ਅੰਮ੍ਰਿਤਸਰ (ਦਲਜੀਤ) : ਆਯੂਸ਼ਮਾਨ ਭਾਰਤ 'ਸਰਬੱਤ ਸਿਹਤ ਬੀਮਾ' ਯੋਜਨਾ ਤਹਿਤ ਫਤਿਹਗੜ੍ਹ ਸਾਹਿਬ 'ਚ ਫਰਜ਼ੀ ਈ-ਕਾਰਡ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਵਿਭਾਗ ਵਲੋਂ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਹੁਣ ਤੱਕ ਬਣਾਏ ਗਏ ਕਾਰਡਾਂ ਅਤੇ ਕਾਮਨ ਸਰਵਿਸ ਸੈਂਟਰਾਂ ਦੇ ਰਿਕਾਰਡ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ 'ਚ ਅਜੇ ਤੱਕ ਯੋਜਨਾ ਤਹਿਤ 3 ਲੱਖ 27 ਹਜ਼ਾਰ 96 ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਵਿਚ ਯੋਜਨਾ ਤਹਿਤ ਕਾਰਡ ਜਾਅਲੀ ਪਾਏ ਗਏ ਸਨ, ਜਿਸ ਉਪਰੰਤ ਵਿਭਾਗ ਵੱਲੋਂ ਇਨ੍ਹਾਂ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਵਿਭਾਗ ਵਿਚ ਤੁਰੰਤ ਰਾਜ ਦੇ ਸਾਰੇ ਸਿਵਲ ਸਰਜਨਾਂ ਨੂੰ ਆਦੇਸ਼ ਜਾਰੀ ਕਰ ਕੇ ਅਜੇ ਤੱਕ ਬਣਾਏ ਗਏ ਕਾਰਡਾਂ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਗਿਆ ਹੈ। ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੇ ਹੁਣ ਤੱਕ 90 ਕਾਮਨ ਸਰਵਿਸ ਸੈਂਟਰਾਂ ਵੱਲੋਂ 3 ਲੱਖ 27 ਹਜ਼ਾਰ 96 ਈ-ਕਾਰਡ ਬਣਾਏ ਗਏ ਹਨ। ਵਿਭਾਗ ਦੇ ਮਿਲੇ ਨਿਰਦੇਸ਼ਾਂ ਉਪਰੰਤ ਇਸ ਡਿਪਟੀ ਮੈਡੀਕਲ ਕਮਿਸ਼ਨਰ ਦਫ਼ਤਰ ਦੀ ਟੀਮ ਵੱਲੋਂ ਸਰਵਿਸ ਸੈਂਟਰ ਦੇ ਕਾਰਡਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਅਜੇ ਤੱਕ ਜ਼ਿਲੇ 'ਚ ਕੋਈ ਵੀ ਕਾਰਡ ਜਾਅਲੀ ਨਹੀਂ ਬਣਿਆ। ਅੱਜ ਹੀ ਸਰਵਿਸ ਸੈਂਟਰਾਂ ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਜੇਕਰ ਫਰਜ਼ੀ ਆਈ-ਕਾਰਡ ਉਨ੍ਹਾਂ ਵੱਲੋਂ ਬਣਾਇਆ ਗਿਆ ਤਾਂ ਤੁਰੰਤ ਸੈਂਟਰ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ, ਨਾਲ ਹੀ ਸੈਂਟਰ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਡਾਕਟਰ ਨੇ ਕਿਹਾ ਕਿ ਯੋਜਨਾ ਤਹਿਤ ਫਰਜ਼ੀਵਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਦੀ ਟੀਮ ਨੇ ਬਾਕਾਇਦਾ ਇਸ 'ਤੇ ਖਾਸ ਨਜ਼ਰ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ 9 ਸਰਕਾਰੀ ਅਤੇ 40 ਤੋਂ ਵੱਧ ਪ੍ਰਾਈਵੇਟ ਹਸਪਤਾਲਾਂ 'ਚ ਮਰੀਜ਼ਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦਾ ਲੋਕਾਂ ਨੂੰ ਕਾਫ਼ੀ ਲਾਭ ਮਿਲ ਰਿਹਾ ਹੈ। ਜ਼ਰੂਰਤਮੰਦ ਮਰੀਜ਼ ਸਮੇਂ 'ਤੇ ਇਲਾਜ ਕਰਵਾ ਕੇ ਬੀਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ।
ਹਰ ਸਾਲ 5 ਲੱਖ ਤੱਕ ਮੁਫਤ ਇਲਾਜ ਦੀ ਸਹੂਲਤ
ਆਯੂਸ਼ਮਾਨ ਭਾਰਤ 'ਸਰਬੱਤ ਸਿਹਤ ਬੀਮਾ' ਯੋਜਨਾ ਤਹਿਤ ਆਉਣ ਵਾਲੇ ਲਾਭਪਾਤਰੀ ਹਰ ਸਾਲ 5 ਲੱਖ ਤੱਕ ਆਪਣੇ ਪਰਿਵਾਰਕ ਮੈਂਬਰਾਂ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਕਰਵਾ ਸਕਦੇ ਹਨ। ਕਾਮਨ ਸਰਵਿਸ ਸੈਂਟਰ ਵੱਲੋਂ ਯੋਜਨਾ ਦੇ ਕਾਰਡ ਬਣਾਏ ਜਾਂਦੇ ਹਨ। ਘਰ ਦੇ ਮੁਖੀ ਦੇ ਕਾਰਡ ਤੋਂ ਬਾਅਦ ਸਾਰੇ ਮੈਂਬਰਾਂ ਦੇ ਵੱਖ ਤੋਂ ਕਾਰਡ ਬਣਦੇ ਹਨ। ਕਾਰਡ 'ਤੇ ਦਿੱਤੇ ਗਏ ਨੰਬਰਾਂ ਤਹਿਤ ਹਸਪਤਾਲਾਂ 'ਚ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
ਇਹ ਲੋਕ ਯੋਜਨਾ ਦਾ ਲੈ ਸਕਦੇ ਹਨ ਲਾਭ
ਆਯੂਸ਼ਮਾਨ ਭਾਰਤ 'ਸਰਬੱਤ ਸਿਹਤ ਬੀਮਾ' ਯੋਜਨਾ ਤਹਿਤ ਸਰਕਾਰ ਵੱਲੋਂ ਜ਼ਰੂਰਤਮੰਦ ਲੋਕ, ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕ, ਪੱਤਰਕਾਰ ਭਾਈਚਾਰਾ, ਛੋਟੇ ਵਪਾਰੀ, ਕਿਸਾਨਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਸਰਕਾਰ ਵੱਲੋਂ ਬਾਕਾਇਦਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਆਯੂਸ਼ਮਾਨ ਦੋਸਤਾਂ ਨੂੰ ਬਿਠਾ ਕੇ ਯੋਜਨਾ ਦਾ ਲਾਭ ਦੇਣ ਲਈ ਤਾਇਨਾਤ ਕੀਤਾ ਗਿਆ ਹੈ। ਅਜੇ ਤੱਕ ਜ਼ਿਲਾ ਅੰਮ੍ਰਿਤਸਰ 'ਚ 1000 ਤੋਂ ਵੱਧ ਮਰੀਜ਼ ਯੋਜਨਾ ਤਹਿਤ ਲਾਭ ਲੈ ਚੁੱਕੇ ਹਨ।
ਇੰਤਜ਼ਾਰ ਖਤਮ: ਜੂਨ 'ਚ ਖੁੱਲ੍ਹ ਜਾਵੇਗਾ ਪੰਜਾਬ ਦਾ ਪਹਿਲਾ ਸਿੱਖ ਕਿਲਾ
NEXT STORY