ਅੰਮ੍ਰਿਤਸਰ (ਛੀਨਾ)-ਭਗਤਾਂ ਵਾਲਾ ਕੂੜੇ ਦੇ ਡੰਪ ’ਤੇ ਰੋਜ਼ਾਨਾ ਸੁਲਗਦੀ ਅੱਗ ਦੇ ਜ਼ਹਿਰੀਲੇ ਧੂੰਏਂ ਨੇ ਇਲਾਕੇ ਦੇ ਲੋਕਾਂ ਨੂੰ ਹਾਲੋਂ-ਬੇਹਾਲ ਕਰ ਕੇ ਰੱਖ ਦਿੱਤਾ ਹੈ ਅਤੇ ਲੋਕ ਸਾਹ ਲੈਣ ਤੋਂ ਵੀ ਔਖੇ ਹੋਏ ਪਏ ਹਨ। ਇਸ ਡੰਪ ’ਤੇ ਸ਼ਹਿਰ ਦਾ ਸਾਰਾ ਕੂੜਾ ਸੁੱਟਣ ਕਾਰਨ ਜਿਥੇ ਲੋਕ ਬਦਬੂ ਕਾਰਨ ਭਾਰੀ ਪ੍ਰੇਸ਼ਾਨ ਸਨ, ਉਥੇ ਹੀ ਹੁਣ ਰੋਜ਼ਾਨਾ ਅੱਗ ਲੱਗਣ ਨਾਲ ਇਲਾਕੇ ’ਚ ਫੈਲਦੇ ਜ਼ਹਿਰੀਲੇ ਧੂੰਏਂ ਨੇ ਵੀ ਲੋਕਾਂ ਦਾ ਧੂੰਆਂ ਕੱਢਦਿਆਂ ਸਮੱਸਿਆ ’ਚ ਹੋਰ ਵਾਧਾ ਕਰ ਦਿੱਤਾ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਕੂੜੇ ਦੇ ਡੰਪ ਨੂੰ ਲੈ ਕੇ ਲੰਮਾ ਸਮਾਂ ਰਾਜਨੀਤੀ ਕਰਨ ਵਾਲੇ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਇਸ ਡੰਪ ਨੂੰ ਸ਼ਹਿਰ ’ਚੋਂ ਬਾਹਰ ਕੱਢ ਕੇ ਲੋਕਾਂ ਨੂੰ ਇਸ ਨਰਕ ਤੋਂ ਹਮੇਸ਼ਾ ਲਈ ਨਿਜਾਤ ਦਿਵਾਈ ਜਾਵੇਗੀ, ਜਿਸ ਕਾਰਨ ਹਲਕੇ ਦੇ ਲੋਕਾਂ ਨੇ ਉਸ ’ਤੇ ਭਰੋਸਾ ਪ੍ਰਗਟਾਉਂਦਿਆਂ ਮੁੜ ਵਿਧਾਇਕ ਬਣਾ ਕੇ ਹਲਕੇ ਦੀ ਵਾਗਡੋਰ ਤਾਂ ਸੌਂਪ ਦਿੱਤੀ ਪਰ ਕਾਂਗਰਸੀ ਵਿਧਾਇਕ ਆਪਣਾ ਵਾਅਦਾ ਪੁਗਾਉਣ ’ਚ ਫੇਲ ਹੋ ਗਿਆ, ਜਿਸ ਦਾ ਖਮਿਆਜ਼ਾ ਬੇਕਸੂਰ ਲੋਕ ਭੁਗਤਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਲੋਨ ਲੈ ਕੇ ਘਰ ਨੂੰ ਵੇਚਣ ਦੀ ਕੋਸ਼ਿਸ਼, ਔਰਤ ’ਤੇ ਮਾਮਲਾ ਦਰਜ
ਕੂੜੇ ਦੇ ਮਸਲੇ ’ਤੇ ਕਾਂਗਰਸ ਸਰਕਾਰ ਸੁੱਤੀ ਕੁੰਭਕਰਨੀ ਨੀਂਦ
ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਕੂੜੇ ਦੇ ਡੰਪ ਕਾਰਨ ਹੁਣ ਤਕ ਵੱਡੀ ਗਿਣਤੀ ’ਚ ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ ਤੇ ਬਹੁਤ ਸਾਰੇ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਇਸ ਗੰਭੀਰ ਮਾਮਲੇ ਪ੍ਰਤੀ ਕਾਂਗਰਸ ਸਰਕਾਰ ਅਤੇ ਹਲਕਾ ਵਿਧਾਇਕ ਬਿਲਕੁਲ ਚਿੰਤਿਤ ਨਜ਼ਰ ਨਹੀਂ ਆ ਰਹੇ। ਗਿੱਲ ਨੇ ਕਿਹਾ ਕਿ ਡੰਪ ਨੇੜਲੇ ਇਲਾਕਿਆਂ ਦੇ ਲੋਕ ਆਪਣੇ ਘਰ ਛੱਡ ਕੇ ਕਿੱਧਰੇ ਹੋਰਨਾਂ ਇਲਾਕਿਆਂ ’ਚ ਜਾਣ ਲਈ ਮਜਬੂਰ ਹੋ ਗਏ ਹਨ ਪਰ ਕਾਂਗਰਸ ਸਰਕਾਰ ਜਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀ ਹਰੇਕ ਸਮੱਸਿਆ ਨੂੰ ਹੱਲ ਕਰੇ, ਉਹ ਕੂੜੇ ਦੇ ਮਸਲੇ ’ਤੇ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਗਿੱਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਡੰਪ ਨੂੰ ਚੁੱਕਵਾਉਣ ਦਾ ਵਾਅਦਾ ਕਰ ਕੇ ਵੋਟਾਂ ਬਟੋਰਨ ਵਾਲੇ ਕਾਂਗਰਸੀ ਵਿਧਾਇਕ ਨੂੰ ਇਸ ਵਾਰ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲੋਕ ਡੰਪ ਕਾਰਨ ਬੜੇ ਔਖੇ ਦਿਨ ਕੱਟਣ ਲਈ ਮਜਬੂਰ ਹਨ। ਗਿੱਲ ਨੇ ਅਖੀਰ ’ਚ ਆਖਿਆ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਕੂੜੇ ਦੇ ਡੰਪ ਨੂੰ ਸ਼ਹਿਰ ਤੋਂ ਬਾਹਰ ਕੱਢਣਾ ਮੇਰੀ ਸਭ ਤੋਂ ਅਹਿਮ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਮੈਂ ਹਲਕਾ ਦੱਖਣੀ ਦੇ ਨਿਵਾਸੀਆਂ ਨੂੰ ਆਪਣਾ ਪਰਿਵਾਰ ਮੰਨਦਾ ਹਾਂ ਤੇ ਇਸ ਪਰਿਵਾਰ ਨੂੰ ਮੈਂ ਕਦੇ ਵੀ ਔਖੇ ਹਾਲਾਤ ’ਚ ਨਹੀਂ ਦੇਖ ਸਕਦਾ।
ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ
NEXT STORY