ਅੰਮ੍ਰਿਤਸਰ (ਜਸ਼ਨ) - ਕਿਸਾਨਾਂ ਵੱਲੋਂ 169 ਦਿਨਾਂ ਬਾਅਦ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਕੋਲ ਲਗਾਇਆ ਗਿਆ ਧਰਨਾ ਚੁੱਕਣ ਨਾਲ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਫਿਰ ਤੋਂ ਗੁਲਜ਼ਾਰ ਹੋ ਉੱਠਿਆ ਹੈ। ਵੀਰਵਾਰ ਨੂੰ ਹੀ ਕਿਸਾਨ ਭਾਈਚਾਰੇ ਦੇ ਲੋਕਾਂ ਵੱਲੋਂ ਧਰਨਾ ਚੁੱਕੇ ਜਾਣ ਦੀ ਖ਼ਬਰ ਜੰਗਲ ’ਚ ਅੱਗ ਦੀ ਤਰ੍ਹਾਂ ਫੈਲੀ ਤਾਂ ਉਸੇ ਦੌਰਾਨ ਰੇਲ ਮੁਸਾਫ਼ਰਾਂ ਦੇ ਨਾਲ-ਨਾਲ ਰੇਲਵੇ ਅਧਿਕਾਰੀ ਕਾਫ਼ੀ ਖੁਸ਼ ਸਨ। ਆਖ਼ਿਰਕਾਰ ਇੰਨ੍ਹੇ ਦਿਨਾਂ ਦੇ ਬਾਅਦ ਫਿਰ ਤੋਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਸ ਨਾਲ ਮੁਸਾਫਰਾਂ ਦੇ ਚਿਹਰੇ ਖਿੜ੍ਹ ਉੱਠੇ ਹਨ।
ਰੇਲਵੇ ਸਟੇਸ਼ਨ ’ਤੇ ਰਿਹਾ ਗਹਿਮਾ-ਗਹਿਮੀ ਦਾ ਮਾਹੌਲ
ਸ਼ੁੱਕਰਵਾਰ ਨੂੰ ਰੇਲਵੇ ਸਟੇਸ਼ਨ ’ਤੇ ਕਾਫ਼ੀ ਗਹਿਮਾ-ਗਹਿਮੀ ਦਾ ਮਾਹੌਲ ਨਜ਼ਰ ਆਇਆ। ਲੋਕ ਆਪਣੀ ਮੰਜ਼ਿਲ ਵੱਲ ਜਾਣ ਲਈ ਆਪਣੀ ਟਰੇਨ ਦੀ ਜਾਣਕਾਰੀ ਲੈਣ ਆਏ ਹੋਏ ਸਨ, ਉੱਥੇ ਹੀ ਕਈ ਮੁਸਾਫ਼ਰ ਆਪਣੀ ਯਾਤਰਾ ਕਰਨ ਲਈ ਆਏ ਹੋਏ ਸਨ। ਕਾਫ਼ੀ ਦਿਨਾਂ ਬਾਅਦ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਉੱਤਰ ਰੇਲਵੇ ਦੀ ਵੀ. ਵੀ. ਆਈ. ਪੀ. ਟਰੇਨ ਸ਼ਤਾਬਦੀ ਸਪੈਸ਼ਲ ਰੇਲਗੱਡੀ ਆਪਣੀ ਮੰਜ਼ਿਲ ਵੱਲ ਰਵਾਨਾ ਹੋਵੇਗੀ। ਇਸਦੇ ਇਲਾਵਾ ਅੰਮ੍ਰਿਤਸਰ ਤੋਂ ਹੋ ਕੇ ਜੰਮੂ ਅਤੇ ਸ਼੍ਰੀ ਮਾਤਾ ਵੈਸ਼ਨੋਂ ਦੇਵੀ ਕੱਟੜਾ ਵੱਲ ਜਿਹੜੀਆਂ ਟਰੇਨਾਂ ਵਾਇਆ ਪਠਾਨਕੋਟ ਚੱਲ ਰਹੀਆਂ ਸਨ, ਉਨ੍ਹਾਂ ਨੂੰ ਹੁਣ ਰੇਲਵੇ ਨੇ ਵਾਇਆ ਅੰਮ੍ਰਿਤਸਰ ਸਟੇਸ਼ਨ ਤੋਂ ਚਲਾਉਣ ਦੇ ਹੁਕਮ ਦੇ ਦਿੱਤੇ ਹਨ। ਇਸਦੇ ਇਲਾਵਾ ਜਿਹੜੀਆਂ ਟਰੇਨਾਂ ਲੁਧਿਆਣਾ ਅਤੇ ਜਲੰਧਰ ਰੇਲਵੇ ਸਟੇਸ਼ਨ ਤੋਂ ਆਪਣੀ ਮੰਜ਼ਿਲ ਵੱਲ ਰਵਾਨਾ ਕੀਤੀਆਂ ਜਾ ਰਹੀਆਂ ਸਨ, ਉਹ ਵੀ ਹੁਣ ਅੰਮ੍ਰਿਤਸਰ ਆਉਣਗੀਆਂ ਅਤੇ ਇੱਥੋਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਣਗੀਆਂ।
ਸ਼ੁੱਕਰਵਾਰ ਨੂੰ ਜਿੱਥੇ ਕਾਫ਼ੀ ਰੇਲ ਗੱਡੀਆਂ ਦਾ ਆਉਣਾ-ਜਾਣਾ ਰਿਹਾ, ਉੱਥੇ ਰੇਲਵੇ ਨੇ 2 ਪਾਰਸਲ ਟਰੇਨਾਂ ਵੀ ਚਲਾਈਆਂ। ਇਸਦੇ ਇਲਾਵਾ ਚੰਡੀਗੜ੍ਹ ਤੋਂ ਚਲਾਈ ਜਾ ਰਹੀ ਹਜ਼ੂਰ ਸਾਹਿਬ ਨਾਂਦੇੜ ਅਤੇ ਬਾਂਦਰਾ ਟਰਮਿਨਲ ਰੇਲਗੱਡੀ ਹੁਣ ਅੰਮ੍ਰਿਤਸਰ ਰੇਲਵੇ ਤੋਂ ਆਵੇਗੀ-ਜਾਵੇਗੀ। ਦੂਜੇ ਪਾਸੇ ਰੇਲਵੇ ਵਿਭਾਗ ਨੇ ਫਿਲਹਾਲ ਅੰਮ੍ਰਿਤਸਰ ਤੋਂ ਦਰਭੰਗਾ ਨੂੰ ਚੱਲਣ ਵਾਲੀ ਰੇਲਗੱਡੀ ਨੰਬਰ 05211 / 05212, ਅੰਮ੍ਰਿਤਸਰ ਤੋਂ ਸਹਰਸਾ ਜਾਣ ਵਾਲੀ ਰੇਲਗੱਡੀ ਨੰਬਰ 05513 / 05532 ਅਤੇ ਅੰਮ੍ਰਿਤਸਰ ਤੋਂ ਸਿਆਲਦਾ ਚੱਲਣ ਵਾਲੀ ਰੇਲਗੱਡੀ ਨੰਬਰ 02379 / 02380 ਆਦਿ ਤਿੰਨਾਂ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਅੰਮ੍ਰਿਤਸਰ ਤੋਂ ਆਉਣ-ਜਾਣ ਵਾਲੀਆਂ ਟਰੇਨਾਂ
ਰੇਲਗੱਡੀ ਨੰਬਰ 09325/09326 ਅੰਮ੍ਰਿਤਸਰ-ਇੰਦੌਰ ’ਚ ਚੱਲਣ ਵਾਲੀ ਰੇਲਗੱਡੀ, ਅੰਮ੍ਰਿਤਸਰ ਤੋਂ ਨਾਗਪੁਰ ਜਾਣ ਵਾਲੀ ਟਰੇਨ ਨੰਬਰ 02026/02025, ਅੰਮ੍ਰਿਤਸਰ ਤੋਂ ਕੋਲਕੱਤਾ ਟਰੇਨ ਨੰਬਰ 02357/02358, ਅੰਮ੍ਰਿਤਸਰ ਤੋਂ ਹਰਿਦੁਆਰ ਟਰੇਨ ਨੰਬਰ 02053/02054, ਅੰਮ੍ਰਿਤਸਰ ਤੋਂ ਬਾਂਦਰਾ ਟਰਮਿਨਲ ਟਰੇਨ ਨੰਬਰ 02926/02925 ਵਾਇਆ ਚੰਡੀਗੜ੍ਹ, ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਟਰੇਨ ਨੰਬਰ 04654/04653, ਜਲਪਾਈਗੁਡੀ ਨੂੰ ਜਾਣ ਵਾਲੀ ਹੋਰ ਰੇਲਗੱਡੀ ਨੰਬਰ 02408/02407, ਅੰਮ੍ਰਿਤਸਰ ਤੋਂ ਜੈਨਗਰ ਨੂੰ ਜਾਣ ਵਾਲੀ ਟਰੇਨ ਨੰਬਰ 04652 / 04651, ਜੈਨਗਰ ਨੂੰ ਹੀ ਜਾਣ ਵਾਲੀ ਹੋਰ ਰੇਲਗੱਡੀ ਨੰਬਰ 04650/04651 ਦੇ ਇਲਾਵਾ ਇਕ ਹੋਰ ਟਰੇਨ ਨੰਬਰ 04674/04673, ਅੰਮ੍ਰਿਤਸਰ ਤੋਂ ਨਿਊਤੀਨਸੁਕਿਆ ਵੱਲ ਜਾਣ ਵਾਲੀ ਟਰੇਨ ਨੰਬਰ 05933/05934, ਮੁੰਬਈ ਸੈਂਟਰਲ ਵੱਲ ਜਾਣ ਵਾਲੀ ਰੇਲਗੱਡੀ ਨੰਬਰ 02904/02903, ਅਜਮੇਰ ਦੀ ਜਾਣ ਵਾਲੀ 2 ਟਰੇਨਾਂ ਨੰਬਰ 09613/ 09612 ਅਤੇ 09611/09614 ਆਦਿ।
ਮੋਦੀ ਨੇ ਜੱਦੀ ਜ਼ਮੀਨਾਂ ਤੇ ਕੈਪਟਨ ਨੇ ਪੰਚਾਇਤੀ ਜ਼ਮੀਨਾਂ ’ਤੇ ਰੱਖੀ ਅੱਖ : ਭਗਵੰਤ ਮਾਨ
NEXT STORY