ਨਵੀਂ ਦਿੱਲੀ (ਬਿਊਰੋ) - ਸੁਪਰਸਟਾਰ ਅਮਿਤਾਭ ਬੱਚਨ ਵੱਲੋਂ ਸਾਲ 2011 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਇੱਕ ਪੱਤਰ ਸਾਹਮਣੇ ਆਇਆ ਹੈ। ਪੱਤਰ 'ਚ ਅਮਿਤਾਭ ਬੱਚਨ ਵਲੋਂ ਉਸ 'ਤੇ ਲੱਗੇ ਸਿੱਖ ਕਤਲੇਆਮ ਲਈ ਭੀੜ ਨੂੰ ਭੜਕਾਉਣ ਦੇ ਦੋਸ਼ਾਂ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਇਹ ਪੱਤਰ ਅਮਿਤਾਭ ਨੇ ਮੁੰਬਈ ਨਿਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ ਦੇ ਜਰੀਏ ਸ੍ਰੀ ਅਕਾਲ ਤਖ਼ਤ ਸਾਹਿਬ ਭੇਜਿਆ ਸੀ। ਚਿੱਠੀ 'ਚ ਉਨ੍ਹਾਂ ਨੇ ਸਪੱਸ਼ਟ ਕਿਹਾ ਸੀ ਕਿ ਉਹ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਬਾਰੇ ਸੁਫ਼ਨੇ 'ਚ ਵੀ ਨਹੀਂ ਸੋਚ ਸਕਦੇ। 1984 ਦੇ ਸਿੱਖ ਕਤਲੇਆਮ ਦੌਰਾਨ ਉਸ 'ਤੇ ਹਿੰਸਾ ਭੜਕਾਉਣ ਦੇ ਦੋਸ਼ ਝੂਠੇ ਹਨ। ਇਹ ਪੱਤਰ ਉਦੋਂ ਸਾਹਮਣੇ ਆਇਆ ਹੈ ਜਦੋਂ 12 ਕਰੋੜ ਰੁਪਏ ਅਮਿਤਾਭ ਬੱਚਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਕੀਤੇ ਹਨ।
ਮਨਜੀਤ ਸਿੰਘ ਜੀ ਕੇ ਵੱਲੋਂ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਪੱਤਰ ਵੀ ਦਿੱਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਹ ਦਾਨ ਸਿੱਖ ਰਿਵਾਜਾਂ ਵਿਰੁੱਧ ਲਿਆ ਹੈ ਕਿਉਂਕਿ ਅਮਿਤਾਭ ਬੱਚਨ ਸਿੱਖ ਵਿਰੋਧੀ ਹਨ।
ਭਾਵੁਕ ਮਨ ਨਾਲ ਲਿਖਿਆ ਇਹ ਪੱਤਰ
ਅਮਿਤਾਭ ਬੱਚਨ ਵਲੋਂ ਇਹ ਪੱਤਰ 28 ਨਵੰਬਰ 2011 ਨੂੰ ਆਪਣੇ ਮਿੱਤਰ ਗੁਰਿੰਦਰ ਸਿੰਘ ਬਾਵਾ ਦੇ ਜਰੀਏ ਭੇਜਿਆ ਗਿਆ ਸੀ। ਇਸ 'ਚ ਉਨ੍ਹਾਂ ਨੇ ਭਾਵੁਕ ਹੋ ਕੇ ਲਿਖਿਆ ਸੀ ਕਿ 1984 ਸਿੱਖ ਕਤਲੇਆਮ ਦੌਰਾਨ ਉਸ ਖ਼ਿਲਾਫ਼ ਹਿੰਸਾ ਭੜਕਾਉਣ 'ਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਗਾਇਆ ਜਾ ਰਿਹਾ ਸੀ। ਇਨ੍ਹਾਂ ਦੋਸ਼ਾਂ ਨੇ ਮੈਨੂੰ ਬਹੁਤ ਦੁੱਖ ਪਹੁੰਚਾਇਆ ਹੈ। ਮੈਂ ਇਹ ਪੱਤਰ ਬੜੇ ਦੁਖ ਨਾਲ ਲਿਖ ਰਿਹਾ ਹੈ।
ਉਨ੍ਹਾਂ ਇਹ ਪੱਤਰ ਉਦੋਂ ਲਿਖਿਆ ਜਦੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਖ਼ਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਤਿਹਾਸਕ ਖ਼ਾਲਸਾ ਹੈਰੀਟੇਜ ਕੰਪਲੈਕਸ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਸੀ। ਉਨ੍ਹਾਂ ਨੇ ਵੀ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਅਤੇ ਸਮਾਗਮ 'ਚ ਆਉਣਾ ਚਾਹੁੰਦੇ ਸੀ ਪਰ ਬਾਅਦ 'ਚ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਹ ਇਸ ਇਤਿਹਾਸਕ ਇਕੱਠ 'ਚ ਕਿਸੇ ਕਿਸਮ ਦੀ ਸ਼ਰਮਿੰਦਗੀ ਦਾ ਕਾਰਨ ਨਹੀਂ ਬਣਨਾ ਚਾਹੁੰਦੇ ਸੀ।
ਉਨ੍ਹਾਂ ਨੇ ਪੱਤਰ 'ਚ ਸਪੱਸ਼ਟ ਲਿਖਿਆ ਕਿ ਉਨ੍ਹਾਂ ਦੇ ਨਹਿਰੂ ਗਾਂਧੀ ਪਰਿਵਾਰ ਨਾਲ ਸਬੰਧ ਰਹੇ ਹਨ। ਉਹ ਹਰ ਖੁਸ਼ੀ ਅਤੇ ਗਮ 'ਚ ਇਕ-ਦੂਜੇ ਦੇ ਘਰ ਆਉਂਦੇ ਸਨ। ਉਨ੍ਹਾਂ ਲਿਖਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਘਟਨਾ ਦੇਸ਼ ਦੇ ਇਤਿਹਾਸ 'ਚ ਹਮੇਸ਼ਾਂ ਹੀ ਇੱਕ ਧੁੰਦਲੀ ਅਤੇ ਇੱਕ ਕਾਲਾ ਅਧਿਆਇ ਹੈ। ਉਨ੍ਹਾਂ ਨੇ ਪੱਤਰ 'ਚ ਇਹ ਵੀ ਲਿਖਿਆ ਕਿ ਉਹ ਕਦੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਸਕਦਾ ਕਿਉਂਕਿ ਉਨ੍ਹਾਂ ਦਾ ਪਰਿਵਾਰ ਉਸ ਨੂੰ ਸਿੱਖਾਂ ਬਾਰੇ ਦੱਸਦਾ ਰਿਹਾ ਹੈ।
ਅੰਮ੍ਰਿਤਸਰ ’ਚ ਕੋਰੋਨਾ ਦਾ ਕਹਿਰ ਘਟਿਆ, 24 ਘੰਟਿਆਂ ’ਚ 585 ਮਰੀਜ਼ ਹੋਏ ਤੰਦਰੁਸਤ, 11 ਮਰੀਜ਼ਾਂ ਦੀ ਮੌਤ
NEXT STORY