ਅੰਮ੍ਰਿਤਸਰ (ਮਮਤਾ) : ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਅਯੁੱਧਿਆ ਮੰਦਰ ਦੇ ਚਰਚਿਤ ਕੇਸ ਦੌਰਾਨ ਸਿੱਖ ਧਰਮ ਪ੍ਰਤੀ 'ਕਲਟ' ਸ਼ਬਦ ਦਾ ਪ੍ਰਯੋਗ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਗਲਤ ਗਵਾਹੀ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕੇਸ ਰਜਿਸਟਰਡ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਦੌਰਾਨ ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਨੇ ਦਿੱਤੀ। ਡਾ. ਰੰਧਾਵਾ ਨੇ ਗੱਲਬਾਤ ਦੌਰਾਨ ਦੱਸਿਆ ਕਿ 'ਕਲਟ' ਇਕ ਨਾਕਾਰਾਤਮਕ ਅਤੇ ਇਤਰਾਜ਼ਯੋਗ ਸ਼ਬਦ ਹੈ। ਅਯੁੱਧਿਆ ਕੇਸ 'ਚ ਗਵਾਹ ਬਣੇ ਰਾਜਿੰਦਰ ਸਿੰਘ ਅਤੇ ਅਦਾਲਤ ਵਲੋਂ ਸਿੱਖ ਧਰਮ ਪ੍ਰਤੀ 'ਕਲਟ' ਸ਼ਬਦ ਦਾ ਵਾਰ-ਵਾਰ ਇਸਤੇਮਾਲ ਕਰਨ ਅਤੇ ਗੁਰੂ ਸਾਹਿਬਾਨ ਵਲੋਂ ਕੀਤੀਆਂ ਉਦਾਸੀਆਂ ਦੌਰਾਨ ਗਲਤ ਤੱਥਾਂ ਨਾਲ ਪੇਸ਼ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਦਾਇਰ ਕੀਤੇ ਗਏ ਮਾਮਲੇ 'ਚ ਅਨਿਰਭਨ ਭੱਟਾਚਾਰੀਆ, ਲਸ਼ਮਾ ਰੰਧਾਵਾ ਅਤੇ ਧਨੰਜੇ ਗਰੋਵਰ 3 ਵਕੀਲਾਂ ਦਾ ਪੈਨਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਤੋਂ ਜ਼ਾਹਿਰ ਹੁੰਦਾ ਹੈ ਕਿ ਰਾਜਿੰਦਰ ਸਿੰਘ ਜੋ ਕਿ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਹੈ ਅਤੇ ਆਰ. ਐੱਸ. ਐੱਸ. ਦਾ ਐਕਟੀਵਿਸਟ ਹੈ, ਆਪਣੇ-ਆਪ ਨੂੰ ਵਿਦਵਾਨ ਮੰਨਦਾ ਹੈ, ਜਦਕਿ ਉਹ ਸਿਰਫ ਹਾਈ ਸੈਕੰਡਰੀ ਪਾਸ ਹੈ। ਉਸ ਨੇ ਅਯੁੱਧਿਆ ਦੇ ਕੇਸ 'ਚ ਗਵਾਹੀ ਦੌਰਾਨ ਸਿੱਖ ਧਰਮ ਨੂੰ ਗਲਤ ਤੱਥਾਂ ਨਾਲ ਪੇਸ਼ ਕੀਤਾ ਹੈ।
ਡਾ. ਰੰਧਾਵਾ ਨੇ ਕਿਹਾ ਕਿ ਡਿਕਸ਼ਨਰੀ ਵਿਚ 'ਕਲਟ' ਸ਼ਬਦ ਦਾ ਮਤਲਬ ਕੱਢਣ 'ਤੇ ਬਹੁਤ ਨਾਕਾਰਾਤਮਕ ਸ਼ਬਦ ਸਾਹਮਣੇ ਆਉਂਦੇ ਹਨ, ਜਿਸ ਦਾ ਕੇਸ 'ਚੋਂ ਹਟਾਏ ਜਾਣਾ ਬਹੁਤ ਜ਼ਰੂਰੀ ਹੈ। ਦੂਸਰੇ ਪਾਸੇ ਗਵਾਹ ਰਾਜਿੰਦਰ ਸਿੰਘ ਨੇ ਮੰਨਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਯੁੱਧਿਆ ਆਏ ਤਾਂ ਉਨ੍ਹਾਂ ਨੇ ਮੰਦਰ ਦੇ ਦਰਸ਼ਨ ਕਰਦਿਆਂ ਪੂਜਾ ਕੀਤੀ, ਜਦਕਿ ਪੁਰਾਤਨ ਜਨਮ ਸਾਖੀ ਅਤੇ ਬਾਲਾ ਜੀ ਸਾਖੀ 'ਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ। ਇਸ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਅਨੁਰਾਗ ਸਿੰਘ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਚਰਚਾ ਬਿਆਨ ਵੀ ਨੱਥੀ ਕੀਤੇ ਗਏ ਹਨ।
ਉਨ੍ਹਾਂ ਅਨੁਸਾਰ ਰਾਜਿੰਦਰ ਸਿੰਘ ਸੰਘ ਨਾਲ ਸਬੰਧਤ ਹੈ, ਜੋ ਗੁਰੂ ਸਾਹਿਬ ਜੀ ਦੀ ਜੀਵਨੀ ਨੂੰ ਗਲਤ ਤੱਥਾਂ ਨਾਲ ਪੇਸ਼ ਕਰ ਰਿਹਾ ਹੈ। ਇਹ ਚੀਜ਼ ਸਿੱਖ ਧਰਮ ਦੇ ਹਰ ਸਿੱਖ ਨੂੰ ਦੁੱਖ ਪਹੁੰਚਾਉਂਦੀ ਹੈ। ਇਸ ਮਾਮਲੇ ਨੂੰ ਲੈ ਕੇ ਐੱਸ. ਜੀ. ਪੀ. ਸੀ. ਦੇ ਆਗੂਆਂ ਨਾਲ ਵੀ ਸਲਾਹ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰਟ ਨੂੰ ਵੀ ਚਾਹੀਦਾ ਸੀ ਕਿ ਸਿੱਖ ਅਥਾਰਟੀ ਤੋਂ ਗਵਾਹੀ ਲੈਂਦਿਆਂ ਸਿੱਖ ਪ੍ਰਮੁੱਖ ਵਿਦਵਾਨ ਸ਼ਖਸੀਅਤਾਂ ਦੀ ਸਲਾਹ ਵੀ ਲਈ ਜਾਂਦੀ, ਜਦਕਿ ਇਕ ਬੰਦੇ ਦੀ ਕਾਲਪਨਿਕ ਗਵਾਹੀ ਲਈ ਗਈ ਹੈ। ਉਨ੍ਹਾਂ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਇਸ ਸਬੰਧੀ ਬਹੁਤ ਸਾਰੇ ਰਾਜਨੀਤਕ ਆਗੂਆਂ ਅਤੇ ਧਰਮ ਦੇ ਮੋਢੀਆਂ ਨੇ ਵੀ ਚੁੱਪੀ ਸਾਧੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਫਰਾਂਸ 'ਚ ਦਸਤਾਰ ਮਾਮਲੇ ਨੂੰ ਲੈ ਕੇ ਮਾਰਚ 2005 'ਚ ਵੀ ਪਟੀਸ਼ਨ ਪਾ ਕੇ ਲੜਾਈ ਲੜੀ ਗਈ ਸੀ। ਇਸੇ ਤਰ੍ਹਾਂ ਸਿੱਖ ਧਰਮ ਦੀ ਮਰਿਆਦਾ ਨੂੰ ਧਿਆਨ 'ਚ ਰੱਖਦਿਆਂ ਸਿੱਖ ਨੇਸ਼ਨ ਆਰਗੇਨਾਈਜ਼ੇਸ਼ਨ ਹਮੇਸ਼ਾ ਤਿਆਰ ਹੈ। ਮਾਣਯੋਗ ਸੁਪਰੀਮ ਕੋਰਟ ਤੋਂ ਮੰਗ ਕੀਤੀ ਜਾਵੇਗੀ ਕਿ ਅਯੁੱਧਿਆ ਕੇਸ 'ਚੋਂ 'ਕਲਟ' ਸ਼ਬਦ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਪੱਕੇ ਤੌਰ 'ਤੇ ਹਟਾ ਦਿੱਤਾ ਜਾਵੇ।
ਅਕਾਲੀਆਂ ਦੇ ਚਿਹਰੇ 'ਤੇ 'ਖਾਮੋਸ਼ੀ', 'ਨਮੋਸ਼ੀ' ਦਾ ਆਲਮ!
NEXT STORY