਾਣੇ ਦੀ ਪੁਲਸ ਇਸ ਨੂੰ ਫੜ ਨਹੀਂ ਸਕੀ। ਸੋਮਵਾਰ ਰਾਤ ਲਗਭਗ 1.30 ਵਜੇ ਘਾਟੀ ਮੁਹੱਲੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਕਾਰ ਸਵਾਰ ਉਕਤ ਸਮੱਗਲਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪੁਲਸ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਿਆ।
ਚੰਡੀਗੜ੍ਹ ਤੋਂ ਲਿਆਉਂਦੈ ਸ਼ਰਾਬ, ਕਾਰ ਅਤੇ ਮੋਟਰਸਾਈਕਲ ਕਰਦੇ ਨੇ ਐਸਕਾਰਟ
ਸਮੱਗਲਰ ਇਸ ਹੱਦ ਤੱਕ ਚਲਾਕ ਹੈ ਕਿ ਉਹ ਰਾਤ ਦੇ ਹਨੇਰੇ ਵਿਚ ਹੀ ਸ਼ਰਾਬ ਦੀ ਸਮੱਗਲਿੰਗ ਕਰਦਾ ਹੈ ਤਾਂ ਕਿ ਪੁਲਸ ਉਸ ਤਕ ਪਹੁੰਚ ਨਾ ਸਕੇ। ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਜਦੋਂ ਉਹ ਨਿਕਲਦਾ ਹੈ ਤਾਂ ਉਸ ਦੇ ਅੱਗੇ ਇਕ ਸਵਿਫਟ ਕਾਰ ਅਤੇ ਮੋਟਰਸਾਈਕਲ ਉਸ ਨੂੰ ਐਸਕਾਰਟ ਕਰਦੇ ਹਨ ਤਾਂ ਕਿ ਪੁਲਸ ਨਾਕੇ ਬਾਰੇ ਪਤਾ ਲਗ ਸਕੇ। ਪੁਲਸ ਅਨੁਸਾਰ ਕਾਰ ਨੂੰ ਉਸ ਦਾ ਡਰਾਈਵਰ ਚਲਾਉਂਦਾ ਹੈ। ਸੋਮਵਾਰ ਨੂੰ ਉਕਤ ਸਮੱਗਲਰ ਘਾਟੀ ਮੁਹੱਲੇ ਅਤੇ ਕਿਲਾ ਮੁਹੱਲੇ 'ਚ ਸ਼ਰਾਬ ਦੀ ਸਪਲਾਈ ਕਰਨ ਆਇਆ ਸੀ।
12 ਲੋਕ ਹੋਣਗੇ ਨਾਮਜ਼ਦ
ਥਾਣਾ ਇੰਚਾਰਜ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਮੋਟਰਸਾਈਕਲ ਸਵਾਰ ਲੜਕਾ ਘਾਟੀ ਮੁਹੱਲੇ ਦਾ ਹੀ ਹੈ। ਇਸ ਦੇ ਨਾਲ ਕੁੱਲ ਇਸ ਖੇਡ ਵਿਚ 12 ਲੋਕ ਹਨ, ਪੁਲਸ ਸਾਰਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਾਮਜ਼ਦ ਕਰ ਰਹੀ ਹੈ।
ਕੈਲਗਿਰੀ 'ਚ ਢੱਡਰੀਆਂ ਵਾਲਿਆਂ ਦੇ ਦਿਵਾਨਾਂ ਦਾ ਵਿਰੋਧ
NEXT STORY