ਅੰਮ੍ਰਿਤਸਰ (ਦੀਪਕ, ਸੁਮਿਤ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੇ ਮੱਦੇਨਜ਼ਰ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਲਾਈ ਗਈ ਚਿੱਤਰਕਲਾ ਵਰਕਸ਼ਾਪ ਦੌਰਾਨ 31 ਚਿੱਤਰਕਾਰਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਦੇ ਚਿੱਤਰ ਬਣਾਏ ਗਏ ਹਨ। ਚਿੱਤਰਕਲਾ ਵਰਕਸ਼ਾਪ ਦੇ ਆਖ਼ਰੀ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿੱਥੇ ਚਿੱਤਰਕਾਰਾਂ ਦੀ ਹੌਸਲਾ ਅਫ਼ਜਾਈ ਲਈ ਸਨਮਾਨਿਤ ਰਾਸ਼ੀ ਦੇ ਚੈੱਕ ਦੇ ਕੇ ਨਿਵਾਜਿਆ, ਉੱਥੇ ਹੀ ਚਿੱਤਰਕਾਰਾਂ ਵਲੋਂ ਤਿਆਰ ਕੀਤੇ ਗਏ ਚਿੱਤਰਾਂ ਦੀ ਭਰਵੀਂ ਸ਼ਲਾਘਾ ਕੀਤੀ। ਭਾਈ ਲੌਂਗੋਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਇਸ ਦੀਆਂ ਕੌਮ ਪ੍ਰਤੀ ਪ੍ਰਾਪਤੀਆਂ ਵੀ ਵੱਡੀਆਂ ਹਨ। 100 ਸਾਲਾ ਸਥਾਪਨਾ ਦਿਵਸ ਮੌਕੇ ਇਨ੍ਹਾਂ ਚਿੱਤਰਕਾਰਾਂ ਵਲੋਂ ਤਿਆਰ ਕੀਤੀਆਂ ਤਸਵੀਰਾਂ ਦੀ ਚਿੱਤਰ ਪ੍ਰਦਰਸ਼ਨੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ।
ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ
ਉਨ੍ਹਾਂ ਆਖਿਆ ਕਿ ਇਤਿਹਾਸਕ ਘਟਨਾਵਾਂ ਨੂੰ ਤਰੀਕ ਅਤੇ ਸਾਲ ਮੁਤਾਬਕ ਚਿੱਤਰਾਂ 'ਚ ਢਾਲਣਾ ਚਿੱਤਰਕਾਰਾਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਤਿਹਾਸਕ ਚਿੱਤਰ ਤਿਆਰ ਕਰ ਕੇ ਪ੍ਰਦਰਸ਼ਿਤ ਕਰਨ ਦਾ ਮੰਤਵ ਅਜੋਕੀ ਪੀੜੀ ਅਤੇ ਨੌਜਵਾਨੀ ਨੂੰ ਸਿੱਖੀ ਦੇ ਕੁਰਬਾਨੀਆਂ ਭਰੇ ਵਿਰਸੇ ਦੇ ਰੂ-ਬਰੂ ਕਰਵਾਉਣਾ ਹੈ। ਇਹ ਚਿੱਤਰ ਜਿੱਥੇ ਸ਼ਤਾਬਦੀ ਸਮਾਗਮਾਂ ਦੌਰਾਨ ਸਜਾਏ ਜਾਣਗੇ, ਉੱਥੇ ਹੀ ਪੰਜਾਬ ਅਤੇ ਹੋਰਨਾ ਸੂਬਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਭਵਿੱਖ ਵਿਚ ਪ੍ਰਦਰਸ਼ਨੀ ਰੂਪ ਵਿਚ ਸੰਗਤ ਦੇ ਰੂ-ਬਰੂ ਕੀਤੇ ਜਾਣਗੇ। ਇਸ ਦੌਰਾਨ ਭਾਈ ਲੌਂਗੋਵਾਲ ਨੇ ਪੰਜ ਵਧੀਆ ਚਿੱਤਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ।
ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ
NEXT STORY