ਅੰਮ੍ਰਿਤਸਰ (ਹਰਪ੍ਰੀਤ ਸਿੰਘ ਕਾਹਲੋਂ) : ਅੰਮ੍ਰਿਤਸਰ ਕੱਟੜਾ ਦਲ ਸਿੰਘ ਦੀਆਂ ਗਲੀਆਂ 'ਚ ਇਕ ਜ਼ਿਕਰ ਅਕਸਰ ਸੁਣੀਂਦਾ ਹੈ ਕਿ ਇੱਥੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਆਪਣੇ ਆਖਰੀ ਸਾਲਾਂ 'ਚ ਰਹਿੰਦੇ ਰਹੇ ਹਨ। ਉਹ ਫੌਤ ਵੀ ਇੱਥੇ ਹੋਏ ਅਤੇ ਉਨ੍ਹਾਂ ਦੀ ਦੇਹ ਨੂੰ ਸਸਕਾਰ ਲਈ ਉਨ੍ਹਾਂ ਦੇ ਪਿੰਡ ਸਰਹਾਲੀ ਵਿਖੇ ਲਿਜਾਇਆ ਗਿਆ। ਗੁਰਦੁਆਰਾ ਕੌਲਸਰ ਸਾਹਿਬ ਦੇ ਸਾਹਮਣੇ ਇਸ ਵੇਲੇ ਨਗਰ ਨਿਗਮ ਦਾ ਪਾਣੀ ਸਪਲਾਈ ਕਰਨ ਵਾਲਾ ਕੋਠਾ ਹੈ। ਇੱਥੇ ਕਰਮ ਸਿੰਘ ਦਾ ਘਰ ਸੀ ਜਿਨ੍ਹਾਂ ਦਾ ਪਿਛੋਕੜ ਸਰਹਾਲੀ ਦਾ ਸੀ। ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਆਖਰੀ ਸਾਲਾਂ 'ਚ ਇੱਥੇ ਆਪਣੇ ਪਿੰਡ ਵਾਲੇ ਕਰਮ ਸਿੰਘ ਦੇ ਘਰ ਰਹਿੰਦੇ ਰਹੇ ਹਨ ਅਤੇ ਇੱਥੇ ਹੀ ਉਹ ਅਕਾਲ ਚਲਾਣਾ ਕਰ ਗਏ। ਕੱਟੜਾ ਦਲ ਸਿੰਘ ਦੇ ਮਨਦੀਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਬਾਰੇ ਨਗਰ ਨਿਗਮ ਦਾ ਰਿਕਾਰਡ ਕੀ ਕਹਿੰਦਾ ਹੈ ਇਸ ਬਾਰੇ ਤਾਂ ਨਹੀਂ ਪਤਾ ਪਰ ਦਰਬਾਰ ਸਾਹਿਬ ਦੇ ਨਾਲ ਲੱਗਦੀ ਕੱਟੜਾ ਦਲ ਸਿੰਘ ਦੀ ਇਹ ਗਲੀ ਬਾਬਾ ਗੁਰਦਿੱਤ ਸਿੰਘ ਮਾਰਗ ਹੀ ਵੱਜਦੀ ਹੈ।
ਹਵਾਲਾ ਆਖਰੀ ਗਵਾਹ ਦੀ ਜ਼ੁਬਾਨੀ
ਮਾਤਾ ਸੁਰਜੀਤ ਕੌਰ 100 ਸਾਲ ਦੇ ਹਨ। ਨਵੇਂ ਧਰਮਪੁਰੇ ਲਾਹੌਰ ਦੀਆਂ ਗਲੀਆਂ ਤੋਂ ਵੰਡ ਦਾ ਪਰਵਾਸ ਅੰਬਰਸਰ ਨੂੰ ਹੋਇਆ। ਸੁਰਜੀਤ ਕੌਰ ਕਹਿੰਦੇ ਹਨ ਕਿ ਉਨ੍ਹਾਂ ਦਿਨਾਂ 'ਚ ਮੈਂ 25 ਜਾਂ 26 ਸਾਲਾਂ ਦੀ ਹੋਵਾਂਗੀ ਪਰ ਸਾਫ ਕੁਝ ਯਾਦ ਨਹੀਂ। ਉਦੋਂ ਉਮਰਾਂ ਗਿਣਨ ਦਾ ਬਹੁਤਾ ਰਿਵਾਜ ਨਹੀਂ ਸੀ। ਮਾਤਾ ਸੁਰਜੀਤ ਦੇ ਆਪਣੇ ਮਾਂ-ਪਿਓ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਸਨ। ਆਪ ਉਹ ਆਪਣੇ ਤਾਏ ਦੀ ਧੀ ਘਰ ਰਹਿੰਦੇ ਸਨ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚੇ ਤਾਇਆ ਦਾ ਪਰਿਵਾਰ ਅੱਜ ਵੀ ਲਹਿੰਦੇ ਪੰਜਾਬ 'ਚ ਹੈ ਅਤੇ ਸਿੱਖ ਹੀ ਹੈ। 47 ਦੇ ਹੱਲਿਆਂ 'ਚ ਨਵੇਂ ਧਰਮਪੁਰੇ ਬਾਜ਼ਾਰ 'ਚ ਜਦੋਂ ਧਾੜਵੀ ਪਏ ਤਾਂ ਉਹ ਘਰ 'ਚ ਇਕੱਲੀ ਸੀ। ਉਸ ਨਾਲ ਗੁਆਂਢ ਦੀਆਂ ਪੰਜ ਛੇ ਕੁੜੀਆਂ ਹੋਰ ਸਨ। ਉਨ੍ਹਾਂ ਨੂੰ ਇਕ ਮੌਲਵੀ ਨੇ ਬਚਾਇਆ ਸੀ।
ਬਾਬਾ ਗੁਰਦਿੱਤ ਸਿੰਘ ਤੇ ਦੇਸ਼
ਉਮੀਦ ਭਰੀ ਰੌਸ਼ਨੀ ਅੱਖਾਂ 'ਚ ਲੈ ਮਾਤਾ ਸੁਰਜੀਤ ਕੌਰ ਵਤਨ ਅਤੇ ਮਿੱਟੀ ਦੀ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਦੇਸ਼ ਲਈ ਕੁਝ ਕਰੋ। ਉਨ੍ਹਾਂ ਦੀਆਂ ਯਾਦਾਂ 'ਚ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦਾ ਜ਼ਿਕਰ ਹੈ। ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉਹ ਜਦੋਂ ਬਾਬਾ ਗੁਰਦਿੱਤ ਸਿੰਘ ਨੂੰ ਮਿਲੇ ਸੀ ਤਾਂ ਉਹ ਗੁਰਦੁਆਰਾ ਕੌਲਸਰ ਵਾਲੇ ਪਾਸਿਓਂ ਆ ਰਹੀ ਸੀ। ਮੈਂ ਸਿਲਾਈ ਕਢਾਈ ਦਾ ਕੰਮ ਕਰਦੀ ਸਾਂ ਅਤੇ ਉਨ੍ਹਾਂ ਦੇ ਕਛਹਿਰੇ ਮੈਂ ਸਿਊਂਦੀ ਰਹੀ ਹਾਂ। ਉਨ੍ਹਾਂ ਮੁਤਾਬਕ ਬਾਬਾ ਗੁਰਦਿੱਤ ਸਿੰਘ ਚੜ੍ਹਦੀ ਕਲਾ ਵਾਲੇ ਬੰਦੇ ਸਨ ਅਤੇ ਉਨ੍ਹਾਂ ਨੂੰ ਮੈਂ ਆਖਰੀ ਛੇ-ਸੱਤ ਸਾਲ ਵੇਂਹਦੀ ਰਹੀ ਹਾਂ। ਮੇਰੇ ਪਤੀ ਵੀਰ ਸਿੰਘ ਵੀਰ ਵੀ ਉਨ੍ਹਾਂ ਨੂੰ ਮਿਲਦੇ ਸਨ। ਉਨ੍ਹਾਂ ਦੇ ਆਖਰੀ ਸਵਾਸ ਛੱਡਣ ਵੇਲੇ ਵੀ ਅਸੀਂ ਉਨ੍ਹਾਂ ਕੋਲ ਸਾਂ। ਉਸ ਸਮੇਂ ਉਨ੍ਹਾਂ ਦੇ ਪਤੀ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਕੇਹਰ ਸਿੰਘ (ਘਰ ਦੇ ਮਾਲਕ), ਰਾਧਾ ਕ੍ਰਿਸ਼ਨ (ਨਗਰ ਨਿਗਮ ਅੰਮ੍ਰਿਤਸਰ ਦੇ ਪ੍ਰਧਾਨ ਰਹੇ ਹਨ), ਦਰਸ਼ਨ ਸਿੰਘ ਫੇਰੂਮਾਨ ਵੀ ਹਾਜ਼ਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਥੋਂ ਪਿੰਡ ਸਰਹਾਲੀ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਸਸਕਾਰ ਹੋਇਆ। ਪੰਜਾਬ ਸਰਕਾਰ ਨੇ 2014 'ਚ ਕਾਮਾਗਾਟਾਮਾਰੂ ਦੀ ਵਰ੍ਹੇਗੰਢ ਮੌਕੇ ਬਾਬਾ ਗੁਰਦਿੱਤ ਸਿੰਘ ਦਾ ਘਰ ਬਣਾਉਣ ਦਾ ਐਲਾਨ ਕੀਤਾ ਸੀ ਪਰ, ਅੱਜ ਦੀ ਤਾਰੀਖ਼ ਤੱਕ ਉਨ੍ਹਾਂ ਦਾ ਘਰ ਯਾਦਗਰ ਵਜੋਂ ਨਹੀਂ ਬਣਾਇਆ ਗਿਆ। ਮਾਤਾ ਸੁਰਜੀਤ ਕੌਰ ਕਹਿੰਦੇ ਹਨ ਕਿ ਇਹੋ ਨਹੀਂ ਗਿਆਨੀ ਜ਼ੈਲ ਸਿੰਘ ਹੁਰਾਂ ਵੀ ਕਿਹਾ ਸੀ ਕਿ ਅੰਮ੍ਰਿਤਸਰ 'ਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਘਰ ਬਣਾਵਾਂਗੇ ਪਰ ਨਹੀਂ ਬਣਿਆ।
ਸ੍ਰੀ ਹਰਿਮੰਦਰ ਸਾਹਿਬ ਅਤੇ ਵੰਡ 47
ਮਾਤਾ ਸੁਰਜੀਤ ਕੌਰ ਦੱਸਦੇ ਹਨ ਕਿ ਵੰਡ ਵੇਲੇ ਉਨ੍ਹਾਂ ਲਈ ਆਸਰੇ ਦਾ ਟਿਕਾਣਾ ਦਰਬਾਰ ਸਾਹਿਬ ਦੀ ਪਰਿਕਰਮਾ ਬਣੀ। ਇੱਥੇ ਹਜ਼ਾਰਾਂ ਰਫਿਊਜੀਆਂ ਨੂੰ ਥਾਂ ਮਿਲੀ। ਗੁਰੂ ਰਾਮਦਾਸ ਜੀ ਦੇ ਲੰਗਰ 'ਚੋਂ ਲੰਗਰ ਛਕਦੇ ਅਤੇ ਇੱਥੇ ਹੀ ਸੇਵਾ ਕਰਦੇ। ਮਾਤਾ ਜੀ ਮੁਤਾਬਕ ਉਨ੍ਹਾਂ ਵੇਲਿਆਂ 'ਚ ਵੀ ਗੁਰੂ ਘਰ ਦਾ ਲੰਗਰ ਕਦੀ ਥੁੜ੍ਹਿਆ ਨਹੀਂ। ਇਕ ਵਾਰੀ ਲੰਗਰ 'ਚ ਰਸਦ ਘਟੀ ਤਾਂ ਮਾਲਵੇ 'ਚੋਂ ਬਾਜਰੇ ਦਾ ਭਰਿਆ ਗੱਡਾ ਪਹੁੰਚ ਗਿਆ। ਅਸਾਂ ਸਾਰੀਆਂ ਬੀਬੀਆਂ ਚੱਕੀ ਡਾਹੀ ਅਤੇ ਬਾਜਰਾ ਪੀਸਿਆ। ਉਨ੍ਹਾਂ ਵੇਲਿਆਂ 'ਚ ਜੇ ਕੱਟ-ਵੱਢ ਸੀ ਤਾਂ ਹੱਥਾਂ ਨੂੰ ਹੱਥਾਂ ਦਾ ਸਹਾਰਾ ਵੀ ਸੀ। ਇੱਥੋਂ ਫੇਰ ਮੈਨੂੰ ਮੇਰੀ ਭੂਆ ਦਾ ਪੁੱਤ ਲੈ ਗਿਆ ਅਤੇ ਮੇਰਾ ਵਿਆਹ ਆਜ਼ਾਦੀ ਘੁਲਾਟੀਏ ਜੁਝਾਰੂ ਕਵੀ ਵੀਰ ਸਿੰਘ ਵੀਰ ਨਾਲ ਇਕ ਰੁਪਏ ਦੇ ਸ਼ਗਨ ਨਾਲ ਹੋਇਆ। ਉਨ੍ਹਾਂ ਮੁਤਾਬਕ ਕੱਟੜਾ ਦਲ ਸਿੰਘ ਦਾ ਇਹ ਮੁਹੱਲਾ ਬਹੁਤ ਖਾਸ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਘਰ ਵੀ ਇਸੇ ਗਲੀ 'ਚ ਹੈ। ਉਨ੍ਹਾਂ ਦੀ ਮਾਤਾ ਅਤੇ ਉਹ ਇਕੱਠੇ ਸਿਲਾਈ ਕਢਾਈ ਦਾ ਕੰਮ ਕਰਦੇ ਰਹੇ ਹਨ।
ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ
ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ (1861-1954) ਦਾ ਜਨਮ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ 'ਚ ਹੋਇਆ ਸੀ। ਇਨ੍ਹਾਂ ਦੇ ਦਾਦਾ ਸਿੱਖ ਫੌਜ 'ਚ ਸਨ ਅਤੇ ਪਿਤਾ ਕਿਸਾਨ ਸਨ। 1870 'ਚ ਗੁਰਦਿੱਤ ਸਿੰਘ ਮਲੇਸ਼ੀਆ ਚਲੇ ਗਏ। 1885 'ਚ ਇਨ੍ਹਾਂ ਦਾ ਪਹਿਲਾ ਵਿਆਹ ਹੋਇਆ। ਪਹਿਲੇ ਵਿਆਹ 'ਚੋਂ ਦੋ ਕੁੜੀਆਂ ਅਤੇ ਇਕ ਮੁੰਡਾ ਸੀ। ਤਿੰਨਾਂ ਦੀ ਹੀ ਮੌਤ ਹੋ ਗਈ ਸੀ। ਇਨ੍ਹਾਂ ਦੀ ਦੂਜੀ ਪਤਨੀ 'ਚੋਂ ਬਲਵੰਤ ਸਿੰਘ ਇਨ੍ਹਾਂ ਦਾ ਪੁੱਤਰ ਸੀ ਜੋ ਇਨ੍ਹਾਂ ਦਾ ਵਾਰਸ ਬਣਿਆ। ਬਾਬਾ ਗੁਰਦਿੱਤ ਸਿੰਘ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਬਣਾਈ ਸੀ। ਇਸੇ ਤਹਿਤ ਇਨ੍ਹਾਂ ਜਾਪਾਨੀਆਂ ਤੋਂ ਕਾਮਾਗਾਟਾਮਾਰੂ ਜਹਾਜ਼ ਖਰੀਦਿਆ ਸੀ ਜਿਸ ਦਾ ਬਾਅਦ 'ਚ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। 1914 ਵਿਚ ਹਾਂਗਕਾਂਗ ਤੋਂ ਕੈਨੇਡਾ ਭਾਰਤੀ ਯਾਤਰੂਆਂ ਨਾਲ ਜਹਾਜ਼ ਪਹੁੰਚਿਆ ਸੀ। ਇਸੇ ਤਹਿਤ ਇਨ੍ਹਾਂ ਕੈਨੇਡੀਅਨ ਪ੍ਰਵਾਸੀ ਕਾਨੂੰਨ ਨੂੰ ਵੰਗਾਰਿਆ ਸੀ ਕਿਉਂਕਿ ਇਸ ਕਾਨੂੰਨ ਅਧੀਨ ਭਾਰਤੀਆਂ ਦੇ ਆਗਮਨ ਨੂੰ ਬੰਦ ਕਰਨ ਦਾ ਬੰਦੋਬਸਤ ਸੀ। ਇਹੋ ਜਹਾਜ਼ ਇਨ੍ਹਾਂ ਵਿਰੋਧੀ ਹਾਲਾਤ 'ਚੋਂ ਲੰਘਦਾ 29 ਸਤੰਬਰ 1914 ਨੂੰ ਕਲਕੱਤਾ ਦੇ ਬਜਬਜ ਘਾਟ 'ਤੇ ਪਹੁੰਚਿਆ ਜਿੱਥੋਂ ਜਹਾਜ਼ 'ਚ ਸ਼ਾਮਲ ਸਾਰੇ ਸਰਕਾਰ ਦੇ ਵਿਦਰੋਹੀ ਸਨ ਅਤੇ ਇਨ੍ਹਾਂ ਸਭ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਵਿਚ ਉਨ੍ਹਾਂ ਦੇ ਘਰੋ-ਘਰੀਂ ਵਾਪਸ ਭੇਜਿਆ ਗਿਆ। ਇਸੇ ਦੌਰਾਨ ਸਿੱਖ ਮੁਸਾਫਰਾਂ ਨੇ ਵਾਪਸ ਜਾਣ ਤੋਂ ਮਨ੍ਹਾਂ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਣੇ ਸਿਰ ਉੱਪਰ ਚੁੱਕ ਕੇ ਸ਼ਹਿਰ 'ਚ ਸਰਕਾਰ ਵਿਰੁੱਧ ਜਲੂਸ ਕੱਢਿਆ। ਇਸ ਦੌਰਾਨ 18 ਸਿੱਖ ਮਾਰੇ ਗਏ, 25 ਜ਼ਖ਼ਮੀ ਹੋਏ ਅਤੇ ਬਾਬਾ ਗੁਰਦਿੱਤ ਸਿੰਘ ਬਚ ਨਿਕਲੇ ਅਤੇ ਸੱਤ ਸਾਲ ਅੰਗਰੇਜ਼ ਸਰਕਾਰ ਤੋਂ ਗ੍ਰਿਫਤਾਰੀ ਲਈ ਲੁਕਣ ਮੀਟੀ ਖੇਡਦੇ ਰਹੇ। 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਵਿਖੇ ਗੁਰਪੁਰਬ ਮੌਕੇ ਬਾਬਾ ਗੁਰਦਿੱਤ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ। ਇਸ ਤੋਂ ਬਾਅਦ ਕਈ ਵਾਰ ਭੜਕਾਊ ਭਾਸ਼ਣ ਦੇਣ ਤੋਂ ਲੈ ਕੇ ਸਰਕਾਰ ਵਿਰੋਧੀ ਕਾਰਵਾਈਆਂ ਕਰ ਕੇ ਵੱਖ-ਵੱਖ ਸਮੇਂ 'ਚ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। 1937 'ਚ ਇਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਕੈਰੋਂ ਤੋਂ ਹਾਰ ਗਏ। ਬਾਬਾ ਗੁਰਦਿੱਤ ਸਿੰਘ ਨੇ 1934 'ਚ ਅਕਾਲੀਆਂ ਵੱਲੋਂ ਸਰਬ-ਸੰਪਰਦਾਇ ਕਾਨਫਰੰਸ 'ਚ ਵੀ ਹਿੱਸਾ ਲਿਆ ਸੀ। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਅਕਾਲ ਚਲਾਣਾ ਕਰ ਗਏ। ਕਹਿੰਦੇ ਹਨ ਕਿ ਬਾਬਾ ਗੁਰਦਿੱਤ ਸਿੰਘ ਨੇ ਜਿਹੜੀ ਹੱਡਬੀਤੀ ਲਿਖੀ ਅਤੇ ਜਿਵੇਂ ਉਹ ਕੇਸ ਲੜਦੇ ਰਹੇ ਉਨ੍ਹਾਂ 'ਚ ਜ਼ਿਕਰ ਸੀ ਗੁਰੂ ਨਾਨਕ ਜਹਾਜ਼ ਅਤੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦਾ ਅਤੇ ਉਹ ਚਾਹੁੰਦੇ ਸਨ ਕਿ ਦੁਨੀਆ ਉਨ੍ਹਾਂ ਦੇ ਜਹਾਜ਼ ਨੂੰ ਇਸ ਨਾਂ ਨਾਲ ਹੀ ਜਾਣੇ। ਅਖੀਰ ਬਾਬਾ ਗੁਰਦਿੱਤ ਸਿੰਘ ਦਾ ਜਹਾਜ਼ ਕਾਮਾਗਾਟਾਮਾਰੂ ਹੀ ਰਿਹਾ।
ਸੁਖਬੀਰ ਦੀ ਅਮਿਤ ਨਾਲ ਬੈਠਕ ਨੂੰ ਕੀਤਾ ਅੱਖੋਂ ਪਰੋਖੇ, ਮਿਨਹਾਸ ਬਣੇ ਹਜ਼ੂਰ ਸਾਹਿਬ ਬੋਰਡ ਦੇ ਨਵੇਂ ਪ੍ਰਧਾਨ
NEXT STORY