ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ‘ਇੱਕ ਮੰਡੀ ਇੱਕ ਦੇਸ਼’ ਜੋ ਕਾਨੂੰਨ ਪਾਸ ਕੀਤਾ ਗਿਆ ਹੈ, ਉਹ ਕਿਸਾਨ ਮਾਰੂ ਹੈ, ਇਸ ਲਈ ਪੰਜਾਬ ’ਚ ਕਾਂਗਰਸ ਵੱਲੋਂ ਇਸ ਕਾਨੂੰਨ ਵਿਰੁੱਧ ਧਰਨੇ ਦਿੱਤੇ ਜਾਣਗੇ ਅਤੇ ਪਹਿਲਾਂ ਰੋਸ ਪ੍ਰਦਰਸ਼ਨ 19 ਜੂਨ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ। ਵਿਧਾਇਕ ਢਿੱਲੋਂ ਜੋ ਅੱਜ ਮਾਛੀਵਾੜਾ ਅਨਾਜ ਮੰਡੀ ਵਿਖੇ ਮੱਕੀ ਦੀ ਖਰੀਦ ਸ਼ੁਰੂ ਕਰਵਾਉਣ ਆਏ ਸਨ, ਨੇ ਕਿਹਾ ਕਿ ਬੇਸ਼ੱਕ ਇਸ ਫਸਲ ਦਾ ਸਮਰਥਨ ਮੁੱਲ 1850 ਰੁਪਏ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਘੱਟ ਭਾਅ ’ਤੇ ਵਿਕਣ ਨਾਲ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਜਾਂ ਤਾਂ ਸਮਰਥਨ ਮੁੱਲ ’ਤੇ ਮੱਕੀ ਖਰੀਦੇ ਜਾਂ ਫਿਰ ਕਿਸਾਨਾਂ ਨੂੰ ਆਰਥਿਕ ਘਾਟਾ ਪੈ ਰਿਹਾ ਹੈ, ਉਹ ਬੋਨਸ ਰੂਪ 'ਚ ਦੇ ਕੇ ਪੂਰਾ ਕਰੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰ ਉਸ ਤਹਿਤ ਫਸਲਾਂ ਦੇ ਭਾਅ ਦੇਵੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਬਜਾਏ ਨਵੇਂ ਕਾਨੂੰਨ ਪਾਸ ਕਰ ਹੋਰ ਆਰਥਿਕ ਮੰਦਹਾਲੀ ਵੱਲ ਤੋਰਿਆ ਹੈ, ਜਿਸ ਦਾ ਕਾਂਗਰਸ ਪਾਰਟੀ ਵਿਰੋਧ ਕਰੇਗੀ। ਅੱਜ ਮਾਛੀਵਾੜਾ ਅਨਾਜ ਮੰਡੀ ’ਚ ਮੱਕੀ ਦੀ ਫਸਲ 1300 ਰੁਪਏ ਪ੍ਰਤੀ ਕੁਇੰਟਲ ਵਿਕੀ ਜੋ ਕਿ ਲਕਸ਼ਮੀ ਰਾਈਸ ਮਿੱਲ ਵਲੋਂ ਖਰੀਦੀ ਗਈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਚੇਅਰਮੈਨ ਸੁਖਵੀਰ ਪੱਪੀ, ਕਪਿਲ ਆਨੰਦ, ਗੁਰਨਾਮ ਸਿੰਘ ਨਾਗਰਾ, ਅਰਵਿੰਦਰਪਾਲ ਸਿੰਘ ਵਿੱਕੀ, ਬਿੰਦਰ ਸਿੰਘ, ਸ਼ਸ਼ੀ ਭਾਟੀਆ (ਸਾਰੇ ਆੜ੍ਹਤੀ), ਪੀ. ਏ ਲਵੀ ਢਿੱਲੋਂ, ਸਕੱਤਰ ਰਾਜਵੀਰ ਸਿੰਘ ਆਦਿ ਵੀ ਮੌਜੂਦ ਸਨ।
ਸ਼ਹੀਦ ਗੁਰਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਕਾਲੀ ਆਗੂ, ਪਰਿਵਾਰ ਨੇ ਕੀਤੀ ਇਹ ਮੰਗ
NEXT STORY