ਅੰਮ੍ਰਿਤਸਰ (ਸਫਰ) : ਇਹ ਅਜਿਹੀ ਬੇਵੱਸ ਮਾਂ ਹੈ, ਜੋ ਆਪਣੇ ਜਿਗਰ ਦੇ ਟੁਕੜੇ ਨੂੰ 'ਚਿੱਟੇ' ਦਾ ਸ਼ਿਕਾਰ ਹੋਣ 'ਤੇ ਜਿਥੇ ਇਲਾਕੇ 'ਚ ਨਸ਼ਾ ਵੇਚਣ ਵਾਲਿਆਂ ਖਿਲਾਫ ਮੋਰਚਾ ਖੋਲ੍ਹ ਦਿੰਦੀ ਹੈ, ਉਥੇ ਹੀ ਨਸ਼ਾ ਸਮੱਗਲਰਾਂ ਦੀਆਂ ਅੱਖਾਂ 'ਚ ਵੀ ਰੜਕਣ ਲੱਗ ਜਾਂਦੀ ਹੈ। ਪਿਛਲੇ ਕਰੀਬ 3 ਸਾਲਾਂ 'ਚ ਇਹ ਮਾਂ ਆਪਣੇ ਬੇਟੇ ਦੀ ਜ਼ਿੰਦਗੀ ਨੂੰ ਤਾਂ ਨਸ਼ੇ ਦੀ ਦਲਦਲ 'ਚੋਂ ਕੱਢ ਕੇ ਲੈ ਆਈ ਹੈ ਪਰ ਹੁਣ ਮੁਹੱਲੇ ਨੂੰ ਚਿੱਟਾ ਵੇਚਣ ਵਾਲਿਆਂ ਤੋਂ ਛੁਟਕਾਰਾ ਦਿਵਾਉਣ ਲਈ ਜਾਨ ਹਥੇਲੀ 'ਤੇ ਰੱਖ ਕੇ ਸੰਘਰਸ਼ ਕਰ ਰਹੀ ਹੈ। ਇਲਾਕੇ 'ਚ ਚਿੱਟਾ ਵੇਚਣ ਅਤੇ ਖਰੀਦਣ ਵਾਲਿਆਂ ਦਾ ਨੈੱਟਵਰਕ ਹੈ ਅਤੇ ਪੁਲਸ ਇਸ ਮਾਮਲੇ ਵਿਚ ਵੀ ਬੇਵੱਸ ਮਾਂ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਥਾਣਿਓਂ ਭਜਾ ਰਹੀ ਹੈ। ਅਜਿਹੇ 'ਚ ਹੁਣ ਇਸ ਔਰਤ ਨੇ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ. ਤੋਂ ਲੈ ਕੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਕਿ ਬਚਾ ਸਕੋ ਤਾਂ ਸਾਡੇ ਮੁਹੱਲੇ ਨੂੰ ਬਚਾ ਲਓ, ਨਹੀਂ ਤਾਂ ਚਿੱਟਾ ਵੇਚਣ ਵਾਲੇ ਹਰ ਘਰ 'ਚ ਚਿਤਾ ਸਾੜ ਦੇਣਗੇ। ਇਹ ਚਿੱਠੀ ਲਿਖੀ ਹੈ ਰਣਜੀਤ ਐਵੀਨਿਊ ਥਾਣੇ ਅਧੀਨ ਆਉਂਦੇ ਲਾਲ ਕੁਆਰਟਰ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ।
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਕਿਹਾ ਕਿ ਉਸ ਦਾ ਪੁੱਤਰ ਕਰੀਬ 3 ਸਾਲ ਪਹਿਲਾਂ ਬੁਰੀ ਸੰਗਤ 'ਚ ਫਸ ਗਿਆ ਸੀ, ਚਿੱਟਾ ਪੀਣ ਲੱਗਾ ਸੀ। ਮੈਂ ਬੜੀ ਮੁਸ਼ਕਿਲ ਨਾਲ ਉਸ ਨੂੰ ਸਹੀ ਰਸਤੇ 'ਤੇ ਲੈ ਕੇ ਆਈ ਹਾਂ। ਅਜੇ 18-19 ਸਾਲ ਦੀ ਉਮਰ ਹੈ। ਪੁੱਤ ਨੂੰ ਚਿੱਟਾ ਲਾਉਣ ਵਾਲਿਆਂ ਖਿਲਾਫ ਜਦੋਂ ਮੈਂ ਪੁਲਸ ਨੂੰ ਰਿਪੋਰਟ ਦਿੱਤੀ ਤਾਂ ਪੁਲਸ ਨੇ ਤਾਂ ਕੁਝ ਨਹੀਂ ਕੀਤਾ ਪਰ ਚਿੱਟਾ ਵੇਚਣ ਵਾਲਿਆਂ ਨੇ ਮੈਨੂੰ ਲਹੂ-ਲੁਹਾਨ ਕਰ ਦਿੱਤਾ। ਪਿਛਲੇ 3 ਸਾਲਾਂ 'ਚ 6 ਵਾਰ ਮੇਰੇ 'ਤੇ ਹਮਲਾ ਹੋ ਚੁੱਕਾ ਹੈ। ਪੁਲਸ ਨੇ 1-2 ਵਾਰ ਰਿਪੋਰਟ ਲਿਖੀ ਪਰ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ, ਜਦੋਂ ਕਿ ਇਲਾਕੇ 'ਚ ਸਿਆਸਤ ਦੇ ਇਸ਼ਾਰੇ 'ਤੇ ਚਿੱਟਾ ਵੇਚਿਆ ਜਾ ਰਿਹਾ ਹੈ।
ਪੁਲਸ ਚਿੱਟਾ ਵੇਚਣ ਵਾਲਿਆਂ 'ਤੇ ਦਿਆਲੂ ਹੈ : ਪੀੜਤਾ
ਬੀਤੀ 15 ਮਈ ਨੂੰ ਮੇਰੇ 'ਤੇ ਜਾਨਲੇਵਾ ਹਮਲਾ ਹੋਇਆ। ਮੈਨੂੰ ਸੜਕ 'ਤੇ ਚਿੱਟਾ ਵੇਚਣ ਵਾਲਿਆਂ ਨੇ ਕੁੱਟਿਆ। ਮੈਂ ਮਦਦ ਮੰਗਦੀ ਰਹੀ ਪਰ ਕੋਈ ਅੱਗੇ ਨਹੀਂ ਆਇਆ। ਮੇਰਾ ਮੋਬਾਇਲ ਖੋਹ ਲਿਆ, ਨਕਦੀ ਖੋਹ ਲਈ। ਮੈਂ ਥਾਣਾ ਰਣਜੀਤ ਐਵੀਨਿਊ 'ਚ ਜਾ ਕੇ ਪੁਲਸ ਅੱਗੇ ਰੋਂਦੀ ਰਹੀ ਪਰ ਕਿਸੇ ਨੇ ਨਹੀਂ ਸੁਣੀ। ਮੈਨੂੰ ਸ਼ਿਕਾਇਤ ਨੰਬਰ ਦੀ ਚਿੱਟ ਦੇ ਦਿੱਤੀ ਗਈ, ਮਾਮਲਾ ਅੱਜ ਤੱਕ ਨਹੀਂ ਦਰਜ ਹੋਇਆ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਪੁਲਸ ਇਲਾਕੇ ਦੇ ਵੱਡੇ ਨੇਤਾ ਦੇ ਇਸ਼ਾਰੇ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਸੁਰੱਖਿਆ ਦੇ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਜੋ ਬੋਲਦਾ ਹੈ, ਉਸ ਨੂੰ ਕੁੱਟਿਆ ਜਾਂਦਾ ਹੈ।
ਮੇਰੀ ਹੱਤਿਆ ਹੋਈ ਤਾਂ ਇਲਾਕੇ ਦੀ ਪੁਲਸ, ਵਿਧਾਇਕ ਅਤੇ ਚਿੱਟਾ ਵੇਚਣ ਵਾਲੇ ਹੋਣਗੇ ਜ਼ਿੰਮੇਵਾਰ
ਅਮਨਦੀਪ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਸ ਦੀ ਹੱਤਿਆ ਹੁੰਦੀ ਹੈ ਤਾਂ ਇਲਾਕੇ ਦੀ ਪੁਲਸ, ਇਲਾਕੇ ਦੇ ਵਿਧਾਇਕ ਅਤੇ ਚਿੱਟਾ ਵੇਚਣ ਵਾਲੇ ਜ਼ਿੰਮੇਵਾਰ ਹੋਣਗੇ, ਜਿਨ੍ਹਾਂ ਖਿਲਾਫ ਮੈਂ ਡੀ. ਜੀ. ਪੀ. ਪੰਜਾਬ ਅਤੇ ਹਿਮਊਨ ਰਾਈਟਸ ਨੂੰ ਚਿੱਠੀ ਭੇਜੀ ਹੈ। ਇਲਾਕੇ 'ਚ ਵੱਡਾ ਨੈੱਟਵਰਕ ਹੈ, ਜਿਸ ਵਿਚ ਖਾਕੀ ਚਿੱਟਾ ਵੇਚਣ ਵਾਲਿਆਂ ਨੂੰ ਕਥਿਤ ਹਿਫਾਜ਼ਤ ਦੇ ਰਹੀ ਹੈ। ਮੈਂ ਬਾਕਾਇਦਾ ਨਾਂ ਲਿਖ ਕੇ ਦਿੱਤੇ ਹਨ, ਪੁਲਸ ਮੇਰੀ ਸ਼ਿਕਾਇਤ ਲੈ ਤਾਂ ਲੈਂਦੀ ਹੈ ਪਰ ਐੱਫ. ਆਈ. ਆਰ. ਦਰਜ ਨਹੀਂ ਕਰ ਰਹੀ।
ਮੈਨੂੰ ਹੁਣ ਮਰਨ ਦਾ ਡਰ ਨਹੀਂ, ਪਲ-ਪਲ ਮਰਦੀ ਰਹੀ ਹਾਂ 3 ਸਾਲ ਤੋਂ
ਅਮਨਦੀਪ ਕੌਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੇ ਪੰਜਾਬ ਮਾਨਵ ਅਧਿਕਾਰ ਸੰਗਠਨ ਤੋਂ ਲੈ ਕੇ ਕਈ ਵਾਰ ਸੀ. ਐੱਮ., ਡੀ. ਜੀ. ਪੀ. ਨੂੰ ਚਿੱਠੀ ਲਿਖੀ। ਇਲਾਕੇ ਦੇ ਵਿਧਾਇਕ ਨੂੰ ਦਰਜਨਾਂ ਵਾਰ ਮਿਲੀ। ਅੰਮ੍ਰਿਤਸਰ ਦੇ ਉਨ੍ਹਾਂ ਮੰਤਰੀਆਂ ਅੱਗੇ ਮੰਗ ਕੀਤੀ ਜੋ ਪੰਜਾਬ ਸਰਕਾਰ 'ਚ ਮੰਤਰੀ ਹਨ, ਹਰ ਸਿਆਸੀ ਪਾਰਟੀ ਦੇ ਦਫਤਰ 'ਚ ਦਸਤਕ ਦਿੱਤੀ ਪਰ ਕਿਸੇ ਨੇ ਮੇਰੀ ਨਹੀਂ ਸੁਣੀ। ਮੈਂ ਔਰਤ ਹਾਂ, ਮੈਨੂੰ ਵਾਰ-ਵਾਰ ਪੁਲਸ-ਸਿਆਸਤ ਜ਼ਲੀਲ ਕਰ ਰਹੀ ਹੈ ਅਤੇ ਚਿੱਟਾ ਵੇਚਣ ਵਾਲੇ ਸ਼ਰੇਆਮ ਕਹਿੰਦੇ ਹਨ ਕਿ ਅਸੀਂ ਲਾਲ ਕੁਆਰਟਰ ਦੇ ਲਾਲ ਬਾਦਸ਼ਾਹ ਹਾਂ, 3 ਸਾਲਾਂ ਤੋਂ ਮੈਨੂੰ ਪਲ-ਪਲ ਮਾਰ ਰਹੇ ਹਨ ਪਰ ਹੁਣ ਮੈਂ ਠਾਣ ਲਿਆ ਹੈ ਕਿ ਜ਼ਿੰਦਗੀ ਰਹੇ ਜਾਂ ਨਾ, ਚਿੱਟਾ ਵੇਚਣ ਵਾਲਿਆਂ ਖਿਲਾਫ ਜੰਗ ਲੜਦੀ ਰਹਾਂਗੀ।
ਸਵੇਰੇ ਹੀ ਮਾਮਲੇ ਦੀ ਜਾਂਚ ਕਰਵਾਉਂਦਾ ਹਾਂ : ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੂੰ ਵਟਸਐਪ 'ਤੇ ਪੀੜਤਾ ਅਮਨਦੀਪ ਕੌਰ ਦੀਆਂ ਸ਼ਿਕਾਇਤਾਂ ਦੀ ਕਾਪੀ ਅਤੇ ਪੁਲਸ ਵੱਲੋਂ ਸ਼ਿਕਾਇਤ ਨੰਬਰ ਦੀ ਸਲਿਪ ਭੇਜ ਕੇ ਪੱਤਰ ਪ੍ਰੇਰਕ ਨੇ ਇਸ ਮਾਮਲੇ 'ਚ ਆਖਿਰ ਪੁਲਸ ਖਾਮੋਸ਼ ਕਿਉਂ ਹੈ, ਸਵਾਲ ਪੁੱਛਿਆ ਸੀ, ਜਿਸ 'ਤੇ ਪੁਲਸ ਕਮਿਸ਼ਨਰ ਨੇ ਵਟਸਐਪ 'ਤੇ ਜਵਾਬ ਦਿੱਤਾ ਕਿ ਸਵੇਰੇ ਹੀ ਇਸ ਮਾਮਲੇ ਦੀ ਜਾਂਚ ਕਰਵਾਉਂਦਾ ਹਾਂ।
ਮੈਂ ਪ੍ਰਸ਼ਾਸਨ ਬਾਰੇ ਕੁਝ ਵੀ ਬੋਲ ਕੇ ਸਿਆਸਤ ਨਹੀਂ ਕਰਨਾ ਚਾਹੁੰਦਾ : ਢੀਂਡਸਾ
NEXT STORY