ਜਲੰਧਰ (ਧਵਨ) - ਪੰਜਾਬ ਸਰਕਾਰ ਨੇ ਲੁਧਿਆਣਾ 'ਚ ਆਰ.ਐੱਸ.ਐੱਸ. ਨੇਤਾ ਰਵਿੰਦਰ ਗੋਸਾਈਂ ਦੀ ਪਿਛਲੇ ਦਿਨੀਂ ਹੋਈ ਹੱਤਿਆ ਦਾ ਮਾਮਲਾ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਜਾਂਚ ਲਈ ਸੌਂਪ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਇਸ ਸਬੰਧ ਵਿਚ ਵੀਰਵਾਰ ਨੂੰ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਕੋਲੋਂ ਆਰ.ਐੱਸ.ਐੱਸ. ਨੇਤਾਵਾਂ ਨੇ ਇਹ ਮਾਮਲਾ ਐੱਨ.ਆਈ.ਏ. ਨੂੰ ਸੌਂਪਣ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਮ੍ਰਿਤਕ ਗੋਸਾਈਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਇਸ ਅਨੁਸਾਰ ਮ੍ਰਿਤਕ ਦੇ 4 ਬੱਚਿਆਂ 'ਚੋਂ ਇਕ ਨੂੰ ਉਸਦੀ ਵਿਦਿਅਕ ਯੋਗਤਾ ਨੂੰ ਦੇਖਦੇ ਹੋਏ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਗੋਸਾਈਂ ਦੀ ਪਤਨੀ ਦਾ ਦਿਹਾਂਤ ਕੁਝ ਸਾਲ ਪਹਿਲਾਂ ਕੈਂਸਰ ਕਾਰਨ ਹੋ ਗਿਆ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਹੱਤਿਆਕਾਂਡ ਪਿੱਛੇ ਵਿਦੇਸ਼ਾਂ 'ਚ ਬੈਠੇ ਕੱਟੜਪੰਥੀ ਅਨਸਰਾਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ ਐੱਨ.ਆਈ.ਏ. ਦੇ ਹੱਥਾਂ ਵਿਚ ਜਾਂਚ ਆਉਣ ਨਾਲ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਦਰਮਿਆਨ ਬੇਹਤਰ ਤਾਲਮੇਲ ਸਥਾਪਿਤ ਹੋ ਸਕੇਗਾ। ਉਨ੍ਹਾਂ ਰਵਿੰਦਰ ਗੋਸਾਈਂ ਦੀ ਹੱਤਿਆ 'ਤੇ ਗੁੱਸਾ ਜਤਾਉਂਦੇ ਹੋਏ ਕਿਹਾ ਕਿ ਸੂਬੇ 'ਚ ਉਨ੍ਹਾਂ ਦੀ ਸਰਕਾਰ ਹਿੰਸਾ ਦੀਆਂ ਘਟਨਾਵਾਂ ਨਾਲ ਸਖਤੀ ਨਾਲ ਨਿਪਟੇਗੀ। ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਹੋਣ ਵਾਲੀਆਂ ਹੱਤਿਆਵਾਂ ਨੂੰ ਹਰ ਹਾਲਤ 'ਚ ਰੋਕਿਆ ਜਾਵੇਗਾ।
ਬਜ਼ੁਰਗਾਂ ਦਾ ਸਨਮਾਨ ਭੁੱਲ ਰਹੀ ਹੈ ਨੌਜਵਾਨ ਪੀੜ੍ਹੀ : ਵਿਜੇ ਚੋਪੜਾ
NEXT STORY