ਸੁਨਾਮ/ਊਧਮ ਸਿੰਘ ਵਾਲਾ (ਬੇਦੀ) : ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਖਾਲੀ ਖਜ਼ਾਨਾ ਮੰਤਰੀ ਦੱਸਦਿਆਂ ਇੱਕ ਚਿਠੀ ਰਾਹੀਂ ਕਿਹਾ ਹੈ ਕਿ ਜਦੋਂ ਤੱਕ ਪੰਜਾਬ ਦੇ ਹਰ ਮੁਲਾਜ਼ਮ ਨੂੰ ਤਨਖਾਹ ਨਹੀਂ ਦਿਤੀ ਜਾਂਦੀ ਉਦੋਂ ਤੱਕ ਮੇਰੀ ਵਿਧਾਇਕ ਵਜੋਂ ਤਨਖਾਹ ਜਾਰੀ ਨਾ ਕੀਤੀ ਜਾਵੇ। ਚਿੱਠੀ ਵਿਚ ਉਨ੍ਹਾਂ ਸਾਫ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਤਨਖਾਹ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਸਰਕਾਰੀ ਖਜ਼ਾਨੇ ਦਾ ਅਕਾਊਂਟ ਨੰਬਰ ਦਿਤਾ ਜਾਵੇ ਤਾਂ ਕਿ ਉਹ ਆਪਣੀ ਤਨਖਾਹ ਵਾਪਿਸ ਕਰ ਸਕਣ ਕਿਉਂਕਿ ਮੁਲਾਜ਼ਮਾਂ ਦੀ ਤਨਖਾਹ ਉਨ੍ਹਾਂ ਨਾਲੋਂ ਅਤਿ ਜ਼ਰੂਰੀ ਹੈ। ਅਰੋੜਾ ਨੇ ਚਿੱਠੀ ਵਿਚ ਕਿਹਾ ਕਿ ਜੇਕਰ ਸਰਕਾਰ ਆਪਣੇ ਮੁਲਾਜ਼ਮਾ ਤੋਂ ਭ੍ਰਿਸ਼ਟਾਚਾਰ ਤੋਂ ਦੂਰ ਰਹਿ ਕੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੀ ਉਮੀਦ ਰੱਖਦੀ ਹੈ ਤਾਂ ਸਰਕਾਰ ਵੀ ਮੁਲਾਜ਼ਮਾਂ ਨੂੰ ਸਨਮਾਨਜਨਕ ਤਰੀਕੇ ਨਾਲ ਸਹੀ ਸਮੇਂ 'ਤੇ ਤਨਖਾਹਾਂ ਦੇਵੇ ਤਾਂ ਕਿ ਮੁਲਾਜ਼ਮ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਹੱਕ ਹਕੂਕ ਦੀ ਕਮਾਈ ਨਾਲ ਕਰ ਸਕਣ।
ਉਨ੍ਹਾਂ ਇਸ ਚਿੱਠੀ ਵਿਚ ਚਿੰਤਾ ਜਤਾਈ ਕਿ ਜੇਕਰ ਪੰਜਾਬ ਦੀ ਅਰਥਵਿਵਸਥਾ ਇੰਝ ਹੀ ਚੱਲਦੀ ਰਹੀ ਤਾਂ ਪੰਜਾਬ ਆਰਥਿਕ ਐਮਰਜੈਂਸੀ ਅਤੇ ਕੰਗਾਲੀ ਤੋਂ ਜ਼ਿਆਦਾ ਦੂਰ ਨਹੀਂ ਹੈ, ਉਨ੍ਹਾਂ ਕਿਹਾ ਹੈ ਕਿ ਜਦੋਂ ਸਰਕਾਰ ਮੰਦੀ ਹਾਲਤ 'ਚੋਂ ਗੁਜ਼ਰ ਰਹੀ ਹੈ ਅਤੇ ਸਰਕਾਰ ਦੇ ਧਿਆਨ ਵਿਚ ਵਾਰ-ਵਾਰ ਸ਼ਰਾਬ, ਮਾਈਨਿੰਗ, ਪਾਵਰ, ਟਰਾਂਸਪੋਰਟ ਆਦਿ 'ਚੋਂ ਹਜ਼ਾਰਾਂ ਕਰੋੜ ਦੇ ਮਾਲੀਆ ਦਾ ਨੁਕਸਾਨ ਲਿਆਂਦਾ ਗਿਆ ਪਰ ਸਰਕਾਰ ਇਥੋਂ ਮਾਲੀਆ ਇਕੱਠਾ ਕਰਨ ਦੀ ਥਾਂ ਮਾਫੀਆ ਨੂੰ ਪ੍ਰਫੁਲਤ ਕਰਨ ਵਿਚ ਜ਼ਿਆਦਾ ਰੂਚੀ ਰੱਖਦੀ ਨਜ਼ਰ ਆਉਂਦੀ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY