ਅੰਮ੍ਰਿਤਸਰ (ਹਰਪ੍ਰੀਤ ਸਿੰਘ ਕਾਹਲੋਂ) : 13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖੂਨੀ ਵਿਸਾਖੀ ਤੋਂ ਬਾਅਦ ਅੰਮ੍ਰਿਤਸਰ ਦੀਆਂ ਗਲੀਆਂ 'ਚ ਹੈਵਾਨੀਅਤ ਨੱਚ ਰਹੀ ਸੀ। ਮਾਰਸ਼ਲ ਲਾਅ ਲਾਗੂ ਸੀ ਅਤੇ ਸੁਰੱਖਿਆ ਦੇ ਨਾਮ 'ਤੇ ਬਰਤਾਨਵੀ ਸਰਕਾਰ ਦਾ ਜ਼ੁਲਮ ਸਿਖਰਾਂ 'ਤੇ ਸੀ। ਇਸੇ ਦੌਰਾਨ ਇਕ ਗਲੀ ਦਾ ਜ਼ਿਕਰ ਬਹੁਤ ਆਉਂਦਾ ਹੈ 'ਕੂਚਾ ਕੌੜਿਆਂਵਾਲ਼ਾ'। 10 ਅਪ੍ਰੈਲ 1919 ਨੂੰ ਇੱਥੇ ਮਿਸ ਸ਼ੀਅਰਵੁੱਡ 'ਤੇ ਭੀੜ ਵਲੋਂ ਹਮਲਾ ਕੀਤਾ ਗਿਆ। ਉਸ ਸਮੇਂ ਹਮਲਾ ਕਰਨ ਵਾਲਿਆਂ ਤੋਂ ਮੁਹੱਲੇ ਦੇ ਕੁਝ ਬੰਦਿਆਂ ਨੇ ਸ਼ੀਅਰਵੁੱਡ ਨੂੰ ਬਚਾ ਲਿਆ ਪਰ ਅੰਮ੍ਰਿਤਸਰ 'ਚ ਬਰਤਾਨਵੀ ਸਾਮਰਾਜ ਨੇ ਇਸ ਘਟਨਾ ਨੂੰ ਨਿੱਜੀ ਅਸਮਤ 'ਤੇ ਹਮਲੇ ਦੇ ਰੂਪ 'ਚ ਲਿਆ। ਇਹ ਘਟਨਾ ਕੂਚਾ ਕੌੜਿਆਂਵਾਲ਼ੇ 'ਚ ਵਾਪਰਨ ਕਰਕੇ ਖੂਨੀ ਵਿਸਾਖੀ ਤੋਂ ਬਾਅਦ ਲੱਗੇ ਮਾਰਸ਼ਲ ਲਾਅ 'ਚ ਇਸ ਗਲ਼ੀ ਦਾ ਅੰਗਰੇਜ਼ਾਂ ਨੇ ਇਹ ਦਸਤੂਰ ਬਣਾਇਆ ਕਿ ਇੱਥੋਂ ਆਉਣ ਜਾਣ ਵਾਲਾ ਗਲੀ 'ਚ ਲਿਟਕੇ ਹੀ ਜਾਵੇਗਾ। ਇੰਝ ਨਾ ਕਰਨ 'ਤੇ ਗਲ਼ੀ ਦੇ ਅਖੀਰ 'ਚ ਮੰਦਰ ਕੋਲ ਖੂਹ ਸੀ ਜਿੱਥੇ ਕਿੜੱਕੀ (ਸ਼ਿਕੰਜਾ ਜਾਂ ਟਿਕਟਕੀ ਵੀ ਨਾਮ ਹੈ) ਨਾਲ ਬੰਨ੍ਹਕੇ ਕਪੜੇ ਲਹਾਕੇ ਕੌੜੇ ਮਾਰੇ ਜਾਂਦੇ ਸਨ।
ਇਹ ਗਲ਼ੀ ਹੁਣ ਕਿੱਥੇ ਹੈ? ਅਤੇ ਸਾਨੂੰ ਕਿਉਂ ਨਹੀਂ ਪਤਾ? ਅਤੇ ਇਸ ਨੂੰ ਇਤਿਹਾਸਕ ਵਿਰਾਸਤ ਦੇ ਰੂਪ 'ਚ ਕਿਉਂ ਨਹੀਂ ਸੰਭਾਲਿਆ ਗਿਆ ਵੱਡਾ ਸਵਾਲ ਹੈ। ਇਹ ਗਲ਼ੀ 1919 ਦੇ ਜ਼ੁਲਮਾਂ ਦੀ ਗਵਾਹ ਹੈ। ਅੰਮ੍ਰਿਤਸਰ 'ਚ ਆਉਂਦੇ ਜਾਂਦੇ ਸੈਰ ਸਪਾਟੇ 'ਚ ਮੁਸਾਫਰ ਇਸ ਗਲੀ ਦੇ ਨੇੜੇ ਕੇਸਰ ਢਾਬੇ 'ਤੇ ਰੁੱਕਦੇ ਹਨ। ਦਿੱਲੀ ਤੋਂ ਆਈ ਜਸਪ੍ਰੀਤ ਕੌਰ ਨੂੰ ਪੁੱਛਿਆ ਤਾਂ ਉਹਨਾਂ ਨੂੰ ਕੇਸਰ ਢਾਬੇ ਦੇ ਮਸ਼ਹੂਰ ਪਰੌਠਿਆਂ ਦੇ ਸਵਾਦ ਦਾ ਤਾਂ ਪਤਾ ਸੀ ਪਰ ਕੂਚਾ ਕੌੜਿਆਂਵਾਲਾ ਦਾ ਨਹੀਂ। ਇਸ ਗਲ਼ੀ ਬਾਰੇ ਸਥਾਨਕ ਲੋਕ ਵੀ ਬਹੁਤੇ 'ਦੁੱਗਲਾਂ ਵਾਲੀ ਗਲ਼ੀ' ਵਜੋਂ ਹੀ ਜਾਣਦੇ ਹਨ। ਦਰਬਾਰ ਸਾਹਿਬ ਦਰਸ਼ਨਾਂ ਨੂੰ ਆਏ ਹਰਦੀਪ ਸਿੰਘ ਕਹਿੰਦੇ ਹਨ ਕਿ ਇਹ ਗਲ਼ੀ ਤਾਂ ਵਿਰਾਸਤੀ ਰਾਹ ਬਣਨਾ ਚਾਹੀਦਾ ਸੀ। ਉਹਨਾਂ ਮੁਤਾਬਕ ਜਲ੍ਹਿਆਂਵਾਲੇ ਬਾਗ਼ ਪਹੁੰਚਕੇ 1919 ਨੂੰ ਯਾਦ ਕਰਕੇ ਧੁਰ ਅੰਦਰ ਹਿੱਲ ਜਾਂਦਾ ਹੈ। ਮੈਨੂੰ ਦੁੱਖ ਹੈ ਕਿ ਮੈਨੂੰ ਇਸ ਗਲ਼ੀ ਬਾਰੇ ਨਹੀਂ ਪਤਾ ਸੀ ਪਰ ਚੰਗਾ ਮਹਿਸੂਸ ਹੁੰਦਾ ਹੈ ਕਿ ਹੁਣ ਮੈਨੂੰ ਇਸ ਗਲ਼ੀ ਬਾਰੇ ਪਤਾ ਹੈ ਅਤੇ ਮੈਂ ਹਰ ਵਾਰ ਇਸ ਗਲ਼ੀ 'ਚ ਆਇਆ ਕਰਾਂਗਾ। ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ 'ਚ ਜਲ੍ਹਿਆਂਵਾਲੇ ਬਾਗ਼ ਦੀ 100 ਸਾਲਾਂ ਸ਼ਹਾਦਤ ਨੂੰ ਸਮਰਪਿਤ ਖ਼ਾਸ ਪ੍ਰਦਰਸ਼ਨੀ ਲਾਈ ਹੈ। ਇਸ 'ਚ ਕੂਚਾ ਕੌੜਿਆਂਵਾਲ਼ਾ ਦੇ ਹਲਾਤ ਦਾ ਹਵਾਲਾ ਮਿਲਦਾ ਹੈ ਕਿ ਉਹਨਾਂ ਦਿਨਾਂ 'ਚ ਮੁਹੱਲੇ 'ਚ ਪੈਂਦੇ ਘਰ 'ਚ ਗਰਭਵਤੀ ਬੀਬੀ ਨੂੰ ਵੇਖਣ ਕੋਈ ਡਾਕਟਰ ਨਹੀਂ ਆਇਆ ਸੀ। ਕਿਉਂਕਿ ਡਾਕਟਰ ਨੂੰ ਵੀ ਲਿਟਕੇ ਆਉਣਾ ਪੈਣਾ ਸੀ।ਇਹ ਉਹਨਾਂ ਸਮਿਆਂ ਦੀ ਤਸ਼ੱਦਦ ਨੂੰ ਬਿਆਨ ਕਰਦਾ ਹਵਾਲਾ ਹੈ।

ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ 'ਚ ਜਲ੍ਹਿਆਂਵਾਲੇ ਬਾਗ਼ ਦੀ 100 ਸਾਲਾਂ ਸ਼ਹਾਦਤ ਨੂੰ ਸਮਰਪਿਤ ਖ਼ਾਸ ਪ੍ਰਦਰਸ਼ਨੀ ਲਾਈ ਹੈ।ਇਸ 'ਚ ਕੂਚਾ ਕੌੜਿਆਂਵਾਲ਼ਾ ਦੇ ਹਲਾਤ ਦਾ ਹਵਾਲਾ ਮਿਲਦਾ ਹੈ ਕਿ ਉਹਨਾਂ ਦਿਨਾਂ 'ਚ ਮੁਹੱਲੇ 'ਚ ਪੈਂਦੇ ਘਰ 'ਚ ਗਰਭਵਤੀ ਬੀਬੀ ਨੂੰ ਵੇਖਣ ਕੋਈ ਡਾਕਟਰ ਨਹੀਂ ਆਇਆ ਸੀ।ਕਿਉਂ ਕਿ ਡਾਕਟਰ ਨੂੰ ਵੀ ਲਿਟਕੇ ਆਉਣਾ ਪੈਣਾ ਸੀ।ਇਹ ਉਹਨਾਂ ਸਮਿਆਂ ਦੀ ਤਸ਼ੱਦਦ ਨੂੰ ਬਿਆਨ ਕਰਦਾ ਹਵਾਲਾ ਹੈ। 600 ਮੀਟਰ ਲੰਮੀ ਇਹ ਗਲ਼ੀ ਜਿਸ ਤਸ਼ੱਦਦ ਦੀ ਗਵਾਹ ਬਣੀ ਹੈ ਉਸ ਨੂੰ ਲੈਕੇ ਸਾਡੀ ਉਦਾਸੀਨਤਾ ਹੈ। ਗੁਰਦਿਆਲ ਸਿੰਘ ਇਸੇ ਗਲ਼ੀ 'ਚ ਗਾਰਮੈਂਟਸ ਦਾ ਕਾਰੋਬਾਰ ਕਰਦੇ ਹਨ। ਉਹਨਾਂ ਮੁਤਾਬਕ ਮੇਰੇ ਬਜ਼ੁਰਗ ਵੰਡ ਵੇਲੇ ਲਾਹੌਰ ਤੋਂ ਆਏ ਸੀ। ਉਹਨਾਂ ਨੇ ਜਲ੍ਹਿਆਂਵਾਲ਼ੇ ਬਾਗ਼ ਬਾਰੇ ਸੁਣਿਆ ਸੀ।ਇਸ ਕੂਚੇ ਬਾਰੇ ਸੁਣਿਆ ਸੀ। ਗੁਰਦਿਆਲ ਸਿੰਘ ਮੁਤਾਬਕ ਹੁਣ ਦੇ ਬਹੁਤੇ ਨਵੇਂ ਇਹਨਾਂ ਗੱਲਾਂ ਨੂੰ ਅਣਗੋਲਿਆ ਕਰਦੇ ਹਨ।ਇਸ ਵੇਲੇ ਨਗਰ ਨਿਗਮ ਜਾਂ ਅੰਮ੍ਰਿਤਸਰ 'ਚ ਕਿਸੇ ਨੇ ਵੀ ਇਸ ਇਤਿਹਾਸਕ ਗਲ਼ੀ ਨੂੰ ਸੰਭਾਲਣ ਦਾ ਤਹੱਈਆ ਨਹੀਂ ਕੀਤਾ। ਸਥਾਨਕ ਬੰਦਿਆਂ ਮੁਤਾਬਕ ਗਲ਼ੀ ਬਕਾਇਦਾ ਆਪਣੇ ਬੋਰਡਾਂ ਨਾਲ ਦੁੱਗਲਾ ਵਾਲੀ ਗਲ਼ੀ ਹੀ ਵੱਜਦੀ ਹੈ।ਅੰਮ੍ਰਿਤਸਰ 'ਚ ਇਹ ਕਿਸੇ ਵੇਲੇ ਦੁੱਗਲਾਂ ਦਾ ਮੁਹੱਲਾ ਸੀ।ਇੱਥੋਂ ਦੇ ਵਸਨੀਕਾਂ ਮੁਤਾਬਕ ਸਰਕਾਰ ਇਸ ਗਲ਼ੀ ਨੂੰ ਯਾਦਗਾਰ ਵਜੋਂ ਸਥਾਪਿਤ ਕਰੇ। ਇਹ ਇਹਨਾਂ ਲੋਕਾਂ ਦੀ ਦਿਲੋਂ ਮੰਗ ਹੈ। ਇਸ ਗਲ਼ੀ ਦੀਆਂ ਦੋ ਤਸਵੀਰਾਂ ਵੇਖੋ।ਇੱਕ ਤਸਵੀਰ ਹੁਣ ਦੀ ਹੈ ਅਤੇ ਦੂਜੀ ਤਸਵੀਰ ਅਸੀਂ ਧੰਨਵਾਦ ਸਹਿਤ ਹਵਾਲੇ ਨਾਲ ਕਿਮ ਏ. ਵੈਗਨਰ ਦੀ ਕਿਤਾਬ 'ਜਲ੍ਹਿਆਂਵਾਲਾ ਬਾਗ-ਐਨ ਅਮਪਾਇਰ ਆਫ ਫੀਅਰ ਐਂਡ ਦੀ ਮੇਕਿੰਗ ਆਫ ਅੰਮ੍ਰਿਤਸਰ ਮੈਸਕੇਅਰ' 'ਚੋਂ ਲਈ ਹੈ।
ਲੁਧਿਆਣਾ 'ਚ ਸਿੱਖਿਆ ਸਕੱਤਰ ਦੇ ਸਮਾਰਟ ਸਕੂਲਾਂ ਨੇ ਦਿਖਾਇਆ ਰੰਗ
NEXT STORY