ਲੁਧਿਆਣਾ(ਮਹੇਸ਼)-ਡੇਢ ਮਹੀਨਾ ਪਹਿਲਾਂ ਲੁਧਿਆਣਾ ਤੋਂ ਅਮਰੀਕਾ ਲਈ ਰਵਾਨਾ ਹੋਇਆ 21 ਸਾਲਾ ਜਗਤਾਰ ਸਿੰਘ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਨੂੰ ਏਜੰਟ ਦਾ ਫੋਨ ਆਇਆ ਕਿ ਮੈਕਸੀਕੋ ਦਾ ਬਾਰਡਰ ਕ੍ਰਾਸ ਕਰਦੇ ਸਮੇਂ ਉਹ ਪੁਲਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਆਪਣੇ ਬੇਟੇ ਦੀ ਜਾਣਕਾਰੀ ਹਾਸਲ ਕਰਨ ਲਈ ਪੀੜਤ ਪਰਿਵਾਰ ਦਿੱਲੀ ਅੰਬੈਸੀ ਦੇ ਚੱਕਰ ਕੱਟ ਰਿਹਾ ਹੈ ਪਰ 20 ਦਿਨ ਬੀਤ ਜਾਣ 'ਤੇ ਵੀ ਜਗਤਾਰ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਜੋਧੇਵਾਲ ਇਲਾਕੇ ਦੇ ਸਤਿਸੰਗ ਘਰ ਦੇ ਕੋਲ ਬਾਜੜਾ ਕਾਲੋਨੀ ਦੇ ਰਹਿਣ ਵਾਲੇ ਬਜ਼ੁਰਗ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅੰਬਾਲਾ ਦੇ ਭੋਗੀ ਨਾਮੀ ਇਕ ਏਜੰਟ ਰਾਹੀਂ ਉਸ ਦੇ ਭਰਾ ਮੁਖਤਿਆਰ ਸਿੰਘ ਨੇ ਜਗਤਾਰ ਨੂੰ ਅਮਰੀਕਾ ਜਾਣ ਲਈ ਭੇਜਿਆ ਸੀ, ਜਿਸ ਦੇ ਬਦਲੇ ਏਜੰਟ ਨੇ 20 ਲੱਖ ਰੁਪਏ ਦੀ ਮੰਗ ਕੀਤੀ। 10 ਲੱਖ ਰੁਪਏ ਉਨ੍ਹਾਂ ਨੇ ਏਜੰਟ ਨੂੰ ਅਡਵਾਂਸ ਦੇ ਦਿੱਤੇ। ਬਾਕੀ ਰਕਮ ਜਗਤਾਰ ਦੇ ਅਮਰੀਕਾ ਪੁੱਜਣ 'ਤੇ ਏਜੰਟ ਨੂੰ ਦੇਣੀ ਸੀ। ਪਿਛਲੇ ਸਾਲ 11 ਨਵੰਬਰ ਨੂੰ ਜਗਤਾਰ ਅਮਰੀਕਾ ਜਾਣ ਲਈ ਦਿੱਲੀ ਤੋਂ ਹਵਾਈ ਜਹਾਜ਼ ਵਿਚ ਸਵਾਰ ਹੋਇਆ ਸੀ। 12 ਦਸੰਬਰ ਨੂੰ ਉਨ੍ਹਾਂ ਨੂੰ ਏਜੰਟ ਦਾ ਫੋਨ ਆਇਆ ਕਿ ਮੈਕਸੀਕੋ ਦਾ ਬਾਰਡਰ ਕ੍ਰਾਸ ਕਰਦੇ ਸਮੇਂ ਉਹ ਉਥੋਂ ਦੀ ਪੁਲਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ। ਉਦੋਂ ਤੋਂ ਲੈ ਕੇ ਜਗਤਾਰ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਬਲਵੀਰ ਨੇ ਦੱਸਿਆ ਕਿ ਜਗਤਾਰ ਦੇ ਨਾਲ 3 ਤੋਂ 4 ਨੌਜਵਾਨ ਹੋਰ ਵੀ ਸਨ। ਉਨ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ, ਜਦੋਂਕਿ ਉਹ ਲਗਾਤਾਰ ਏਜੰਟ ਨਾਲ ਸੰਪਰਕ ਬਣਾ ਰਹੇ ਹਨ। ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਰਿਹਾ ਹੈ। ਡਾਕਟਰ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਲਈ ਉਹ ਜੋਧੇਵਾਲ ਪੁਲਸ ਸਟੇਸ਼ਨ ਵੀ ਗਏ ਸਨ ਪਰ ਉਨ੍ਹਾਂ ਨੂੰ ਇਹ ਕਹਿ ਕੇ ਉੱਥੋਂ ਟਾਲ ਦਿੱਤਾ ਗਿਆ ਕਿ ਮਾਮਲਾ ਬੇਹੱਦ ਗੰਭੀਰ ਹੈ। ਇਸ ਦੀ ਸ਼ਿਕਾਇਤ ਵੱਡੇ ਅਧਿਕਾਰੀਆਂ ਨੂੰ ਕਰਨ। ਜੇਕਰ ਉਹ ਕਹਿਣਗੇ ਤਾਂ ਕੇਸ ਦਰਜ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਉਹ ਏ. ਸੀ. ਪੀ. ਦੇ ਕੋਲ ਵੀ ਗਿਆ ਅਤੇ ਕਈ ਵਾਰ ਦਿੱਲੀ ਅੰਬੈਸੀ ਵੀ ਜਾ ਚੁੱਕਾ ਹੈ। ਇਸ ਸਮੇਂ ਵੀ ਉਸ ਦਾ ਭਰਾ ਅਤੇ ਭਾਬੀ ਦਿੱਲੀ ਵਿਚ ਹਨ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜਗਤਾਰ ਬਾਰੇ ਪਤਾ ਲਾਉਣ ਦੀ ਮੰਗ ਕੀਤੀ ਹੈ। ਮੁਖਤਿਆਰ ਸਿੰਘ ਇਸ ਤੋਂ ਪਹਿਲਾਂ ਪਰਿਵਾਰ ਸਮੇਤ ਅੰਬਾਲਾ ਵਿਚ ਹੀ ਰਿਹਾ ਕਰਦਾ ਸੀ। ਕੁੱਝ ਸਮਾਂ ਪਹਿਲਾਂ ਉਹ ਲੁਧਿਆਣਾ ਵਿਚ ਸ਼ਿਫਟ ਹੋਇਆ ਸੀ। ਮੁਖਤਿਆਰ ਖੇਤੀਬਾੜੀ ਕਰਦਾ ਹੈ। ਜਗਤਾਰ ਆਪਣੇ ਮਾਤਾ-ਪਿਤਾ ਦੇ ਬੁਢਾਪੇ ਦਾ ਇਕੱਲਾ ਸਹਾਰਾ ਸੀ। ਉਸ ਦੀ ਇਕ ਭੈਣ ਹੈ, ਜਿਸ ਦਾ ਵਿਆਹ ਹੋ ਚੁੱਕਾ ਹੈ। ਬੇਟੇ ਦੀ ਭਾਲ ਵਿਚ ਪੂਰਾ ਪਰਿਵਾਰ ਮਾਰਾ-ਮਾਰਾ ਫਿਰ ਰਿਹਾ ਹੈ।
ਸਾਊਦੀ ਅਰਬ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਭਾਰਤ ਆਏ ਸਮੱਗਲਰ ਸਮੇਤ 3 ਕਾਬੂ
NEXT STORY