ਅੰਮ੍ਰਿਤਸਰ (ਜ. ਬ.) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਵਾਲੇ ਬਿਆਨ 'ਤੇ ਰੋਸ ਜਤਾਉਂਦਿਆਂ ਕਿਹਾ ਹੈ ਕਿ ਸਵਾਮੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਨੂੰ ਰੋਕਣ ਦੀ ਵਕਾਲਤ ਕਰਨ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਸਵਾਮੀ ਨੇ ਇਸ ਤਰ੍ਹਾਂ ਦਾ ਘਟੀਆ ਬਿਆਨ ਦੇ ਕੇ ਗੈਰ-ਜ਼ਿੰਮੇਵਾਰਾਨਾ ਹਰਕਤ ਕੀਤੀ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਉਨ੍ਹਾਂ ਕਿਹਾ ਕਿ ਪੂਰੀ ਸਿੱਖ ਕੌਮ ਵਿਸ਼ਵ ਪੱਧਰ 'ਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੀ ਹੈ ਤੇ ਭਾਜਪਾ ਨੇਤਾ ਆਪਣੀ ਘਟੀਆ ਬਿਆਨਬਾਜ਼ੀ ਕਰ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਹ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ 'ਚ ਵੀ ਤਰੇੜ ਪਾਉਣ ਵਾਲੀ ਗੱਲ ਕਰ ਰਿਹਾ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਆਪਣੇ ਗੁਆਂਢੀ ਮੁਲਕ ਨਾਲ ਹਮੇਸ਼ਾ ਸੁਖਾਵੇਂ ਮਾਹੌਲ ਲਈ ਆਸਵੰਦ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਪ੍ਰਤੀ ਪਿਛਲੇ ਲੰਬੇ ਅਰਸੇ ਤੋਂ ਦੋਵਾਂ ਮੁਲਕਾਂ 'ਚ ਗੱਲਬਾਤ ਚੱਲ ਰਹੀ ਸੀ ਤੇ ਅੱਜ ਜਦ ਦੋਵਾਂ ਮੁਲਕਾਂ ਦੀ ਆਪਸੀ ਰਜ਼ਾਮੰਦੀ ਨਾਲ ਰੋਜ਼ਾਨਾ ਅਰਦਾਸ 'ਚ ਸ਼ਾਮਿਲ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਲਾਂਘਾ ਖੁੱਲ੍ਹ ਰਿਹਾ ਹੈ ਤਾਂ ਸੁਬਰਾਮਣੀਅਮ ਸਵਾਮੀ ਆਪਣੀ ਫਿਰਕੂ ਸੋਚ ਦਾ ਸਹਾਰਾ ਲੈ ਕੇ ਅੜਚਣ ਪੈਦਾ ਕਰਨ ਜਾ ਰਿਹਾ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨਿਰਮਾਣ ਜਲਦ ਤੋਂ ਜਲਦ ਪੂਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਸਿੱਖ ਸੰਗਤਾਂ ਇਸ ਪਾਵਨ-ਪਵਿੱਤਰ ਦਿਹਾੜੇ ਸਮੇਂ ਆਪਣੇ ਗੁਰਧਾਮਾਂ ਦੇ ਦਰਸ਼ਨ ਬਿਨਾਂ ਕਿਸੇ ਰੋਕ-ਟੋਕ ਕਰ ਸਕਣ।
ਫੁੱਟਬਾਲ ਤੇ ਕਬੱਡੀ ਖਿਡਾਰੀ ਦੀ ਲਾਸ਼ ਨਹਿਰ 'ਚੋਂ ਬਰਾਮਦ
NEXT STORY