ਅੰਮ੍ਰਿਤਸਰ (ਛੀਨਾ) : ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆ ਕੀਮਤਾਂ ਦੇ ਵਿਰੋਧ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸਾਥੀ ਅਹੁੱਦੇਦਾਰਾਂ ਤੇ ਵਰਕਰਾਂ ਨੇ ਅੰਮ੍ਰਿਤਸਰ 'ਚ ਇਕ ਮੋਪੇਡ ਸਾੜ ਕੇ ਜ਼ੋਰਦਾਰ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ ਹਾਈਕਮਾਨ ਦੇ ਹੁਕਮਾਂ ਅਨੁਸਾਰ ਕੜਕਦੀ ਧੁੱਪ 'ਚ ਸੁਲਤਾਨਵਿੰਡ ਰੋਡ 'ਤੇ ਲਗਾਏ ਗਏ ਵਿਸ਼ਾਲ ਧਰਨੇ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਘਟਾ ਕੇ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ।
ਇਹ ਵੀ ਪੜ੍ਹੋਂ : ਮਾਝੇ 'ਚ ਅਕਾਲੀਆਂ ਦਾ ਪ੍ਰਦਰਸ਼ਨ, ਮਜੀਠੀਆ ਨੇ ਰੱਜ ਕੇ ਕੱਢੀ ਭੜਾਸ
ਇਸ ਮੌਕੇ 'ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਆਖਿਆ ਕਿ ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਹਰ ਚੀਜ ਮਹਿੰਗੀ ਹੋਈ ਗਈ ਜਿਸ ਕਾਰਨ ਲੋਕ 2 ਵੇਲੇ ਦੀ ਰੋਟੀ ਤੋਂ ਵੀ ਆਤੁਰ ਹੁੰਦੇ ਜਾ ਰਹੇ ਹਨ ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆ ਦੁੱਖ ਤਕਲੀਫਾਂ ਨੂੰ ਦਰਕਿਨਾਰ ਕਰਕੇ ਪਹਾੜਾਂ ਦੀਆ ਠੰਡੀਆਂ ਹਵਾਵਾਂ ਦਾ ਅਨੰਦ ਮਾਣ ਰਹੇ ਹਨ। ਗਿੱਲ ਨੇ ਕਿਹਾ ਕਿ ਮਹਿੰਗਾਈ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਰਫ਼ ਕਾਂਗਰਸ ਨੂੰ ਹੀ ਨਹੀਂ ਬਲਕਿ ਕੇਂਦਰ 'ਚ ਆਪਣੀ ਭਾਈਵਾਲ ਪਾਰਟੀ ਨੂੰ ਵੀ ਘੇਰ ਰਿਹਾ ਹੈ ਕਿਉਂਕਿ ਅਕਾਲੀ ਦਲ ਵਾਸਤੇ ਲੋਕਾਂ ਦੇ ਹਿੱਤਾਂ ਤੋਂ ਵੱਡਾ ਹੋਰ ਕੋਈ ਨਹੀ। ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਇਕ ਤਾਂ ਕਾਂਗਰਸ ਸਰਕਾਰ ਨੇ ਪਿੱਛਲੀ ਬਾਦਲ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਵਾਸਤੇ ਬਣਾ ਕੇ ਦਿਤੇ ਗਏ ਨੀਲੇ ਕਾਰਡ ਧੱਕੇ ਨਾਲ ਕੱਟ ਦਿਤੇ ਹਨ ਤੇ ਉਪਰੋਂ ਕਰਫਿਊ ਦੌਰਾਨ ਕੇਂਦਰ ਸਰਕਾਰ ਵਲੋਂ ਸੂਬੇ ਦੇ ਲੋਕਾਂ ਵਾਸਤੇ ਭੇਜੀ ਗਈ ਰਾਸ਼ਨ ਸਮੱਗਰੀ ਵੀ ਹੜੱਪ ਲਈ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਬੇਹੱਦ ਜਰੂਰੀ ਹੈ।
ਇਹ ਵੀ ਪੜ੍ਹੋਂ : ਪਾਕਿ 'ਚ ਬੱਚੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਕੌਮਾਂਤਰੀ ਬਜ਼ਾਰ 'ਚ ਵੇਚਣ ਦਾ ਧੰਦਾ ਜ਼ੋਰਾਂ 'ਤੇ
ਗਿੱਲ ਨੇ ਕਿਹਾ ਕਿ ਕਾਂਗਰਸ ਤਾਂ ਏਨੀ ਅੰਨੀ ਬੋਲੀ ਸਰਕਾਰ ਹੋ ਚੁੱਕੀ ਹੈ ਕਿ ਇਸ ਦੇ ਰਾਜ 'ਚ ਪਰੇਸ਼ਾਨ ਹੋ ਕੇ ਕਲਪਦੇ ਵਿਲਕਦੇ ਲੋਕ ਵੀ ਇਸ ਨੂੰ ਦਿਖਾਈ ਨਹੀਂ ਦੇ ਰਹੇ ਜਿੰਨਾ 'ਤੇ ਬਿਜਲੀ ਬਿੱਲਾਂ ਸਮੇਤ ਕਈ ਤਰ੍ਹਾਂ ਦੇ ਵਾਧੂ ਬੋਝ ਕੇ ਪਾ ਕੇ ਉਨ੍ਹਾਂ ਨੂੰ ਹੋਰ ਦਬਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜ ਤੇ ਬੀਮਾ ਜਿਹੇ ਵੱਡੇ ਘਪਲੇ ਕਰਨ ਵਾਲੇ ਵਿਅਕਤੀ ਜਿਹੜੀ ਸਰਕਾਰ ਨੇ ਆਪਣੀ ਕੈਬਨਿਟ 'ਚ ਸ਼ਾਮਲ ਕੀਤੇ ਹੋਣ ਉਸ ਸਰਕਾਰ ਤੋਂ ਲੋਕ ਭਲਾਈ ਦੀ ਉਮੀਦ ਕਿਵੇਂ ਕਰ ਸਕਦੇ ਹਨ। ਅਖੀਰ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨਾਲ ਚਟਾਨ ਦੀ ਤਰ੍ਹਾਂ ਖੜ੍ਹਾ ਹੈ ਤੇ ਉਨ੍ਹਾਂ ਨਾਲ ਕਾਂਗਰਸ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਧੱਕਾ ਨਹੀਂ ਕਰਨ ਦੇਵੇਗਾ। ਇਸ ਰੋਸ ਧਰਨੇ 'ਚ ਭਾਈ ਰਾਮ ਸਿੰਘ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ ਤਿੰਨੇ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਟਰੱਕਾਂ ਵਾਲੇ, ਅਜੇਬੀਰਪਾਲ ਸਿੰਘ ਰੰਧਾਵਾ, ਗੁਰਮੀਤ ਸਿੰਘ ਰੂਬੀ ਮੂਲੇਚੱਕ, ਮਨਪ੍ਰੀਤ ਸਿੰਘ ਮਾਹਲ, ਅਜੈਬ ਸਿੰਘ ਸਰਪੰਚ, ਰਵੇਲ ਸਿੰਘ ਭੁੱਲਰ, ਸਰਬਜੀਤ ਸਿੰਘ ਸਰਬ ਭੁੱਲਰ, ਜਰਮਨਜੀਤ ਸਿੰਘ ਸੁਲਤਾਨਵਿੰਡ, ਇੰਦਰਜੀਤ ਸਿੰਘ ਪੰਡੋਰੀ, ਨਰਿੰਦਰ ਸਿੰਘ ਬਿੱਟੂ ਐੱਮ.ਆਰ., ਹਰਪ੍ਰੀਤ ਸਿੰਘ ਚਾਹਲ, ਅਜੀਤਪਾਲ ਸਿੰਘ ਸੈਣੀ, ਪੁਸ਼ਪਿੰਦਰ ਸਿੰਘ ਪਾਰਸ, ਮਨਮੋਹਨ ਸਿੰਘ ਲਾਟੀ, ਰਾਜੂ ਆਸ਼ਟ, ਬਿਕਰਮਜੀਤ ਸਿੰਘ ਬਾਦਲ, ਕ੍ਰਿਸ਼ਨ ਗੋਪਾਲ ਚਾਚੂ, ਜਸਪਾਲ ਮਸੀਹ, ਬਲਜਿੰਦਰ ਸਿੰਘ ਛੀਨਾ, ਸਤਿੰਦਰਪਾਲ ਸਿੰਘ ਜੋਨੀ, ਮਨਪ੍ਰੀਤ ਸਿੰਘ ਬੋਨੀ, ਬਿਕਰਮਜੀਤ ਸਿੰਘ ਹੈਪੀ ਸੁਲਤਾਨਵਿੰਡ, ਹਰਪਾਲ ਸਿੰਘ ਵਿਰਕ, ਕਰਨਬੀਰ ਸਿੰਘ ਸ਼ਾਮ, ਕੰਵਲਜੀਤ ਸਿੰਘ ਕੰਵਲ, ਅੰਗਰੇਜ ਸਿੰਘ ਤੇ ਹੋਰ ਵੀ ਸਖਸ਼ੀਅਤ ਹਾਜ਼ਰ ਸਨ।
ਇਹ ਵੀ ਪੜ੍ਹੋਂ : ਸਾਊਦੀ ਅਰਬ 'ਚ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ
ਤੇਲ ਕੀਮਤਾਂ, ਬਿਜਲੀ ਦਰਾਂ ਅਤੇ ਬੀਜ ਘਪਲਿਆਂ ਖ਼ਿਲਾਫ਼ ਅਕਾਲੀ ਵਰਕਰਾਂ ਦਾ ਰੋਸ ਪ੍ਰਦਰਸ਼ਨ
NEXT STORY