ਅੰਮ੍ਰਿਤਸਰ (ਮਹਿੰਦਰ) : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਮਾਣਹਾਨੀ ਦੇ ਇਕ ਕੇਸ 'ਚ ਸ਼ੁੱਕਰਵਾਰ ਨੂੰ ਜਿਥੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਦਾਲਤ 'ਚ ਨਹੀਂ ਪਹੁੰਚੇ, ਉਥੇ ਮੁਕੱਦਮਾ ਦਾਇਰ ਕਰਨ ਵਾਲੇ ਸ਼ਿਕਾਇਤਕਰਤਾ ਮਜੀਠੀਆ ਵੀ ਨਹੀਂ ਆਏ। ਦੋਵਾਂ ਵਲੋਂ ਹਾਜ਼ਰੀ ਮੁਆਫੀ ਲਈ ਅਦਾਲਤ 'ਚ ਪਟੀਸ਼ਨਾਂ ਹੀ ਪਹੁੰਚੀਆਂ। 'ਆਪ' ਆਗੂ ਸੰਜੇ ਸਿੰਘ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀਆਂ ਗਤੀਵਿਧੀਆਂ 'ਚ ਰੁੱਝੇ ਹੋਣ ਕਾਰਨ ਹਾਜ਼ਰੀ ਮੁਆਫੀ ਦਾਇਰ ਕੀਤੀ। ਸਥਾਨਕ ਜੇ. ਐੱਮ. ਆਈ. ਸੀ. ਅਰਜੁਨ ਸਿੰਘ ਦੀ ਅਦਾਲਤ ਨੇ ਉਸ ਦੀ ਹਾਜ਼ਰੀ ਦੀ ਅਪੀਲ ਸਵੀਕਾਰ ਕਰਦਿਆਂ ਇਸ ਮਾਮਲੇ 'ਤੇ ਅਗਲੀ ਸੁਣਵਾਈ ਲਈ ਹੁਣ 6 ਦਸੰਬਰ ਦੀ ਤਰੀਕ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ 'ਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਰੈਲੀਆਂ ਦੌਰਾਨ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ, ਦਿੱਲੀ ਸਰਕਾਰ ਦੀ ਸੰਵਾਦ ਕਮੇਟੀ ਦੇ ਤਤਕਾਲੀ ਚੇਅਰਮੈਨ ਅਸ਼ੀਸ਼ ਖੇਤਾਨ ਤੇ ਸੰਜੇ ਸਿੰਘ ਨੇ ਤਤਕਾਲੀ ਪੰਜਾਬ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਨਸ਼ਾ ਸਮੱਗਲਰਾਂ ਨਾਲ ਸਾਂਝ ਰੱਖਣ ਦੇ ਦੋਸ਼ ਲਾਏ ਸਨ, ਜਿਸ 'ਤੇ ਮਜੀਠੀਆ ਨੇ ਸਥਾਨਕ ਅਦਾਲਤ 'ਚ ਤਿੰਨਾਂ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਹਾਲਾਂਕਿ ਅਦਾਲਤ ਨੇ ਇਸ ਮਾਮਲੇ 'ਚ ਤਿੰਨਾਂ ਖਿਲਾਫ ਦੋਸ਼ ਵੀ ਤੈਅ ਕਰ ਦਿੱਤੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ 'ਆਪ' ਨੇਤਾ ਅਸ਼ੀਸ਼ ਖੇਤਾਨ ਨੇ ਇਸ ਕੇਸ ਵਿਚ ਸੁਣਵਾਈ ਕਰ ਕੇ ਕੁਝ ਮਹੀਨੇ ਪਹਿਲਾਂ ਮੁਆਫੀ ਮੰਗ ਲਈ ਸੀ, ਜਿਸ 'ਤੇ ਮਜੀਠੀਆ ਨੇ ਇਨ੍ਹਾਂ ਦੋਵਾਂ ਖਿਲਾਫ ਕੇਸ ਵਾਪਸ ਲੈ ਲਿਆ, ਜਦੋਂ ਕਿ ਸੰਜੇ ਸਿੰਘ ਨੇ ਮੁਆਫੀ ਮੰਗਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਕੇਸ ਹੁਣ ਸਿਰਫ ਸੰਜੇ ਸਿੰਘ ਖਿਲਾਫ ਚੱਲ ਰਿਹਾ ਹੈ।
ਪਟਿਆਲਾ: ਪੁਲਸ ਮੁਲਾਜ਼ਮ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
NEXT STORY