ਚੰਡੀਗੜ੍ਹ (ਸ਼ਰਮਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੂੰ ਪੰਜਾਬ ਵਿਰੋਧੀ ਅਤੇ ਨਾਪਾਕ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਹ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਸ ਗਠਜੋੜ ਦਾ ਵਜੂਦ ਬਣਾਇਆ ਗਿਆ ਹੈ। ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ‘ਆਪ’ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਵਲੋਂ ਮਿਲ ਰਹੇ ਪਿਆਰ ਤੋਂ ਪੰਜਾਬ ਵਿਰੋਧੀ ਪਾਰਟੀਆਂ ਘਬਰਾ ਰਹੀਆਂ ਹਨ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਹੁਣ ਰਸਮੀ ਅਤੇ ਗੈਰ ਰਸਮੀ ਭਾਵ ਦੋ ਤਰ੍ਹਾਂ ਦੇ ਗਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਪਾਰਟੀਆਂ ਵਲੋਂ ਕੀਤੇ ਗਏ ਹਨ। ਚੱਢਾ ਨੇ ਕਿਹਾ ਕਿ ਪਹਿਲਾਂ ਰਸਮੀ ਗਠਜੋੜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਦੋਂ ਕਿ ਦੂਜਾ ਗੈਰ ਰਸਮੀ ਗਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਠਪੁਤਲੀਆਂ ਪਾਰਟੀਆਂ ਹਨ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬੌਸ ਮੰਨਦੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਮੌਜੂਦ ਸਨ।
ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ, ਝੁੱਗੀਆਂ-ਝੌਂਪੜੀਆਂ ਵਾਲੇ 1996 ਪਰਿਵਾਰਾਂ ਨੂੰ ਮਿਲੇ ਮਾਲਕਾਨਾ ਹੱਕ
‘ਆਪ’ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪਣੇ ਆਪ ਨੂੰ ਦਲਿਤਾਂ ਦੀ ਅਗਵਾਈ ਵਾਲੀ ਪਾਰਟੀ ਦੱਸਦੀ ਹੈ ਪ੍ਰੰਤੂ ਦਲਿਤਾਂ ’ਤੇ ਅੱਤਿਆਚਾਰ ਕਰਨ ਵਾਲੇ ਅਕਾਲੀ ਦਲ ਨਾਲ ਮਿਲ ਕੇ ਕਾਰਜ ਕਰ ਰਹੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਅਕਾਲੀ ਦਲ ਨਾਲ ਗਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਨੇ ਬਾਬੂ ਕਾਸ਼ੀ ਰਾਮ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਦਿੱਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵਲੋਂ ਲਿਖੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਅਤੇ ਬਾਬਾ ਸਾਹਿਬ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸਨ ਅਤੇ ਅੱਜ ਬਸਪਾ ਉਨ੍ਹਾਂ ਦੇ ਨਾਲ ਹੀ ਗਠਜੋੜ ਕਰਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਦੇ ਸਮੇਂ ਦੌਰਾਨ ਹੀ ਦਲਿਤਾਂ ’ਤੇ ਸਭ ਤੋਂ ਵੱਧ ਅੱਤਿਆਚਾਰ ਹੋਏ ਹਨ ਅਤੇ ਦਲਿਤਾਂ ਦੀਆਂ ਧੀਆਂ ਨੂੰ ਬੱਸਾਂ ਵਿਚੋਂ ਉਤਾਰ-ਉਤਾਰ ਕੇ ਸੁੱਟਿਆ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਸ ਸਮੇਂ ਆਪਣਾ ਵਜੂਦ ਗੁਆ ਚੁੱਕਿਆ ਹੈ ਅਤੇ ਬਸਪਾ ਦਾ ਵੀ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ, ਇਸ ਲਈ ਜ਼ੀਰੋ ਅਤੇ ਜ਼ੀਰੋ ਮਿਲ ਕੇ ਜ਼ੀਰੋ ਹੀ ਬਣਨਗੇ। ਬਾਬੂ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਬਸਪਾ ਧਨਾਢਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਤੇ ਜਿਸ ਤਰ੍ਹਾਂ ਪੰਜਾਬ ਵਿਚ ਅਕਾਲੀ ਦਲ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਉਸ ਨੀਤੀ ਤੇ ਕੰਮ ਕਰਦਿਆਂ ਬਸਪਾ ਨੇ ਵੀ ਭ੍ਰਿਸ਼ਟਾਚਾਰ ਦੀ ਹੱਦ ਪੁਗਾਈ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਗ਼ਰੀਬ ਬੱਚਿਆਂ ਦੇ ਵਜੀਫ਼ਾ ਘੁਟਾਲੇ ਕਾਰਨ ਅੱਜ ਵੀ ਦਲਿਤ ਬੱਚਿਆਂ ਦੀਆਂ ਡਿਗਰੀਆਂ ਰੋਕੀਆਂ ਗਈਆਂ ਹਨ, ਜਿਸ ਕਾਰਨ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਕੀਤਾ ਤਲਬ
NEXT STORY