ਫਿਲੌਰ (ਭਾਖੜੀ)- ਗੰਨਾ ਪਿੰਡ ’ਚ ਨਸ਼ੀਲੇ ਪਾਊਡਰ ਦਾ ਕਾਰੋਬਾਰ ਖ਼ਤਮ ਨਹੀਂ ਹੋ ਰਿਹਾ। ਐੱਸ. ਐੱਸ. ਪੀ. ਦਿਹਾਤੀ ਵੱਲੋਂ 600 ਪੁਲਸ ਮੁਲਾਜ਼ਮਾਂ ਨਾਲ 3 ਘੰਟੇ ਪਿੰਡ ਵਿਚ ਕੀਤਾ ਗਿਆ ਸਰਚ ਆਪਰੇਸ਼ਨ ਵੀ ਸਮੱਗਲਰਾਂ ’ਤੇ ਕੋਈ ਅਸਰ ਨਹੀਂ ਛੱਡ ਸਕਿਆ, ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਨਾਲ 42 ਸਾਲਾ ਵਿਅਕਤੀ ਦੀ ਮੌਤ ਹੋ ਗਈ। 4 ਦਿਨ ਪਹਿਲਾਂ ਵੀ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਚੁੱਕੀ ਹੈ।
ਸੂਚਨਾ ਮੁਤਾਬਕ ਬੁੱਧਵਾਰ ਸ਼ਾਮ 4 ਵਜੇ ਸਥਾਨਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੇੜਲੇ ਪਿੰਡ ਗੰਨਾ ’ਚ ਇਕ 42 ਸਾਲਾ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਲਾਸ਼ ਪਈ ਹੋਈ ਹੈ, ਜਿਸ ’ਤੇ ਡੀ. ਐੱਸ. ਪੀ. ਜਗਦੀਸ਼ ਰਾਜ, ਥਾਣਾ ਮੁਖੀ ਨਰਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ, ਜਿਸ ਨੂੰ ਵੇਖ ਕੇ ਲਗਦਾ ਹੈ ਕਿ ਉਸ ਨੇ ਕੋਈ ਨਸ਼ਾ ਕੀਤਾ ਹੋਵੇ। ਮ੍ਰਿਤਕ ਦੀ ਜੇਬ ’ਚੋਂ ਪੁਲਸ ਨੂੰ ਇਕ ਆਧਾਰ ਕਾਰਡ ਵੀ ਮਿਲਿਆ, ਜਿਸ ’ਤੇ ਉਸ ਦਾ ਨਾਂ ਜਸਵੰਤ ਸਿੰਘ ਵਾਸੀ ਪਿੰਡ ਚੱਕ ਸਾਹਬੂ, ਨਕੋਦਰ ਲਿਖਿਆ ਹੋਇਆ ਸੀ। ਮ੍ਰਿਤਕ ਕੋਲ ਉਸ ਦਾ ਮੋਟਰਸਾਈਕਲ ਪੀ. ਬੀ. 08 ਈ. ਬੀ. 6402 ਵੀ ਖੜ੍ਹਾ ਸੀ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਝ ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮ੍ਰਿਤਕ ਕੁਝ ਦਿਨ ਪਹਿਲਾਂ ਵੀ ਇਸੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੰਡ ਘੁੰਮ ਰਿਹਾ ਸੀ। ਇਹ ਆਮ ਕਰ ਕੇ ਨਸ਼ਾ ਪਾਊਡਰ ਖਰੀਦਣ ਇਥੇ ਆਉਂਦਾ ਸੀ। ਉਨ੍ਹਾਂ ਦੇ ਪਿੰਡ ਗੰਨਾ ’ਚ ਹੁਣ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਪਹਿਲਾਂ ਇਥੇ ਧੜੱਲੇ ਨਾਲ ਦੇਸੀ ਜ਼ਹਿਰੀਲੀ ਸ਼ਰਾਬ ਤਿਆਰ ਕਰ ਕੇ ਵੇਚੀ ਜਾਂਦੀ ਸੀ। ਸਾਢੇ 500 ਘਰਾਂ ਦੀ ਆਬਾਦੀ ਵਾਲੇ ਪਿੰਡ ਗੰਨਾ ਵਿਚ ਖ਼ੁਦ ਐੱਸ. ਐੱਸ. ਪੀ. ਸਵਪਨ ਸ਼ਰਮਾ 600 ਪੁਲਸ ਮੁਲਾਜ਼ਮਾਂ ਨਾਲ ਛਾਪੇਮਾਰੀ ਕਰਕੇ 3 ਘੰਟੇ ਤੱਕ ਸਰਚ ਮੁਹਿੰਮ ਚਲਾਈ ਸੀ। ਉਸ ਵਿਚ ਪੁਲਸ ਦੇ ਹੱਥ ਕੋਈ ਖਾਸ ਸਫਲਤਾ ਨਹੀਂ ਲੱਗਾ। ਪੁਲਸ ਵਲੋਂ ਇੰਨੇ ਵੱਡੇ ਪੱਧਰ ’ਤੇ ਕੀਤੀ ਗਈ ਕਾਰਵਾਈ ਵੀ ਸਮੱਗਲਰਾਂ ’ਤੇ ਕੋਈ ਡਰ ਦਾ ਅਸਰ ਨਹੀਂ ਛੱਡ ਸਕੀ। ਨਸ਼ਾ ਸਮੱਗਲਿੰਗ ਦਾ ਧੰਦਾ ਉਨ੍ਹਾਂ ਦੇ ਪਿੰਡ ਵਿਚ ਜਿਓਂ ਦਾ ਤਿਓਂ ਚੱਲ ਰਿਹਾ ਹੈ। ਸਵੇਰ ਹੁੰਦੇ ਹੀ ਦੂਜੇ ਪਿੰਡਾਂ ਤੋਂ ਨੌਜਵਾਨ ਉਨ੍ਹਾਂ ਦੇ ਪਿੰਡ ਨਸ਼ਾ ਖਰੀਦਣ ਆਉਣੇ ਸ਼ੁਰੂ ਹੋ ਜਾਂਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੁਲਸ ਇਕ ਛੋਟੇ ਜਿਹੇ ਪਿੰਡ ਨੂੰ ਸਮੱਗਲਰਾਂ ਤੋਂ ਮੁਕਤ ਨਹੀਂ ਕਰਵਾ ਸਕਦੀ ਤਾਂ ਪੂਰੇ ਸੂਬੇ ਨੂੰ ਸਮੱਗਲਰਾਂ ਦੇ ਚੁੰਗਲ ’ਚੋਂ ਬਾਹਰ ਕੱਢਣਾ ਕਿਵੇਂ ਸੰਭਵ ਹੋ ਸਕਦਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ’ਚ ਲਿਖੇ ਮਿਲੇ ਖਾਲਿਸਤਾਨ ਦੇ ਨਾਅਰੇ, ਬਣਿਆ ਦਹਿਸ਼ਤ ਦਾ ਮਾਹੌਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ
NEXT STORY