ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਮਜੀਠਾ ਰੋਡ 'ਤੇ ਸਥਿਤ ਸਰਕਾਰੀ ਈ. ਐੱਸ. ਆਈ. ਹਸਪਤਾਲ ਖੁਦ ਬੀਮਾਰ ਹੈ। ਹਸਪਤਾਲ 'ਚ ਜਿਥੇ ਪੱਖੇ ਦੀ ਹੁੱਕ ਨਾਲ ਬੰਨ੍ਹ ਕੇ ਮਰੀਜ਼ਾਂ ਨੂੰ ਗੁਲੂਕੋਜ਼ ਲਾਇਆ ਜਾ ਰਿਹਾ ਹੈ, ਉਥੇ ਹੀ ਬਾਥਰੂਮ 'ਚ ਦਰਵਾਜ਼ੇ ਨਾ ਹੋਣ ਕਾਰਨ ਮਰੀਜ਼ਾਂ ਨੂੰ ਕੱਪੜੇ ਲਟਕਾ ਕੇ ਕੰਮ ਚਲਾਉਣਾ ਪੈ ਰਿਹਾ ਹੈ। ਹਸਪਤਾਲ 'ਚ ਜਿਥੇ ਸਮੱਸਿਆਵਾਂ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਉਥੇ ਹੀ ਸਰਕਾਰ ਉਕਤ ਸਮੱਸਿਆਵਾਂ ਸਬੰਧੀ ਜਾਣੂ ਹੁੰਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੈਰ-ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਇਲਾਜ ਸਬੰਧੀ ਈ. ਐੱਸ. ਆਈ. ਹਸਪਤਾਲ ਖੋਲ੍ਹਿਆ ਹੋਇਆ ਹੈ। ਈ. ਐੱਸ. ਆਈ. ਕਾਰਪੋਰੇਸ਼ਨ ਵੱਲੋਂ ਮਜ਼ਦੂਰਾਂ ਤੇ ਹੋਰ ਕਰਮਚਾਰੀਆਂ ਦੇ ਇਲਾਜ ਸਬੰਧੀ ਹਰ ਮਹੀਨੇ ਉਨ੍ਹਾਂ ਦੀ ਤਨਖਾਹ 'ਚੋਂ ਪੈਸੇ ਵੀ ਕੱਟੇ ਜਾਂਦੇ ਹਨ। ਹਸਪਤਾਲ ਦੀਆਂ ਕਈ ਕਮੀਆਂ ਹਨ ਹੀ, ਨਾਲ ਹੀ ਇਸ ਗਰਮੀ ਦੇ ਸੀਜ਼ਨ 'ਚ ਇਥੋਂ ਦੇ ਜਨਰਲ ਵਾਰਡ ਦਾ ਹਾਲ ਬੇਹੱਦ ਮੰਦਾ ਹੈ। 36 ਬੈੱਡ ਵਾਲਾ ਇਹ ਹਸਪਤਾਲ ਇਸ ਸਮੇਂ ਮਰੀਜ਼ਾਂ ਨਾਲ ਭਰਿਆ ਪਿਆ ਹੋਇਆ ਹੈ, ਜਿਨ੍ਹਾਂ ਦੀ ਸਹੂਲਤ ਲਈ 18 ਪੱਖੇ ਲੱਗੇ ਹਨ, ਜਿਨ੍ਹਾਂ 'ਚੋਂ ਕੁਝ ਗਾਇਬ ਹਨ, ਬਾਕੀ ਦੇ 6 ਚੱਲ ਰਹੇ ਹਨ ਤੇ ਬਾਕੀ ਦੇ ਬੰਦ ਹਨ। ਪੱਖੇ ਦੀ ਹੁੱਕ ਨਾਲ ਗੁਲੂਕੋਜ਼ ਦੀ ਬੋਤਲ ਲਟਕਾ ਕੇ ਮਰੀਜ਼ਾਂ ਨੂੰ ਲਾਈ ਜਾਂਦੀ ਹੈ। ਹਸਪਤਾਲ ਵਿਚ ਮਰੀਜ਼ਾਂ ਨੂੰ ਗੁਲੂਕੋਜ਼ ਚੜ੍ਹਾਉਣ ਲਈ ਸਿਰਫ 5 ਸਟੈਂਡ ਹਨ। ਇਕ ਬੈੱਡ ਵਾਲੀ ਲਾਈਨ 'ਚ ਤਾਰ ਖਿੱਚ ਕੇ ਇਸ ਨੂੰ ਗੁਲੂਕੋਜ਼ ਲਟਕਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮਰੀਜ਼ਾਂ ਦੇ ਵਾਰਿਸ ਕਸ਼ਮੀਰ ਸਿੰਘ, ਸ਼ਮਸ਼ੇਰ ਸਿੰਘ ਤੇ ਦਿਵਾਕਰ ਨੇ ਦੱਸਿਆ ਕਿ ਕਈ ਵਾਰ ਤਾਰ ਖਿੱਚ ਜਾਣ ਨਾਲ ਨੀਡਲ ਬਾਹਰ ਨਿਕਲ ਜਾਂਦੀ ਹੈ।
ਬਾਥਰੂਮ 'ਚ ਨਹੀਂ ਹੈ ਦਰਵਾਜ਼ਾ, ਕੱਪੜਾ ਲਟਕਾ ਕੇ ਚਲਾਉਣਾ ਪੈਂਦਾ ਹੈ ਕੰਮ
ਉੱਤਰ ਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਬੁਲਾਰੇ ਰਾਮ ਭਵਨ ਗੋਸਵਾਮੀ ਤੇ ਕਾ. ਬ੍ਰਹਮਦੇਵ ਸ਼ਰਮਾ ਨੇ ਆਪਣੀ ਟੀਮ ਨਾਲ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਇਥੋਂ ਦੇ ਬਾਥਰੂਮ ਦੀ ਹਾਲਤ ਦੇਖ ਕੇ ਕਾਫ਼ੀ ਚਿੰਤਾ ਜਤਾਈ। ਕਿਸੇ ਵਾਰਡ 'ਚ ਦਰਵਾਜ਼ਾ ਵੀ ਨਹੀਂ ਲੱਗਾ। ਲੋਕਾਂ ਨੂੰ ਕੱਪੜਾ ਲਟਕਾ ਕੇ ਕੰਮ ਚਲਾਉਣਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਇਥੇ ਸਾਫ਼-ਸਫਾਈ ਨਾ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੈ ਤੇ ਲੋਕ ਠੀਕ ਹੋਣ ਦੀ ਬਜਾਏ ਬੀਮਾਰ ਹੋ ਰਹੇ ਹਨ।
ਤਨਖਾਹ ਕੱਟਣ ਦੇ ਬਾਵਜੂਦ ਸਹੂਲਤਾਂ ਜ਼ੀਰੋ
ਲੋਕਾਂ ਦਾ ਕਹਿਣਾ ਹੈ ਕਿ ਇਥੇ ਇਲਾਜ ਲਈ ਮਜ਼ਦੂਰਾਂ ਦੀ ਤਨਖਾਹ ਕੱਟੀ ਜਾਂਦੀ ਹੈ ਪਰ ਸੁਵਿਧਾਵਾਂ ਨਹੀਂ ਹਨ। ਇਹੀ ਨਹੀਂ ਸਗੋਂ ਗੁਲੂਕੋਜ਼ ਦੀਆਂ ਬੋਤਲਾਂ ਬਾਹਰ ਤੋਂ ਮਰੀਜ਼ਾਂ ਵੱਲੋਂ ਮੰਗਵਾਉਣੀਆਂ ਪੈਂਦੀਆਂ ਹਨ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਵਿਵਸਥਾ ਠੀਕ ਨਾ ਕੀਤੀ ਗਈ ਤਾਂ ਉਹ ਅਦਾਲਤ ਦੀ ਸ਼ਰਨ 'ਚ ਜਾਣਗੇ।
ਕੀ ਕਹਿਣੈ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਦਾ?
ਈ. ਐੱਸ. ਆਈ. ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਕੌਰ ਨੇ ਕਿਹਾ ਕਿ ਫੰਡ ਆ ਗਏ ਹਨ, ਛੇਤੀ ਹੀ ਸਮੱਸਿਆਵਾਂ ਦਾ ਹੱਲ ਕਰਵਾ ਦਿੱਤਾ ਜਾਵੇਗਾ।
ਵਿਆਹੁਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕੁਸ਼ੀ
NEXT STORY