ਅੰਮ੍ਰਿਤਸਰ (ਦਲਜੀਤ) : ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਦੀਆਂ ਹੁਣ ਕੀਮਤੀ ਜਾਨਾਂ ਨਹੀਂ ਜਾਣਗੀਆਂ। ਪੰਜਾਬ 'ਚ ਦੁਰਘਟਨਾ ਦੇ ਸ਼ਿਕਾਰ ਲੋਕਾਂ ਦੀ ਵੱਧ ਰਹੀ ਮੌਤ ਦਰ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੋਵਾਂ ਸਰਕਾਰਾਂ ਵਲੋਂ ਮਿਲ ਕੇ ਦੁਰਘਟਨਾ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਸਮੇਂ 'ਤੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 'ਚ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਟਰੋਮਾ ਸੈਂਟਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤਹਿਤ ਇਕ ਟਰੋਮਾ ਸੈਂਟਰ 'ਤੇ 50 ਕਰੋੜ ਦੇ ਕਰੀਬ ਖਰਚ ਆਵੇਗਾ।
ਜਾਣਕਾਰੀ ਅਨੁਸਾਰ ਪੰਜਾਬ 'ਚ ਸੜਕ ਦੁਰਘਟਨਾ ਵਿਚ ਜ਼ਖਮੀ ਲੋਕਾਂ ਨੂੰ ਸਮੇਂ 'ਤੇ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਰਹੀ ਹੈ। ਦੁਰਘਟਨਾ 'ਚ ਜ਼ਖਮੀ ਲੋਕਾਂ ਦੀ ਮੌਤ ਦੀ ਦਰ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਇਸ ਮੌਤ ਦਰ ਨੂੰ ਘੱਟ ਕਰਨ ਅਤੇ ਜ਼ਖਮੀਆਂ ਨੂੰ ਤੁਰੰਤ ਸਿਹਤ ਸੇਵਾਵਾਂ ਦੇਣ ਲਈ ਟਰੋਮਾ ਸੈਂਟਰ ਬਣਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ 12ਵੀਂ 5 ਸਾਲਾ ਯੋਜਨਾ ਤਹਿਤ ਪੰਜਾਬ ਸਰਕਾਰ ਨੂੰ ਵੀ ਟਰੋਮਾ ਸੈਂਟਰ ਬਣਾਉਣ ਲਈ ਸਰਕਾਰੀ ਗ੍ਰਾਂਟ 'ਚ ਹਿੱਸਾ ਪਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਵਿਭਾਗੀ ਨਿਯਮ ਦੱਸਦੇ ਹਨ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਇਸ ਸਬੰਧੀ ਚੰਡੀਗੜ੍ਹ ਵਿਚ ਪਿਛਲੇ ਦਿਨ ਮੀਟਿੰਗ ਵੀ ਹੋਈ ਹੈ। ਟਰੋਮਾ ਸੈਂਟਰ ਬਣਾਉਣ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਨੇ ਆਪਣੀ ਰੁਚੀ ਵੀ ਦਿਖਾਈ ਹੈ ਅਤੇ ਉੱਚ ਅਧਿਕਾਰੀ ਛੇਤੀ ਹੀ ਟਰੋਮਾ ਸੈਂਟਰ ਨੂੰ ਬਣਾਉਣ ਲਈ ਰਸਮੀ ਐਲਾਨ ਕਰ ਸਕਦੇ ਹਨ।
ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ ਟਰੋਮਾ ਸੈਂਟਰ
50 ਕਰੋੜ ਦੇ ਕਰੀਬ ਬਣਨ ਵਾਲੇ ਇਕ ਟਰੋਮਾ ਸੈਂਟਰ 'ਚ ਵੱਖਰਾ ਆਪ੍ਰੇਸ਼ਨ ਥੀਏਟਰ ਹੋਵੇਗਾ, ਐੱਮ. ਆਰ. ਆਈ. ਅਤੇ ਹੋਰ ਟੈਸਟਾਂ ਦੀ ਵੱਖਰੀ ਮਸ਼ੀਨ ਹੋਵੇਗੀ। ਟਰੋਮਾ ਸੈਂਟਰ ਦਾ ਆਪਣਾ ਆਈ. ਸੀ. ਯੂ. ਹੋਵੇਗਾ। ਸਰਜਰੀ, ਆਰਥੋ, ਨਿਊਰੋ ਆਦਿ ਡਾਕਟਰਾਂ ਦੀ ਟੀਮ ਹਰ ਸਮੇਂ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਹਾਈ ਪ੍ਰੋਫਾਈਲ ਟੀਮ ਸੈਂਟਰ 'ਚ ਮੌਜੂਦ ਰਹੇਗੀ। ਸਾਰਾ ਟਰੋਮਾ ਸੈਂਟਰ ਏ. ਸੀ. ਹੋਵੇਗਾ। ਸੈਂਟਰ ਵਿਚ ਅਤਿ-ਆਧੁਨਿਕ ਸਮੱਗਰੀ ਲਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।
ਜੀ. ਟੀ. ਰੋਡ ਨੇੜੇ ਬਣੇ ਹਸਪਤਾਲਾਂ 'ਚ ਬਣਨਗੇ ਟਰੋਮਾ ਸੈਂਟਰ
ਯੋਜਨਾ ਬਣਾਈ ਜਾ ਰਹੀ ਹੈ ਕਿ ਜੀ. ਟੀ. ਰੋਡ ਨੇੜੇ ਸਥਿਤ ਸਰਕਾਰੀ ਹਸਪਤਾਲਾਂ 'ਚ ਇਹ ਟਰੋਮਾ ਸੈਂਟਰ ਬਣਾਏ ਜਾਣਗੇ। ਅੰਮ੍ਰਿਤਸਰ ਵਿਚ ਇਹ ਸੈਂਟਰ ਗੁਰੂ ਨਾਨਕ ਦੇਵ ਹਸਪਤਾਲ 'ਚ ਇਸ ਲਈ ਬਣਾਇਆ ਜਾ ਰਿਹਾ ਹੈ ਕਿਉਂਕਿ ਜੀ. ਟੀ. ਰੋਡ ਤੋਂ ਇਸ ਦੀ ਦੂਰੀ ਸਿਰਫ 2 ਕਿਲੋਮੀਟਰ ਦੇ ਕਰੀਬ ਹੀ ਹੈ। ਇਸੇ ਤਰ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਧੀਨ ਚੱਲਣ ਵਾਲੇ ਹਸਪਤਾਲ 'ਚ ਵੀ ਇਹ ਸੈਂਟਰ ਬਣਾਇਆ ਜਾ ਰਿਹਾ ਹੈ ਕਿਉਂਕਿ ਉਥੇ ਵੀ ਇਸ ਦੀ ਦੂਰੀ ਕਾਫ਼ੀ ਘੱਟ ਹੈ।
ਐਮਰਜੈਂਸੀ 'ਚ ਹੀ ਹੋ ਰਿਹੈ ਜ਼ਖਮੀਆਂ ਦਾ ਇਲਾਜ
ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਟਰੋਮਾ ਸੈਂਟਰ ਨਾ ਹੋਣ ਕਾਰਨ ਦੁਰਘਟਨਾ ਵਿਚ ਜ਼ਖਮੀ ਲੋਕਾਂ ਦਾ ਇਲਾਜ ਐਮਰਜੈਂਸੀ ਵਿਚ ਕੀਤਾ ਜਾ ਰਿਹਾ ਹੈ। ਕਈ ਵਾਰ ਤਾਂ ਹਸਪਤਾਲਾਂ ਦੀ ਐਮਰਜੈਂਸੀ 'ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅਤੇ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਪੰਜਾਬ ਦੇ ਕਈ ਹਸਪਤਾਲ ਤਾਂ ਅਜਿਹੇ ਵੀ ਹਨ, ਜਿਨ੍ਹਾਂ 'ਚ ਡਾਕਟਰਾਂ ਦੀ ਭਾਰੀ ਘਾਟ ਹੈ ਅਤੇ ਮੌਕੇ 'ਤੇ ਜ਼ਖਮੀਆਂ ਨੂੰ ਡਾਕਟਰ ਵੀ ਨਹੀਂ ਮਿਲਦੇ।
ਗੁਰੂ ਨਾਨਕ ਦੇਵ ਹਸਪਤਾਲ ਟਰੋਮਾ ਸੈਂਟਰ ਲਈ ਹੈ ਪੂਰੀ ਤਰ੍ਹਾਂ ਤਿਆਰ- ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸ਼ਿਵਚਰਨ ਨੇ ਕਿਹਾ ਕਿ ਵਿਭਾਗ ਵੱਲੋਂ ਜੇਕਰ ਟਰੋਮਾ ਸੈਂਟਰ ਉਕਤ ਹਸਪਤਾਲ ਵਿਚ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਦੁਰਘਟਨਾ ਵਿਚ ਜ਼ਖਮੀ ਮਰੀਜ਼ਾਂ ਨੂੰ ਕਾਫ਼ੀ ਲਾਭ ਮਿਲੇਗਾ। ਮੈਡੀਕਲ ਕਾਲਜ ਅਧੀਨ ਚੱਲ ਰਹੇ ਇਸ ਹਸਪਤਾਲ ਵਿਚ ਪੂਰੇ ਡਾਕਟਰ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੀ ਟਰੋਮਾ ਸੈਂਟਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਡਾਕਟਰ ਵਰਗ ਹਮੇਸ਼ਾ ਹੀ ਜ਼ਖਮੀ ਮਰੀਜ਼ਾਂ ਦੀ ਜਾਂਚ ਲਈ ਗੰਭੀਰਤਾ ਨਾਲ ਕੰਮ ਕਰਦਾ ਹੈ।
ਨਵੀਨ ਪਟਨਾਇਕ ਅੱਜ 5ਵੀਂ ਵਾਰ ਚੁੱਕਣਗੇ ਸੀ.ਐੱਮ. ਅਹੁਦੇ ਦੀ ਸਹੁੰ (ਪੜ੍ਹੋ 29 ਮਈ ਦੀਆਂ ਖਾਸ ਖਬਰਾਂ)
NEXT STORY