ਜਲੰਧਰ (ਧਵਨ) - ਭਾਰਤ ਵਿਚ ਅਫਗਾਨਿਸਤਾਨ ਦੇ ਰਾਜਦੂਤ ਸਈਦ ਮੁਹੰਮਦ ਅਬਦਾਲੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਸਾਹਮਣੇ ਕਾਬੁਲ-ਅੰਮ੍ਰਿਤਸਰ ਹਵਾਈ ਸੰਪਰਕ ਬਹਾਲ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਪੰਜਾਬ ਦੇ ਨਾਲ 1500 ਟਨ ਦੇ ਕਾਰਗੋ ਵਪਾਰ ਨੂੰ ਦੁਬਾਰਾ ਉਤਸ਼ਾਹਿਤ ਕਰਨ ਲਈ ਪਾਇਲਟ ਪ੍ਰਾਜੈਕਟ 'ਤੇ ਵੀ ਮੁੱਖ ਮੰਤਰੀ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਤੇ ਪੰਜਾਬ ਦਰਮਿਆਨ ਆਪਸੀ ਕਾਰੋਬਾਰ ਤੇ ਵਪਾਰ ਵਧਾਉਣ ਦੇ ਕਾਫੀ ਮੌਕੇ ਮੌਜੂਦ ਹਨ। ਮੁੱਖ ਮੰਤਰੀ ਨੇ ਅਫਗਾਨਿਸਤਾਨ ਦੇ ਰਾਜਦੂਤ ਨੂੰ ਪੰਜਾਬ ਸਟੇਟ ਤੇ ਸੰਸਥਾਪਕ ਕਿਰਪਾਲ ਸਿੰਘ ਵੱਲੋਂ ਲਿਖੀ ਪੁਸਤਕ 'ਬਾਬਾ ਆਲਾ ਸਿੰਘ' ਵੀ ਭੇਟ ਕੀਤੀ, ਜਿਸ ਵਿਚ ਅਫਗਾਨਿਸਤਾਨ ਦੇ ਪੰਜਾਬ ਨਾਲ ਸਬੰਧਾਂ ਦਾ ਜ਼ਿਕਰ ਹੈ। ਮੁੱਖ ਮੰਤਰੀ ਨੇ ਅਫਗਾਨਿਸਤਾਨ ਦੇ ਨਾਲ ਵਪਾਰ ਨੂੰ ਹੋਰ ਵਧਾਉਣ ਵਿਚ ਦਿਲਚਸਪੀ ਵਿਖਾਈ।
ਭਾਰਤ ਤੇ ਅਫਗਾਨੀ ਐਸੋਸੀਏਸ਼ਨਾਂ ਦਰਮਿਆਨ ਸਦੀਆਂ ਪੁਰਾਣੇ ਸੰਪਰਕ ਰਹੇ ਹਨ ਤੇ ਦੋਵਾਂ ਨੇ ਇਕ-ਦੂਜੇ ਦੇ ਵਪਾਰ ਨੂੰ ਉਤਸ਼ਾਹਿਤ ਕੀਤਾ। ਅਫਗਾਨਿਸਤਾਨ ਦੀ ਅਰਥਵਿਵਸਥਾ ਵੀ ਖੇਤੀਬਾੜੀ 'ਤੇ ਆਧਾਰਿਤ ਹੈ। ਰਾਜਦੂਤ ਸਈਦ ਮੁਹੰਮਦ ਅਬਦਾਲੀ ਨੇ ਸੁਝਾਅ ਦਿੱਤਾ ਕਿ ਕਾਰਗੋ ਟ੍ਰੇਡ ਪਾਇਲਟ ਪ੍ਰਾਜੈਕਟ ਦੇ ਤਹਿਤ ਵਪਾਰ ਕੋਰੀਡੋਰ ਬਣਾਇਆ ਜਾਣਾ ਚਾਹੀਦਾ ਹੈ। ਇਕ-ਦੂਜੇ ਦੇ ਦੇਸ਼ ਵਿਚ ਦਵਾਈਆਂ, ਇੰਜੀਨੀਅਰਿੰਗ ਉਤਪਾਦਾਂ, ਊਨੀ ਕੱਪੜੇ, ਡੇਅਰੀ ਉਤਪਾਦਾਂ, ਤਾਜ਼ੇ ਤੇ ਸੁੱਕੇ ਫਲਾਂ, ਮੀਟ, ਫੂਡ ਤੇ ਦੁੱਧ ਨਾਲ ਬਣੇ ਉਤਪਾਦਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਅਫਗਾਨਿਸਤਾਨ ਤੋਂ ਮੀਟ ਉਤਪਾਦ ਇੰਪੋਰਟ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਪ੍ਰਸਤਾਵਾਂ 'ਤੇ ਗੌਰ ਕਰਨ ਤੇ ਪਾਇਲਟ ਪ੍ਰਾਜੈਕਟ ਲਈ ਰਸਮਾਂ ਨੂੰ ਪੂਰਾ ਕੀਤਾ ਜਾਵੇ। ਇਸ ਨਾਲ ਸੂਬੇ ਵਿਚ ਇੰਡਸਟਰੀ ਨੂੰ ਗੁਲਜ਼ਾਰ ਕਰਨ ਵਿਚ ਮਦਦ ਮਿਲੇਗੀ। ਅਫਗਾਨੀ ਰਾਜਦੂਤ ਨੇ ਪੰਜਾਬ ਵਿਚ ਸਿੱਖਿਆ ਦੇ ਖੇਤਰ ਵਿਚ ਵੀ ਵਪਾਰ ਸਬੰਧੀ ਸੰਭਾਵਨਾਵਾਂ ਵੇਖੀਆਂ।
ਮਾਨਵਤਾ ਦੀ ਸੇਵਾ ਲਈ ਆਪਣਾ ਦਰਦ ਭੁੱਲਿਆ ਬਜ਼ੁਰਗ
NEXT STORY