ਅੰਮ੍ਰਿਤਸਰ (ਸੁਮਿਤ ਖੰਨਾ, ਸੰਜੀਵ ) : ਕੇਂਦਰੀ ਜੇਲ 'ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਸੀ. ਆਈ. ਏ. ਸਟਾਫ ਨੇ ਅੱਜ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਕੀਤਾ, ਜਿਨ੍ਹਾਂ 'ਚ ਗੁਰਮੀਤ ਸਿੰਘ ਹੈਪੀ ਵਾਸੀ ਗੇਟ ਹਕੀਮਾਂ, ਰਜਿੰਦਰ ਸਿੰਘ ਰਾਜੂ ਵਾਸੀ ਫਕੀਰ ਸਿੰਘ ਕਾਲੋਨੀ, ਲਖਵਿੰਦਰ ਸਿੰਘ ਕਾਕਾ ਵਾਸੀ ਰਤਨ ਸਿੰਘ ਚੌਕ ਸ਼ਾਮਿਲ ਹੈ, ਜਦ ਕਿ ਇਨ੍ਹਾਂ ਦਾ ਚੌਥਾ ਸਾਥੀ ਅਰੁਣ ਸ਼ਰਮਾ ਵਾਸੀ ਕੱਟੜਾ ਖਜ਼ਾਨਾ ਹੁਣ ਪੁਲਸ ਦੀ ਪਕੜ ਤੋਂ ਦੂਰ ਹੈ। ਗ੍ਰਿਫਤਾਰ ਕੀਤੇ ਗਏ 3 ਸਮੱਗਲਰ ਕੇਂਦਰੀ ਜੇਲ 'ਚ ਬੈਠੇ ਹਵਾਲਾਤੀ ਪਲਵਿੰਦਰ ਸਿੰਘ ਪਿੰਦੀ ਵਾਸੀ ਕੁੱਕੜਾਂਵਾਲਾ, ਸੁਖਵਿੰਦਰ ਸਿੰਘ ਸੁੱਖ ਵਾਸੀ ਪੱਕਾ ਕਿਲਾ ਝਬਾਲ, ਐਰਿਕ ਉਰਫ ਕੰਨੀ ਵਾਸੀ ਫਤਿਹ ਸਿੰਘ ਕਾਲੋਨੀ ਅਤੇ ਪ੍ਰਿੰਸ ਵਾਸੀ ਫਕੀਰ ਸਿੰਘ ਕਾਲੋਨੀ ਦੇ ਇਸ਼ਾਰਿਆਂ 'ਤੇ ਬਾਹਰੋਂ ਨਸ਼ੇ ਦੀ ਸਪਲਾਈ ਕਰ ਰਹੇ ਸਨ। ਪੁਲਸ ਨੇ ਦੋਸ਼ੀਆਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤੇ ਗਏ ਤਿੰਨਾਂ ਸਮੱਗਲਰਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ। ਇਹ ਖੁਲਾਸਾ ਅੱਜ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ, ਜਿਨ੍ਹਾਂ ਨਾਲ ਏ. ਡੀ. ਸੀ. ਪੀ. ਗੁਰਨਾਮ ਸਿੰਘ, ਏ. ਸੀ. ਪੀ. ਪਲਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਵੀ ਸਨ।
ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਉਹ ਜੇਲ 'ਚ ਬੈਠੇ ਹਵਾਲਾਤੀਆਂ ਦੇ ਇਸ਼ਾਰਿਆਂ 'ਤੇ ਬਾਹਰ ਅਤੇ ਜੇਲ ਦੇ ਅੰਦਰ ਹੈਰੋਇਨ ਦੇ ਨਾਲ-ਨਾਲ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਪਹੁੰਚਾਉਂਦੇ ਸਨ। ਜੇਲ 'ਚ ਬੰਦ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਦੇਣ ਦੇ ਬਦਲੇ ਉਨ੍ਹਾਂ ਦੇ ਵਾਰਿਸਾਂ ਤੋਂ ਪੇਅ ਟੀ. ਐੱਮ. ਤੋਂ ਪੈਸਾ ਟਰਾਂਸਫਰ ਕਰਵਾਉਂਦੇ ਅਤੇ ਉਸ ਤੋਂ ਬਾਅਦ ਜੇਲ 'ਚ ਉਨ੍ਹਾਂ ਨੂੰ ਨਸ਼ੇ ਵਾਲਾ ਪਦਾਰਥ ਸਪਲਾਈ ਕਰ ਦਿੱਤਾ ਜਾਂਦਾ ਸੀ। ਜੇਲ 'ਚ ਬੈਠੇ ਹਵਾਲਾਤੀ ਮੋਬਾਇਲ ਤੋਂ ਉਨ੍ਹਾਂ ਦੇ ਵਾਰਿਸਾਂ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਨੂੰ ਬਾਹਰ ਬੈਠੇ ਆਪਣੇ ਸਾਥੀਆਂ ਨੂੰ ਪੇਅ ਟੀ. ਐੱਮ. ਤੋਂ ਪੈਸਾ ਟਰਾਂਸਫਰ ਕਰਨ ਦੇ ਨਿਰਦੇਸ਼ ਦਿੰਦੇ, ਜਿਵੇਂ ਹੀ ਜੇਲ 'ਚ ਬੰਦ ਹਵਾਲਾਤੀ ਦੇ ਘਰ ਵਾਲੇ ਪੈਸਾ ਟਰਾਂਸਫਰ ਕਰਦੇ, ਉਸ ਤੋਂ ਬਾਅਦ ਜੇਲ 'ਚ ਨਸ਼ਾ ਮੁਹੱਈਆ ਕਰਵਾ ਦਿੱਤਾ ਜਾਂਦਾ ਸੀ।
10 ਲੱਖ ਤੋਂ ਵੱਧ ਦਾ ਹੋ ਚੁੱਕੈ ਲੈਣ-ਦੇਣ
ਗ੍ਰਿਫਤਾਰ ਕੀਤੇ ਗਏ ਗੁਰਮੀਤ ਸਿੰਘ, ਰਜਿੰਦਰ ਸਿੰਘ ਅਤੇ ਉਨ੍ਹਾਂ ਦਾ ਸਾਥੀ ਅਰੁਣ ਸ਼ਰਮਾ ਜ਼ਮਾਨਤ 'ਤੇ ਜੇਲ ਤੋਂ ਰਿਹਾਅ ਹੋ ਕੇ ਬਾਹਰ ਆਏ ਸਨ, ਜਿਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਪਿਛਲੇ ਇਕ ਸਾਲ ਤੋਂ ਪੇਅ ਟੀ. ਐੱਮ. ਰਾਹੀਂ ਪੈਸੇ ਦਾ ਲੈਣ-ਦੇਣ ਕਰਦੇ ਸਨ। ਹੁਣ ਤੱਕ 10 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋ ਚੁੱਕਾ ਹੈ। ਪੁਲਸ ਇਸ ਮਾਮਲੇ ਵਿਚ ਛੇਤੀ ਹੀ ਦੋਸ਼ੀਆਂ ਦੇ ਬੈਂਕ ਰਿਕਾਰਡ ਨੂੰ ਹਾਸਲ ਕਰਨ ਜਾ ਰਹੀ ਹੈ।
ਜੇਲ 'ਚ ਬੰਦ ਹਵਾਲਾਤੀਆਂ ਨੂੰ ਲਿਆਂਦਾ ਜਾਵੇਗਾ ਪ੍ਰੋਡਕਸ਼ਨ ਵਾਰੰਟ 'ਤੇ
ਮਾਮਲੇ 'ਚ ਨਾਮਜ਼ਦ ਕੀਤੇ ਗਏ ਚਾਰਾਂ ਹਵਾਲਾਤੀਆਂ ਨੂੰ ਪੁਲਸ ਛੇਤੀ ਹੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਜਾ ਰਹੀ ਹੈ, ਜਿਨ੍ਹਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜੇਲ 'ਚ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਜੁੜੇ ਕੁਝ ਜੇਲ ਕਰਮਚਾਰੀਆਂ ਦੇ ਨਾਵਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੇਂਦਰੀ ਜੇਲ 'ਚੋਂ ਚਲਾਏ ਜਾ ਰਹੇ ਨਸ਼ੇ ਦੇ ਇਸ ਕਾਰੋਬਾਰ ਨਾਲ ਜੁੜੇ ਹਰ ਉਸ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਬਾਹਰੀ ਸਮੱਗਲਰਾਂ ਤੋਂ ਜੇਲ 'ਚ ਨਸ਼ੇ ਦੀ ਸਪਲਾਈ ਕਰਵਾ ਰਹੇ ਹਨ।
'ਅਮਰਨਾਥ ਯਾਤਰਾ' ਦੌਰਾਨ ਲੰਗਰ ਲਾਉਣ ਵਾਲੀਆਂ ਕਮੇਟੀਆਂ ਲਈ ਖੁਸ਼ਖਬਰੀ (ਵੀਡੀਓ)
NEXT STORY