ਅੰਮ੍ਰਿਤਸਰ/ਲੁਧਿਆਣਾ - (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰਾਂ ਦੀ ਲੜੀ ਤਹਿਤ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਆਰੰਭਤਾ ਸ਼ਬਦ ਗਾਇਨ ਨਾਲ ਹੋਈ। ਪ੍ਰਧਾਨਗੀ ਭਾਸ਼ਣ 'ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮਨੁੱਖਤਾ ਨੂੰ ਦਿਖਾਇਆ ਗਿਆ ਸੱਚ ਦਾ ਮਾਰਗ ਇਕ ਚਾਨਣ ਮੁਨਾਰਾ ਹੈ, ਜਿਸ 'ਤੇ ਚੱਲ ਕੇ ਸਮੁੱਚੀ ਮਾਨਵਤਾ ਆਪਣਾ ਜੀਵਨ ਸੁਖਦਾਈ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਆਦਿ ਤੋਂ ਅਨੰਤ ਅਤੇ ਅਨੰਤ ਤੋਂ ਆਦਿ ਤੱਕ ਦੇ ਫਲਸਫੇ ਨੂੰ ਰੂਪਮਾਨ ਕਰਦੀ ਹੈ। ਲੋੜ ਹੈ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਜੀਵਨ 'ਚ ਅਪਣਾਉਣ ਦੀ। ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਸ. ਅਜਮੇਰ ਸਿੰਘ ਲੱਖੋਵਾਲ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਰਤਮਾਨ ਸਮੇਂ ਦਾ ਇਕ ਇਤਿਹਾਸਕ ਮੌਕਾ ਦੱਸਿਆ।
ਸੈਮੀਨਾਰ 'ਚ ਆਏ ਵੱਖ-ਵੱਖ ਵਿਦਵਾਨਾਂ ਨੇ ਆਪੋ-ਆਪਣੇ ਪਰਚੇ ਪੇਸ਼ ਕੀਤੇ। ਸਰਬਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਿਸ਼ਵ ਵਿਆਪੀ ਸਦਭਾਵਨਾ ਬਾਰੇ ਜਾਣੂ ਕਰਵਾਇਆ। ਡਾ. ਮੁਹੰਮਦ ਅਬੀਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰ ਵਰਗ ਦੇ ਸਨਮਾਨ ਨੂੰ ਉੱਚਾ ਚੁੱਕਿਆ ਤੇ ਮਨੁੱਖੀ ਏਕਤਾ ਦੇ ਵਿਚਾਰ ਨੂੰ ਉਭਾਰਿਆ। ਕਰਨਲ ਦਲਵਿੰਦਰ ਸਿੰਘ ਗਰੇਵਾਲ ਨੇ ਵਿਸ਼ਵ ਮਾਨਵ ਲਈ ਗੁਰਬਾਣੀ ਦੀ ਪ੍ਰਸੰਗਕਤਾ ਬਾਰੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਕਰਵਾਉਣ ਦਾ ਮੰਤਵ ਨੌਜਆਨ ਪੀੜ੍ਹੀ ਨੂੰ ਗੁਰੂ ਉਪਦੇਸ਼ਾਂ ਨਾਲ ਜੋੜਨਾ ਤੇ ਇਸ ਨੂੰ ਖੋਜ ਦੇ ਖੇਤਰ 'ਚ ਹੋਰ ਅੱਗੇ ਵਧਾਉਣਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸੈਮੀਨਾਰ 'ਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਹਰਪਾਲ ਸਿੰਘ ਜੱਲਾ, ਗੁਰਮੇਲ ਸਿੰਘ ਸੰਗੋਵਾਲ ਆਦਿ ਮੌਜੂਦ ਸਨ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ 'ਚ ਸ਼ਮੂਲੀਅਤ ਕਰਨਗੇ ਵਿਦਿਆਰਥੀ
NEXT STORY