ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ 'ਚ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਕਾਮਰੇਡ ਹਰਬਿੰਦਰ ਸਿੰਘ ਸ਼ੇਰੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾਈ ਉਪ ਪ੍ਰਧਾਨ ਕਾਮਰੇਡ ਹਰੀ ਰਾਮ ਚੱਕ ਸ਼ੇਰੇਵਾਲਾ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਦੋਨੋਂ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਆਮ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਜਦੋਂ ਕਿ ਪੂੰਜੀਪਤੀਆਂ ਨੂੰ ਫਾਇਦਾ ਪਹੁੰਚ ਰਿਹਾ ਹੈ। ਕਿਸਾਨ ਸੰਕਟ ਵੀ ਦਿਨ -ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਦਾ ਪ੍ਰਭਾਵ ਪਿੰਡਾਂ ਦੇ ਮਜ਼ਦੂਰਾਂ 'ਤੇ ਵੀ ਪੈ ਰਿਹਾ ਹੈ। ਕੰਮ ਖਤਮ ਹੁੰਦਾ ਜਾ ਰਿਹਾ ਹੈ ਜਦਕਿ ਉਜ਼ਰਤ 'ਚ ਵਾਧਾ ਨਹੀਂ ਹੋ ਰਿਹਾ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮ ਹੋਣ 'ਤੇ ਵੀ ਬਰਾਬਰ ਕੰਮ ਬਰਾਬਰ ਤਨਖਾਹ ਨਹੀਂ ਦਿੱਤੀ ਜਾ ਰਹੀ। ਪੜੇ -ਲਿਖਿਆ ਲਈ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਕੈਪਟਨ ਸਰਕਾਰ ਨੇ ਪਹਿਲਾ ਨੌਕਰੀ ਦੇਣ ਅਤੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਧਰ ਇਸ ਵਾਰ ਕੇਂਦਰ ਸਰਕਾਰ ਨੇ ਆਪਣੇ ਆਮ ਬਜਟ 'ਚ ਵੀ ਮਜ਼ਦੂਰਾਂ ਲਈ ਕੁਝ ਵੀ ਨਹੀਂ ਰੱਖਿਆ ਹੈ ਜਦਕਿ ਮਨਰੇਗਾ ਦੇ ਰੱਖੇ ਆਠ ਲੱਖ ਕਰੋੜ ਤੋਂ 54 ਹਜ਼ਾਰ ਕਰੋੜ ਹੀ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰ ਮੰਗਾਂ ਨੂੰ ਲੈ ਕੇ 19 ਫਰਵਰੀ ਨੂੰ ਬੀ.ਡੀ.ਪੀ.ਓ. ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਭੇਜੇ ਜਾਣਗੇ। ਇਸ ਤੋਂ ਇਲਾਵਾ 20 ਫਰਵਰੀ ਨੂੰ ਫਰੀਦਕੋਟ ਅਤੇ 21 ਫਰਵਰੀ ਨੂੰ ਲੰਬੀ ਬਲਾਕ ਦੇ ਦਫ਼ਤਰ ਮੂਹਰੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਗੁਰਲਾਲ ਸਿੰਘ, ਬੂਟਾ ਸਿੰਘ, ਜੰਗੀਰ ਸਿੰਘ, ਮੇਜਰ ਸਿੰਘ, ਕਬੀਰ ਸਿੰਘ, ਸਤਵਿੰਦਰ ਸਿੰਘ, ਕੇਸਰਾ ਦੇਵੀ, ਬਲਵਿੰਦਰ ਸਿੰਘ, ਮਲਕੀਤ ਸਿੰਘ, ਗੁਰਮੇਲ ਕੌਰ, ਸੁਖਦੇਵ ਕੌਰ ਆਦਿ ਹਾਜ਼ਰ ਸਨ।
ਲਾਪਤਾ ਹੋਏ ਨੌਜਵਾਨ ਦਾ ਮੋਟਰਸਾਈਕਲ ਸਰਹਿੰਦ ਫੀਡਰ ਤੋਂ ਬਰਾਮਦ
NEXT STORY