ਅੰਮ੍ਰਿਤਸਰ (ਸੰਜੀਵ) : ਸ਼ੁੱਕਰਵਾਰ ਸਵੇਰੇ ਸਾਢੇ 5 ਵਜੇ ਦੇ ਕਰੀਬ ਨਿਊ ਕਾਂਗੜਾ ਕਾਲੋਨੀ ਵਾਸੀ ਅਨਿਲ ਪੁਰੀ ਨੂੰ 4 ਹਥਿਆਰਬੰਦ ਲੁਟੇਰਿਆਂ ਨੇ ਉਸ ਸਮੇਂ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਦੋਂ ਉਹ ਵੱਲ੍ਹਾ ਮੰਡੀ ਸਬਜ਼ੀ ਲੈਣ ਲਈ ਜਾ ਰਿਹਾ ਸੀ। ਇਸ ਦੌਰਾਨ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਦਾਤਰ ਨਾਲ ਬੁਰੀ ਤਰ੍ਹਾਂ ਵੱਢਿਆ ਅਤੇ ਉਸ ਦੀ ਜੇਬ 'ਚੋਂ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਗੰਭੀਰ ਹਾਲਤ 'ਚ ਅਨਿਲ ਪੁਰੀ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ.-3 ਹਰਪਾਲ ਸਿੰਘ ਅਤੇ ਥਾਣਾ ਮੋਹਕਮਪੁਰਾ ਦੇ ਇੰਚਾਰਜ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ। ਪੁਲਸ ਨੂੰ ਭੱਜਦੇ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਹੱਥ ਲੱਗੀ ਹੈ, ਜਿਸ ਨਾਲ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਨਿਲ ਪੁਰੀ ਕੈਟਰਿੰਗ ਦਾ ਕੰਮ ਕਰਦਾ ਹੈ, ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਐਕਟਿਵਾ 'ਤੇ ਘਰੋਂ ਵੱਲ੍ਹਾ ਮੰਡੀ ਲਈ ਨਿਕਲਿਆ ਤਾਂ ਰਸਤੇ 'ਚ ਉਸ ਨੂੰ ਜੌੜਾ ਫਾਟਕ 40 ਖੂਹ ਤੋਂ ਆਏ 4 ਲੁਟੇਰਿਆਂ ਨੇ ਘੇਰ ਲਿਆ। ਆਉਂਦੇ ਹੀ ਉਸ 'ਤੇ ਤੇਜ਼ਧਾਰ ਦਾਤਰ ਨਾਲ ਵਾਰ ਕਰਨ ਲੱਗੇ। ਅਨਿਲ ਨੇ ਦਲੇਰੀ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਪਰ ਹਥਿਆਰਾਂ ਅੱਗੇ ਉਸ ਦੀ ਇਕ ਨਾ ਚੱਲੀ। ਉਹ ਗੰਭੀਰ ਜ਼ਖਮੀ ਹੋ ਕੇ ਸੜਕ 'ਤੇ ਡਿੱਗ ਗਿਆ, ਜਿਸ ਤੋਂ ਬਾਅਦ ਲੁਟੇਰੇ ਉਸ ਦੀ ਜੇਬ 'ਚੋਂ ਪੈਸੇ ਕੱਢ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਦੋਂ ਕਿ ਪੁਲਸ ਦੇ ਹੱਥ ਕੁਝ ਸੁਰਾਗ ਲੱਗੇ ਹਨ, ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਨੇ ਵਾਰਦਾਤ ਤੋਂ ਬਾਅਦ ਭੱਜ ਰਹੇ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਕੱਢਵਾਈ ਹੈ, ਜਿਸ ਵਿਚ ਉਹ ਹਥਿਆਰ ਫੜੇ ਦਿਖਾਈ ਦੇ ਰਹੇ ਹਨ।
ਰੋਜ਼ ਹੁੰਦੀਆਂ ਵਾਰਦਾਤਾਂ 'ਤੇ ਰੋਕ ਲਾਏ ਪੁਲਸ
ਇਲਾਕਾ ਕੌਂਸਲਰ ਪਤੀ ਗਰੀਸ਼ ਸ਼ਰਮਾ ਵਾਰਦਾਤ ਤੋਂ ਬਾਅਦ ਜ਼ਖਮੀ ਦਾ ਹਾਲ ਪੁੱਛਣ ਹਸਪਤਾਲ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਵੀ ਅਪੀਲ ਕੀਤੀ ਕਿ ਇਸ ਖੇਤਰ ਵਿਚ ਆਏ ਦਿਨ ਲੁਟੇਰੇ ਲੋਕਾਂ ਨੂੰ ਜ਼ਖਮੀ ਕਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਹਫ਼ਤੇ 'ਚ ਚੌਥੀ ਘਟਨਾ ਹੈ, ਜਿਸ ਵਿਚ ਲੁਟੇਰਿਆਂ ਨੇ ਕਿਸੇ ਵਿਅਕਤੀ ਨੂੰ ਲੁੱਟ ਦੀ ਨੀਅਤ ਨਾਲ ਨਿਸ਼ਾਨਾ ਬਣਾਇਆ ਹੈ।
ਕਤਲ ਕੀਤੇ ਬੰਟੀ ਦਾ 10ਵੇਂ ਦਿਨ ਕੀਤਾ ਸਸਕਾਰ
NEXT STORY