ਅੰਮ੍ਰਿਤਸਰ (ਰਮਨ)- ਬੀਤੀ ਰਾਤ ਸ਼ਹਿਰ ’ਚ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਇਹ ਮੀਂਹ ਪਾਵਰਕਾਮ ਲਈ ਆਫਤ ਬਣ ਗਿਆ ਹੈ। ਮੀਂਹ ਕਾਰਨ ਦੇਰ ਰਾਤ ਤੋਂ ਦਰਜਨਾਂ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਜਦਕਿ 66 ਕੇ. ਵੀ. ਏ. ਦਾ ਟਾਵਰ ਡਿੱਗਣ ਕਾਰਨ ਦੋ ਬਿਜਲੀ ਘਰ ਗੁਰੂਵਾਲੀ ਅਤੇ ਸੁਲਤਾਨਵਿੰਡ ਸਬ-ਸਟੇਸ਼ਨ ਇਲਾਕਿਆਂ ’ਚ ਦੇਰ ਸ਼ਾਮ ਬਿਜਲੀ ਬਹਾਲ ਨਹੀਂ ਹੋ ਸਕੀ। ਹਨੇਰੀ ਕਾਰਨ 40 ਬਿਜਲੀ ਦੇ ਖੰਭੇ ਡਿੱਗ ਗਏ, ਜਦਕਿ ਟਰਾਂਸਫਾਰਮਰਾਂ ਦਾ ਵੀ ਕਾਫੀ ਨੁਕਸਾਨ ਹੋਇਆ, 66 ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਮੀਂਹ ਰੁਕਦੇ ਹੀ ਪਾਵਰਕਾਮ ਦੀਆਂ ਤਕਨੀਕੀ ਟੀਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਸਵੇਰ ਤੱਕ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਹੋ ਗਈ। ਜਿਨ੍ਹਾਂ ਇਲਾਕਿਆਂ ’ਚ ਬਿਜਲੀ ਸਪਲਾਈ ਬਹਾਲ ਨਾ ਹੋ ਸਕੀ, ਉੱਥੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਨੋਡਲ ਸ਼ਿਕਾਇਤ ਨੰਬਰ ’ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਂਦੇ ਰਹੇ। ਤੇਜ਼ ਹਨੇਰੀ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਖੁਦ ਬਾਰਡਰ ਜ਼ੋਨ ਦੇ ਚੀਫ ਇੰਜਨੀਅਰ ਬਾਲ ਕ੍ਰਿਸ਼ਨ ਨੇ ਆਪਣੇ ਡਿਪਟੀ ਚੀਫ ਇੰਜਨੀਅਰਾਂ ਸਮੇਤ ਲਿਆ।
ਉਨ੍ਹਾਂ ਟਾਹਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਿੱਛੇ ਪਏ 66 ਕੇ.ਵੀ.ਏ. ਟਾਵਰ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ। ਸਾਰੇ ਸਰਹੱਦੀ ਜ਼ੋਨਾਂ ਵਿਚ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਹੈ। ਮੁੱਖ ਇੰਜਨੀਅਰ ਬਾਲ ਕ੍ਰਿਸਨ ਨੇ ਦੱਸਿਆ ਕਿ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਹੈ, ਸਿਰਫ ਦੋ ਸਬ ਸਟੇਸ਼ਨਾਂ ਵਿਚ ਬਿਜਲੀ ਸਪਲਾਈ ਦੀ ਸਮੱਸਿਆ ਆਈ ਹੈ। ਇਕ ਟਾਵਰ ਢਹਿ ਗਿਆ, 66 ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ 40 ਬਿਜਲੀ ਦੇ ਖੰਭੇ ਡਿੱਗ ਗਏ। ਲਗਭਗ ਸਾਰੇ ਖੇਤਰਾਂ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਮਜੀਠਾ ਵਿਚ 50 ਬਿਜਲੀ ਦੇ ਖੰਭੇ ਅਤੇ 12 ਟਰਾਂਸਫਰਮਰ ਡਿੱਗੇ
ਮਜੀਠਾ/ਕੱਥੂਨੰਗਲ, (ਜ.ਬ)- ਬੀਤੀ ਰਾਤ ਆਈ ਤੇਜ਼ ਹਨੇਰੀ, ਝੱਖੜ ਅਤੇ ਬਾਰਿਸ਼ ਨਾਲ ਮਜੀਠਾ ਅਤੇ ਆਸ-ਪਾਸ ਪਿੰਡਾਂ ਵਿਚ ਬਿਜਲੀ ਦੇ ਵੱਡੀ ਗਿਣਤੀ ਵਿਚ ਖੰਭੇ ਅਤੇ ਟਰਾਂਸਫਰਮਰ ਡਿੱਗ ਗਏ ਹਨ, ਜਿਸ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਅਨੇਕਾਂ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਸਬੰਧੀ ਪਾਵਰਕਾਮ ਦੇ ਉਪ ਮੰਡਲ ਮਜੀਠਾ-1 ਦੇ ਸੀਨੀ. ਕਾਰਜਕਾਰੀ ਇਜੀਨੀਅਰ ਸੁਖਜਿੰਦਰ ਸਿੰਘ ਅਤੇ ਉਪ ਮੰਡਲ ਮਜੀਠਾ-2 ਉਪ ਮੰਡਲ ਅਫ਼ਸਰ ਇੰਜੀਨੀਅਰ ਰਾਜੀਵ ਕੁਮਾਰ ਨੇ ਦੱਸਿਆ ਕਿ ਬਿਜਲੀ ਘਰ ਮਜੀਠਾ ਅਧੀਨ ਆਉਂਦੇ ਦੋਵਾਂ ਉਪ ਮੰਡਲਾਂ ਦੇ ਵੱਖ-ਵੱਖ ਪਿੰਡਾਂ ਵਿਚ ਕਰੀਬ 50 ਬਿਜਲੀ ਦੇ ਖੰਭੇ ਅਤੇ 12 ਟਰਾਂਸਫਰਮਰ ਡਿੱਗੇ ਹਨ, ਇਸ ਦੇ ਨਾਲ ਹੀ ਕਵਾਲਟੀ ਫੈਕਟਰੀ ਦੇ ਨੇੜੇ 11 ਕੇ. ਵੀ. ਏ. ਦੀਆਂ ਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਬਿਜਲੀ ਸਪਲਾਈ ਬੰਦ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ 24 ਘੰਟੇ ਸਪਲਾਈ ਵਾਲੀ ਬਿਜਲੀ ਚਾਲੂ ਕਰ ਦਿੱਤੀ ਗਈ ਹੈ। ਝੋਨੇ ਦਾ ਸੀਜ਼ਨ ਹੋਣ ਕਰ ਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਪਾਤਕਾਲ ਮੀਟਿੰਗ ਕਰ ਕੇ ਵੱਖ-ਵੱਖ ਟੀਮਾਂ ਬਣਾ ਕੇ ਡਿਊਟੀਆਂ ਲਗਾ ਦਿੱਤੀਆਂ ਅਤੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਜਿਹੜੇ ਇਲਾਕੇ ਦੀ ਬਿਜਲੀ ਬੰਦ ਹੈ, ਆਉਂਦੇ 24 ਘੰਟੇ ਵਿਚ ਬਿਜਲੀ ਚਾਲੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਨੇਰੀ ਨਾਲ ਮਜੀਠਾ ਇਕ ਅਧੀਨ ਆਉਂਦੇ ਪਿੰਡਾਂ ’ਚ ਪ੍ਰਭਾਵਿਤ ਬਿਜਲੀ ਉਪਕਰਨਾਂ ਦਾ ਕਰੀਬ 15 ਲੱਖ ਰੁਪਏ ਦਾ ਮਹਿਕਮੇ ਦਾ ਵਿੱਤੀ ਨੁਕਸਾਨ ਹੋਇਆ ਹੈ, ਜਿਸ ਨਾਲ ਅਨੇਕਾਂ ਪਿੰਡਾਂ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ।
ਸੰਗਰੂਰ ਜ਼ਿਮਨੀ ਚੋਣ : ਭਾਜਪਾ ਉਮੀਦਵਾਰ ਸਣੇ ਹੋਰਨਾਂ ਨੇ ਪਾਈ ਵੋਟ, ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ (ਤਸਵੀਰਾਂ)
NEXT STORY