ਚੰਡੀਗੜ੍ਹ (ਸ਼ਰਮਾ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 31 ਅਕਤੂਬਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਸ਼ਤਾਬਦੀ ਸਮਾਰੋਹ ਮੌਕੇ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਸ਼ਾਨਦਾਰ ਢੰਗ ਨਾਲ ਮਨਾਉਣ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਅਮਿਤ ਸ਼ਾਹ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਇਸ ਸਾਲ ਰਾਸ਼ਟਰੀ ਏਕਤਾ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਮਹੱਤਵ ਇਸ ਲਈ ਵੀ ਵਧ ਗਿਆ ਹੈ ਕਿਉਂਕਿ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਸੱਚੇ ਰੂਪ 'ਚ ਸਰਦਾਰ ਪਟੇਲ ਦੇ ਅਖੰਡ ਭਾਰਤ ਦੇ ਸੁਪਨੇ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਕੜੀ 'ਚ 31 ਅਕਤੂਬਰ ਨੂੰ ਗੁਜਰਾਤ 'ਚ ਪਟੇਲ ਦੇ ਸਟੈਚੂ ਖੇਤਰ 'ਤੇ ਦੇਸ਼ ਭਰ ਦੇ ਪੁਲਸ ਬਲਾਂ ਦੀ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਆਯੋਜਨ ਕੀਤਾ ਜਾਵੇਗਾ।
ਅਮਿਤ ਸ਼ਾਹ ਨੇ ਆਪਣੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਇਆ ਹੈ ਕਿ ਉਨ੍ਹਾਂ ਬੀਤੀ 27 ਸਤੰਬਰ ਨੂੰ ਉਨ੍ਹਾਂ ਨੂੰ ਪੱਤਰ ਲਿਖ ਕੇ ਸਰਦਾਰ ਪਟੇਲ ਨੈਸ਼ਨਲ ਐਵਾਰਡ ਫਾਰ ਯੂਨਿਟੀ ਐਂਡ ਇੰਟੇਗ੍ਰਿਟੀ ਦੀ ਜਾਣਕਾਰੀ ਪ੍ਰਦਾਨ ਕਰਦਿਆਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਵਧੀਆ ਕੰਮ ਕਰਨ ਵਾਲਿਆਂ ਦੇ ਨਾਵਾਂ ਦੀ ਸਿਫਾਰਿਸ਼ ਕਰਨ ਲਈ ਕਿਹਾ ਸੀ, ਜਿਸ ਦਾ ਉਨ੍ਹਾਂ ਨੂੰ ਅਜੇ ਇੰਤਜ਼ਾਰ ਹੈ। ਦੇਸ਼ 'ਚ ਪੁਲਸ ਬਲ ਦੀ ਮਜ਼ਬੂਤ ਨੀਂਹ ਰੱਖਣ ਦੀ ਸਰਦਾਰ ਪਟੇਲ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਆਪਣੇ ਪੱਤਰ ਦੇ ਨਾਲ ਪਟੇਲ ਦੀ ਫੋਟੋ ਅਤੇ ਸੁਨੇਹਾ ਭੇਜਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਇਸ ਸੁਨੇਹੇ ਨੂੰ ਫੋਟੋ ਸਮੇਤ ਸਾਰੇ ਪੁਲਸ ਥਾਣਿਆਂ 'ਚ ਡਿਸਪਲੇਅ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਰਾਸ਼ਟਰੀ ਏਕਤਾ ਦਿਵਸ ਮੌਕੇ ਰਾਸ਼ਟਰੀ ਏਕਤਾ ਸਹੁੰ ਚੁੱਕ ਸਮਾਰੋਹ, ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਸਹਿਭਾਗਤਾ ਨਾਲ ਰਾਜ ਅਤੇ ਜ਼ਿਲਾ ਪੱਧਰ 'ਤੇ ਰਨ ਫਾਰ ਯੂਨਿਟੀ ਦੇ ਨਾਲ-ਨਾਲ ਰਾਜ ਪੁਲਸ ਅਤੇ ਹੋਰ ਅਰਧ ਫੌਜੀ ਬਲਾਂ ਦੇ ਮਾਰਚ ਪਾਸਟ ਪਰੇਡ ਦੇ ਆਯੋਜਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾਣ। ਸ਼ਾਹ ਨੇ ਆਪਣੇ ਪੱਤਰ 'ਚ ਉਮੀਦ ਜਤਾਈ ਹੈ ਕਿ ਰਾਸ਼ਟਰੀ ਏਕਤਾ ਦਿਵਸ ਨੂੰ ਸ਼ਾਨਦਾਰ ਅਤੇ ਉਤਸ਼ਾਹਜਨਕ ਰੂਪ ਨਾਲ ਮਨਾਏ ਜਾਣ ਲਈ ਰਾਜ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕੇ ਜਾਣਗੇ।
ਖਾਕੀ ਹੋਈ ਦਾਗਦਾਰ : ਪੁਲਸ ਮੁਲਾਜ਼ਮ 'ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼
NEXT STORY