ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੀਆਂ ਉਦਾਸੀਆਂ (ਪ੍ਰਚਾਰ ਯਾਤਰਾਵਾਂ) ਦੇ ਇਤਿਹਾਸ ਨੂੰ ਛਪਵਾ ਕੇ ਸੰਗਤਾਂ ਅਤੇ ਦਿੱਲੀ ਸਥਿਤ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੌਰਾਨ ਜਿਨ੍ਹਾਂ ਦੇਸ਼ਾਂ 'ਚ ਗਏ ਸਨ, ਉਸ ਇਤਿਹਾਸ ਨੂੰ ਲਿਖਣ ਦਾ ਕਾਰਜ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਨੇ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਇਸ ਸਬੰਧੀ ਛਾਪੇ ਗਏ ਵੱਖ-ਵੱਖ ਕਿਤਾਬਚੇ ਜਾਰੀ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਇਤਿਹਾਸ ਭਾਰਤ ਤੋਂ ਇਲਾਵਾ ਅਨੇਕਾਂ ਦੇਸ਼ਾਂ ਤੱਕ ਫੈਲਿਆ ਹੋਇਆ ਹੈ, ਗੁਰੂ ਸਾਹਿਬ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਕਈ ਦੇਸ਼ਾਂ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਖ-ਵੱਖ ਦੇਸ਼ਾਂ ਦੇ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਨੂੰ ਡਾ. ਗਰੇਵਾਲ ਨੇ ਮਿਹਨਤ ਨਾਲ ਲਿਖਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਅੰਗਰੇਜ਼ੀ ਭਾਸ਼ਾ 'ਚ ਛਾਪ ਕੇ ਸੰਗਤ ਤੱਕ ਮੁਫ਼ਤ ਪਹੁੰਚਾਉਣ ਦਾ ਪ੍ਰੋਗਰਾਮ ਉਲੀਕਿਆ ਹੈ।
ਇਸ ਸਬੰਧੀ ਕਰਨਲ ਡਾ. ਗਰੇਵਾਲ ਨੇ ਦੱਸਿਆ ਕਿ 17 ਦੇਸ਼ਾਂ 'ਚ ਗੁਰੂ ਸਾਹਿਬ ਦੀ ਪ੍ਰਚਾਰ ਯਾਤਰਾ ਨੂੰ ਕਿਤਾਬੀ ਰੂਪ ਦਿੱਤਾ ਗਿਆ ਹੈ, ਪਿਛਲੇ 40 ਸਾਲਾਂ ਤੋਂ ਇਸ ਸਬੰਧੀ ਉਹ ਕਾਰਜ ਕਰ ਰਹੇ ਹਨ। ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਕਿਤਾਬਚੇ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਕਰਨਲ ਡਾ. ਗਰੇਵਾਲ ਵੱਲੋਂ ਲਿਖੀਆਂ ਪੁਸਤਕਾਂ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਤੱਕ ਭੇਜੀਆਂ ਜਾਣਗੀਆਂ।
ਮੁੱਖ ਸਕੱਤਰ ਅਨੁਸਾਰ ਛਾਪੀਆਂ ਗਈਆਂ ਪੁਸਤਕਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਅਜ਼ਰਬਾਈਜਾਨ, ਟਰਕੀ, ਈਰਾਨ, ਯੂਰਪ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਅਫ਼ਗਾਨਿਸਤਾਨ, ਕੇਂਦਰੀ ਏਸ਼ੀਆ, ਸਾਊਦੀ ਅਰਬ, ਭੂਟਾਨ ਆਦਿ ਦੇ ਇਤਿਹਾਸ ਨੂੰ ਛਾਪਿਆ ਗਿਆ ਹੈ। ਇਹ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਹੈ।
'ਚੰਡੀਗੜ੍ਹ ਏਅਰਪੋਰਟ' ਤੋਂ ਜਾਣ ਵਾਲੀਆਂ ਫਲਾਈਟਾਂ ਦਾ ਵਿੰਟਰ ਸ਼ਡਿਊਲ ਜਾਰੀ
NEXT STORY