ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੂੰਹ ਦੀ ਖਾਣ ਵਾਲੇ ਅਕਾਲੀ-ਭਾਜਪਾ ਗਠਜੋੜ ਦਰਮਿਆਨ ਦਰਾਰ ਵੱਧਦੀ ਨਜ਼ਰ ਆ ਰਹੀ ਹੈ। ਚੋਣ ਨਤੀਜਿਆਂ ਨੂੰ ਲੈ ਕੇ ਸ਼ਨੀਵਾਰ ਸ਼ਾਮ ਚਾਰ ਵਜੇ ਜਲੰਧਰ ਵਿਖੇ ਹੋਣ ਵਾਲੀ ਗਠਜੋੜ ਦੀ ਮੰਥਨ ਬੈਠਕ ਦੌਰਾਨ ਹੰਗਾਮੇ ਦੇ ਆਸਾਰ ਹਨ ਅਤੇ ਇਸ ਗੱਲ ਦੇ ਵੀ ਸੰਕੇਤ ਸਾਹਮਣੇ ਆ ਰਹੇ ਹਨ ਕਿ ਦੋਵੇਂ ਪਾਰਟੀਆਂ ਕਾਮਨ ਮਿਨੀਮਮ ਪ੍ਰੋਗਰਾਮ ਨੂੰ ਦਰਕਿਨਾਰ ਕਰਕੇ ਆਪੋ-ਆਪਣੇ ਏਜੰਡੇ 'ਤੇ ੰਕੰਮ ਕਰਨ ਦਾ ਫੈਸਲਾ ਲੈ ਸਕਦੀਆਂ ਹਨ।
ਅਕਾਲੀ ਦਲ ਵਲੋਂ ਮੁੜ ਤੋਂ ਪੰਥਕ ਏਜੰਡੇ 'ਤੇ ਆਉਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਐੱਸ. ਜੀ. ਪੀ. ਸੀ. ਵਲੋਂ ਘੱਲੂਘਾਰਾ ਦਿਵਸ ਮੌਕੇ ਗੁਰਦੁਆਰਿਆਂ ਵਿਚ ਸਮਾਗਮ ਕਰਵਾਏ ਜਾਣ ਦੀ ਤਿਆਰੀ ਤੋਂ ਅਕਾਲੀ ਦਲ ਦੀ ਭਵਿੱਖ ਦੀ ਰਾਜਨੀਤੀ ਦਾ ਸੰਕੇਤ ਮਿਲ ਰਿਹਾ ਹੈ। ਜਦਕਿ ਪਿਛਲੇ ਦੋ ਮਹੀਨੇ ਦੌਰਾਨ ਭਾਜਪਾ ਵਲੋਂ ਕੀਤੀ ਜਾ ਰਹੀ ਰਾਜਨੀਤੀ ਤੋਂ ਵੀ ਇਹ ਸਾਫ ਹੋਣਾ ਸ਼ੁਰੂ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਤੀ ਦੇਰ ਅਕਾਲੀ ਦਲ ਨਾਲ ਮਿਲ ਕੇ ਚੱਲਣ ਦੇ ਮੂਡ ਵਿਚ ਨਹੀਂ ਹੈ। ਭਾਜਪਾ ਪਿਛਲੇ ਦੋ ਮਹੀਨੇ ਦੌਰਾਨ ਤਿੰਨ ਵਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗਵਰਨਰ ਨੂੰ ਮਿਲੀ ਹੈ ਅਤੇ ਇਸ ਦੌਰਾਨ ਭਾਜਪਾ ਨਾਲ ਅਕਾਲੀ ਦਲ ਦੇ ਲੀਡਰ ਮੌਜੂਦ ਨਹੀਂ ਸਨ।
ਸ਼ਨੀਵਾਰ ਸ਼ਾਮ ਜਲੰਧਰ 'ਚ ਹੋਣ ਵਾਲੀ ਬੈਠਕ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਇਕ ਦੂਜੇ 'ਤੇ ਨਜ਼ਲਾ ਸੁੱਟਣ ਤੋਂ ਇਲਾਵਾ ਪਾਰਟੀ ਦੀ ਵੱਖੋ-ਵੱਖ ਰਾਣਨੀਤੀ 'ਤੇ ਵੀ ਚਰਚਾ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਅੱਜ ਦੀ ਬੈਠਕ ਤੋਂ ਬਾਅਦ ਪੰਜਾਬ ਦੇ ਭਵਿੱਖ ਦੀ ਰਾਜਨੀਤੀ ਇਕ ਨਵੇਂ ਦੌਰ ਵੱਲ ਨੂੰ ਜਾ ਸਕਦੀ ਹੈ।
ਹੋਰਨਾਂ ਸੂਬਿਆਂ ਵਿਚ ਭਾਜਪਾ ਵਲੋਂ ਕੀਤੀ ਗਈ ਸਿਆਸਤ ਅਤੇ ਆਪਣੇ ਸਿਆਸੀ ਸਾਥੀਆਂ ਨੂੰ ਛੱਡਣ ਦੇ ਫੈਸਲੇ ਤੋਂ ਬਾਅਦ ਇਸ ਗੱਲ ਦੇ ਹੋਰ ਵੀ ਪੁਖਤਾ ਆਸਾਰ ਹਨ ਕਿ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਬਹੁਤ ਲੰਮਾ ਸਮਾਂ ਨਹੀਂ ਰਹੇਗਾ। ਹਰਿਆਣਾ ਵਿਚ ਭਾਜਪਾ ਨੇ ਆਪਣੀ ਸਹਿਯੋਗੀ ਇਨੈਲੋ ਨਾਲ ਤੋੜ ਵਿਛੋੜਾ ਕੀਤਾ ਹੈ ਜਦਕਿ ਮਹਾਰਾਸ਼ਟਰਾ ਵਿਚ ਸਮਾਨ ਵਿਚਾਰਧਾਰਾ ਵਾਲੀ ਸ਼ਿਵ ਸੇਨਾ ਨੂੰ ਵੀ ਭਾਜਪਾ ਨੇ ਛੱਡ ਦਿੱਤਾ ਹੈ। ਭਾਜਪਾ ਪੰਜਾਬ ਵਿਚ 23 ਵਿਧਾਨ ਸਭਾ ਸੀਟਾਂ ਅਤੇ ਤਿੰਨ ਲੋਕ ਸਭਾ ਸੀਟਾਂ 'ਤੇ ਚੋਣ ਲੜਦੀ ਹੈ ਪਾਰਟੀ ਨੂੰ ਲੱਗਦਾ ਹੈ ਕਿ ਇਕੱਲਿਆਂ ਲੜਨ ਦੀ ਸਥਿਤੀ ਵਿਚ ਉਹ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। ਜਦਕਿ ਅਕਾਲੀ ਦਲ ਨੂੰ ਵੀ ਲੱਗ ਰਿਹਾ ਹੈ ਕਿ ਭਾਜਪਾ ਦੇ ਨਾਲ ਤੁਰਨ ਦਾ ਉਸ ਨੂੰ ਸਿਆਸੀ ਨੁਕਸਾਨ ਹੋ ਰਿਹਾ ਹੈ ਅਤੇ ਉਸ ਦਾ ਕੋਰ ਵੋਟਰ ਪਾਰਟੀ ਨਾਲੋਂ ਟੁੱਟ ਕੇ ਆਮ ਆਦਮੀ ਪਾਰਟੀ ਵੱਲ ਨੂੰ ਜਾ ਰਿਹਾ ਹੈ। ਲਿਹਾਜ਼ਾ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਦੋਵੇਂ ਪਾਰਟੀਆਂ ਆਪਣੇ ਆਪਣੇ ਏਜੰਡੇ ਵੱਲ ਤੁਰਨ ਦਾ ਸਿਆਸੀ ਫੈਸਲਾ ਲੈ ਸਕਦੀਆਂ ਹਨ।
ਭਾਜਪਾ ਦਾ ਸਿੱਧੂ 'ਤੇ ਵਾਰ, ਖਨਨ ਮਾਮਲੇ 'ਤੇ ਕਿਉਂ ਸਾਧੀ ਹੈ ਚੁੱਪੀ
NEXT STORY