ਅੰਮ੍ਰਿਤਸਰ (ਦੀਪਕ) : ਸੋਸ਼ਲ ਮੀਡੀਆ ’ਤੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ’ਚ ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਮਗਰੋਂ ਹੋਂਦ ’ਚ ਆਈ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦਾ ਵਿਲੱਖਣ ਇਤਿਹਾਸ ਅਤੇ ਪ੍ਰਾਪਤੀਆਂ ਹਨ, ਕੁਝ ਲੋਕ ਜਾਣਬੁੱਝ ਕੇ ਇਸ ਸੰਸਥਾ ਦੇ ਅਕਸ ਨੂੰ ਢਾਅ ਲਾਉਣ ਦੇ ਯਤਨ ਵਿਚ ਹਨ।
ਉਨ੍ਹਾਂ ਕਿਹਾ ਕਿ ਇਸ ਮਾਣਮੱਤੀ ਸੰਸਥਾ ਵਿਰੁੱਧ ਪ੍ਰਾਪੇਗੰਡਾ ਅਤਿ-ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਿੱਤ ਦਿਨ ਸੰਸਥਾ ਵਿਰੁੱਧ ਨੀਤੀਗਤ ਪ੍ਰਚਾਰ ਕਰਨ ਵਾਲੇ ਲੋਕ ਇਸ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰ-ਅੰਦਾਜ਼ ਕਰ ਕੇ ਬੋਲਣ ’ਚ ਆਪਣੀ ਸ਼ਾਨ ਸਮਝਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਇਸ ਸੰਸਥਾ ਨੇ ਆਪਣੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਦੀ ਅਵਾਜ਼ ਬੁਲੰਦ ਕੀਤੀ ਹੈ, ਜਦੋਂ ਵੀ ਕਿਤੇ ਸਿੱਖਾਂ ਨੂੰ ਕਿਸੇ ਮੁਸ਼ਕਿਲ ’ਚੋਂ ਲੰਘਣਾ ਪਿਆ ਤਾਂ ਸ਼੍ਰੋਮਣੀ ਕਮੇਟੀ ਨੇ ਮੋਹਰੀ ਭੂਮਿਕਾ ਅਦਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਸੰਸਥਾ ਵਲੋਂ ਕੀਤੇ ਗਏ ਸਮਾਜ ਭਲਾਈ ਦੇ ਕਾਰਜ ਯਾਦ ਰੱਖਣ ਯੋਗ ਹਨ। ਜੋਧਪੁਰ ਜੇਲ ਦੇ ਨਜ਼ਰਬੰਦਾਂ ਲਈ ਸਹਾਇਤਾ, 1984 ਦੇ ਪੀਡ਼ਤਾਂ ਦੀ ਮਦਦ, ਜੇਲਾਂ ’ਚ ਬੰਦੀ ਸਿੰਘਾਂ ਦੀ ਸਾਰ, ਧਰਮੀ ਫ਼ੌਜੀਆਂ ਨੂੰ ਸਹਾਇਤਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਇਸ ਸੰਸਥਾ ਦੇ ਹਿੱਸੇ ਆਇਆ ਹੈ। ਇਹ ਕੋਈ ਪਬਲੀਸਿਟੀ ਦੇ ਨਜ਼ਰੀਏ ਤੋਂ ਨਹੀਂ ਸਗੋਂ ਰਿਕਾਰਡ ਦਾ ਹਿੱਸਾ ਹੈ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਨੇ ਜੋ ਕਾਰਜ ਕੀਤੇ, ਉਹ ਮਿਸਾਲੀ ਹਨ। ਜੰਮੂ-ਕਸ਼ਮੀਰ ਵਿਖੇ ਹਡ਼੍ਹ ਪੀਡ਼ਤਾਂ ਦੀ ਬਾਂਹ ਫਡ਼ਨੀ, ਨੇਪਾਲ, ਲੇਹ ਲੱਦਾਖ, ਉੱਤਰਾਖੰਡ ਆਦਿ ਥਾਵਾਂ ’ਤੇ ਇਸ ਦੀਆਂ ਸਮਾਜ ਭਲਾਈ ਗਤੀਵਿਧੀਆਂ ਅਤੇ ਕੈਂਸਰ ਪੀਡ਼ਤਾਂ ਨੂੰ ਕਰੋਡ਼ਾਂ ਰੁਪਏ ਦੀ ਦਿੱਤੀ ਸਹਾਇਤਾ ਇਤਿਹਾਸ ਦਾ ਹਿੱਸਾ ਹਨ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਢਾਅ ਲਾਉਣ ਵਾਲੇ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ, ਉਨ੍ਹਾਂ ਦੀ ਇਕਮਾਤਰ ਇੱਛਾ ਸਿਰਫ ਆਪਣੇ ਮਨਸੂਬਿਆਂ ਦੀ ਪੂਰਤੀ ਕਰਨਾ ਹੁੰਦਾ ਹੈ। ਉਨ੍ਹਾਂ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਜਿਹੀਆਂ ਘਟੀਆ ਪੋਸਟਾਂ ਨੂੰ ਸਿਰੇ ਤੋਂ ਨਕਾਰਿਆ ਜਾਵੇ।
ਪੰਜਾਬ ਹਡ਼੍ਹ : ਸਿਰਫ਼ 8 ਪਿੰਡਾਂ ਨੂੰ ਛੱਡ ਕੇ ਬਾਕੀਆਂ ਦੀ ਬਿਜਲੀ ਬਹਾਲ
NEXT STORY