ਜਲੰਧਰ/ਕਾਲਾ ਸੰਘਿਆਂ (ਅਮਰਜੀਤ ਨਿੱਝਰ)- 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਭਲਕੇ ਵਿਆਹ ਦੇ ਬੰਧਨ ਵਿੱਚ ਬੱਝਣਗੇ। ਜਾਣਕਾਰੀ ਅਨੁਸਾਰ ਯੂ. ਕੇ. ਦੇ ਰਹਿਣ ਵਾਲੇ ਪਿਆਰਾ ਸਿੰਘ ਦੀ ਧੀ ਕਿਰਨਦੀਪ ਕੌਰ ਨਾਲ ਅੰਮ੍ਰਿਤਪਾਲ ਸਿੰਘ ਜਲੰਧਰ ਸਥਿਤ ਛੇਵੀਂ ਪਾਤਿਸ਼ਾਹੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਲਾਵਾਂ ਲੈਣਗੇ। ਇਹ ਵੀ ਪਤਾ ਲੱਗਾ ਹੈ ਕਿ ਕੁੜੀ ਪਰਿਵਾਰ ਦੇ ਗ੍ਰਹਿ ਵਿਖੇ ਕੁਝ ਦਿਨ ਪਹਿਲਾਂ ਗੁਪਤ ਤੌਰ 'ਤੇ ਅੰਮ੍ਰਿਤਪਾਲ ਸਿੰਘ ਫੇਰੀ ਵੀ ਪਾ ਕੇ ਗਏ ਸਨ। ਸੂਤਰਾਂ ਅਨੁਸਾਰ ਸ਼ਾਇਦ ਉਸ ਦਿਨ ਸ਼ਗਨ ਲਗਾਉਣ ਦੀ ਰਸਮ ਅਦਾ ਕੀਤੀ ਗਈ ਹੈ, ਜਿੱਥੇ ਬਾਹਰੀ ਲੋਕਾਂ ਦੀ ਇੰਟਰੀ ਨੂੰ ਪੂਰਨ ਤੌਰ 'ਤੇ ਬੰਦ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਬੇਸ਼ੱਕ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਵੱਲੋਂ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਬਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਇਹ ਖ਼ਬਰ ਮੀਡੀਆ ਵਿੱਚ ਨਸ਼ਰ ਹੋ ਜਾਣ ਨਾਲ ਅੰਮ੍ਰਿਤਪਾਲ ਦੇ ਸਨੇਹੀਆਂ ਵਿਚ ਉਤਸੁਕਤਾ ਵੱਧ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਰਨਦੀਪ ਕੌਰ ਇਕ ਹਫ਼ਤਾ ਪਹਿਲਾਂ ਹੀ ਯੂ. ਕੇ. ਤੋਂ ਭਾਰਤ ਆਈ ਸੀ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ 'ਚ ਅੰਮ੍ਰਿਤਪਾਲ ਸਿੰਘ ਅਤੇ ਕਿਰਨਦੀਪ ਕੌਰ ਦਾ ਵਿਆਹ ਕਰਨ ਬਾਰੇ ਫ਼ੈਸਲਾ ਕੀਤਾ ਗਿਆ।
ਟੀ. ਵੀ. ਚੈਨਲ ਕੋਲ ਘਰੇਲੂ ਜੀਵਨ ਦੀ ਕੀਤੀ ਸੀ ਹਮਾਇਤ
ਅੰਮ੍ਰਿਤਪਾਲ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਟੀ. ਵੀ. ਚੈਨਲ 'ਤੇ ਇਸ ਗੱਲ ਦਾ ਇਜ਼ਹਾਰ ਕੀਤਾ ਸੀ ਕਿ ਸਭ ਕੁਝ ਗੁਰੂ ਸਾਹਿਬ ਜੀ ਦੇ ਭਾਣੇ ਵਿੱਚ ਹੋ ਰਿਹਾ ਹੈ ਅਤੇ ਜੇਕਰ ਗੁਰੂ ਸਾਹਿਬ ਨੇ ਚਾਹਿਆ ਤਾਂ ਉਹ ਵਿਆਹ ਕਰ ਸਕਦੇ ਹਨ। ਉਨ੍ਹਾਂ ਕਿਹਾ ਸੀ ਕਿ ਸਾਡੇ ਗੁਰੂ ਸਾਹਿਬਾਨ ਨੇ ਘਰੇਲੂ ਜੀਵਨ ਜਿਊਣ ਦਾ ਸਾਨੂੰ ਸੰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਕਿੱਥੇ ਹੋਣਗੀਆਂ ਲਾਵਾਂ
ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਕਿਰਨਦੀਪ ਕੌਰ ਦੀਆਂ ਲਾਵਾਂ 10 ਫਰਵਰੀ ਨੂੰ ਸਵੇਰੇ ਕਰੀਬ 10 ਵਜੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਤੀਰ ਸਾਹਿਬ (ਸਾਧਿਆਣਾ ) ਪਿੰਡ ਫਤਿਹਪੁਰ ਦੋਨਾ, ਨੇੜੇ ਪਿੰਡ ਕੁਲਾਰ, ਜ਼ਿਲ੍ਹਾ ਜਲੰਧਰ ਵਿਖੇ ਲਾਵਾਂ ਪੂਰਨ ਗੁਰ ਮਰਿਯਾਦਾ ਅਨੁਸਾਰ ਹੋਣ ਜਾ ਰਹੀਆਂ ਹਨ। ਇਸ ਮੌਕੇ ਗੁਰਬਾਣੀ ਕੀਰਤਨ ਹੋਵੇਗਾ ਅਤੇ ਲੰਗਰ ਪ੍ਰਸ਼ਾਦਾ ਛਕਣ ਉਪਰੰਤ ਨਵੀਂ ਬਣਨ ਜਾ ਰਹੀ ਜੋੜੀ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਜਾਵੇਗੀ।
ਗੁਰਦੁਆਰਾ ਸਾਹਿਬ ਵਿਖੇ ਬੁਕਿੰਗ ਨੂੰ ਵੀ ਰੱਖਿਆ ਗਿਆ ਗੁਪਤ
ਸੂਤਰਾਂ ਅਨੁਸਾਰ ਗੁਰੂ ਘਰ ਵਿਖੇ ਵੀ ਇਸ ਬਾਬਤ ਜੋ ਬੁਕਿੰਗ ਕਰਵਾਈ ਗਈ ਹੈ, ਉੱਥੇ ਵੀ ਗੁਪਤ ਰੱਖਣ ਲਈ ਨਾਂ ਨਸ਼ਰ ਨਾ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਦੋਹਾਂ ਪਰਿਵਾਰਾਂ ਦਾ ਮੇਲ ਭਾਵ ਵਿਚੋਲੇ ਦੀ ਭੂਮਿਕਾ ਭਾਈ ਅਵਤਾਰ ਸਿੰਘ ਖੰਡਾ ਨਾਮ ਦੇ ਸ਼ਖ਼ਸ ਵੱਲੋਂ ਅਦਾ ਕੀਤੀ ਗਈ ਹੈ। ਦੋਨਾ ਇਲਾਕੇ ਦੇ ਕਾਲਾ ਸੰਘਿਆਂ ਅਤੇ ਆਸ-ਪਾਸ ਦੇ ਹੋਰ ਵੱਡੇ ਅਤੇ ਇਤਿਹਾਸਕ ਗੁਰਦੁਆਰਿਆਂ ਭਾਵ ਗੁਰਦੁਆਰਾ ਬਾਬਾ ਕਾਹਨ ਦਾਸ ਕਾਲਾ ਸੰਘਿਆਂ, ਗੁਰਦੁਆਰਾ ਟਾਂਵੀਂ ਸਾਹਿਬ ਕਾਲਾ ਸੰਘਿਆਂ ਅਤੇ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਖੇ ਵੀ ਉਨ੍ਹਾਂ ਦੀ ਟੀਮ ਵੱਲੋਂ ਰਾਬਤਾ ਕਾਇਮ ਕਰਕੇ ਇਹ ਸਮਾਗਮ ਕਰਨ ਲਈ ਪ੍ਰੋਗਰਾਮ ਉਲੀਕਣ ਦਾ ਯਤਨ ਕੀਤਾ ਗਿਆ ਪਰ ਅਖੀਰ ਗੁਰਦੁਆਰਾ ਫਤਿਹਪੁਰ ਦੋਨਾ ਫਾਈਨਲ ਕੀਤਾ ਗਿਆ।
ਦੁਬਈ ਛੱਡ ਕੇ ਪੰਜਾਬ ਪਰਤ ਕੇ ਕੀਤਾ ਅੰਮ੍ਰਿਤ ਪਾਨ
ਅੰਮ੍ਰਿਤਪਾਲ ਸਿੰਘ ਕਪੂਰਥਲਾ ਦੇ ਇਕ ਪਾਲੀਟਿਕਨਿਕ ਅਦਾਰੇ ਤੋਂ ਪੜ੍ਹਾਈ ਕਰਦਿਆਂ ਹੀ 10 ਕੁ ਸਾਲ ਪਹਿਲਾਂ ਆਪਣੇ ਪਰਿਵਾਰਕ ਟਰਾਂਸਪੋਰਟ ਦੇ ਕਾਰੋਬਾਰ ਵਿਚ ਹੱਥ ਵੰਡਾਉਣ ਲਈ ਦੁਬਈ ਚਲੇ ਗਏ ਸਨ, ਜਿੱਥੇ ਉਹ ਭਾਵੇਂ ਗੁਰਸਿੱਖ ਨਹੀਂ ਸਨ, ਫਿਰ ਵੀ ਸੋਸ਼ਲ ਮੀਡੀਆ ਰਾਹੀਂ ਵਾਇਰਲ ਵੀਡੀਓ ਰਾਹੀਂ ਚਰਚਾ ਵਿੱਚ ਰਹਿੰਦੇ ਸਨ। 15 ਫਰਵਰੀ 2022 ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪਹਿਲੇ ਮੁਖੀ ਦੀਪ ਸਿੱਧੂ ਦੀ ਕੁੰਡਲੀ ਬਾਰਡਰ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਮਗਰੋਂ 4 ਮਾਰਚ 2022 ਨੂੰ ਜਥੇਬੰਦੀ ਦਾ ਨਵਾਂ ਮੁਖੀ ਘੋਸ਼ਿਤ ਕਰ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਹੀ ਉਹ ਦੁਬਈ ਛੱਡ ਪੰਜਾਬ ਪਰਤ ਆਏ ਸਨ। 29 ਸਤੰਬਰ 2022 ਨੂੰ ਪਿੰਡ ਰੋਡੇ ਵਿਖੇ ਉਨ੍ਹਾਂ ਦੀ ਵੱਡੇ ਸਮਾਗਮ ਵਿੱਚ ਦਸਤਾਰਬੰਦੀ ਕੀਤੀ ਗਈ। ਇਸੇ ਦੌਰਾਨ ਉਨ੍ਹਾਂ ਖ਼ੁਦ ਹਜ਼ਾਰਾਂ ਲੋਕਾਂ ਨਾਲ ਜਿੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਕੀਤਾ, ਉੱਥੇ ਹੀ ਸਭ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਦੇ ਚਰਨਾਂ ਵਿਚ ਸਿਰ ਭੇਟ ਕਰਨ ਦੀਆਂ ਅਪੀਲਾਂ ਕਰ ਰਹੇ ਹਨ।
ਇਹ ਵੀ ਪੜ੍ਹੋ : ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ 'ਤੇ ਨਿਕਲਿਆ ਇਹ ਸ਼ਖ਼ਸ, ਸ਼ੂਗਰ ਦੇ ਮਰੀਜ਼ਾਂ ਨੂੰ ਦੇ ਰਿਹੈ ਖ਼ਾਸ ਸੰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਠੰਡੇ ਆਂਡਿਆਂ' ਤੋਂ ਪਿਆ ਕਲੇਸ਼, ਦਰਜਨ ਭਰ ਨੌਜਵਾਨਾਂ ਨੇ ਰੇਹੜੀ ਵਾਲੇ 'ਤੇ ਕੀਤਾ ਹਮਲਾ
NEXT STORY