ਅੰਮ੍ਰਿਤਸਰ (ਅਣਜਾਣ) - ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਹੁਣ ਤੱਕ 101 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਵਿਡ-19 ਕਾਰਣ ਸੰਗਤਾਂ ਦੀ ਬਿਹਤਰੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਸਾਹਿਬ, ਗੁ. ਰਾਮਸਰ ਸਾਹਿਬ, ਗੁ. ਬਿਬੇਕਸਰ, ਗੁ. ਬਾਬਾ ਬੋਤਾ ਜੀ ਬਾਬਾ ਗਰਜਾ ਜੀ ਸ਼ਹੀਦ, ਗੁ. ਸਾਰਾਗੜ੍ਹੀ ਸਾਹਿਬ, ਗੁ. ਸੰਤੋਖਸਰ ਸਾਹਿਬ ਆਦਿ ਦੇ ਆਲੇ-ਦੁਆਲੇ ਪੁਲਸ ਵਲੋਂ ਸਖਤ ਨਾਕੇਬੰਦੀ ਕੀਤੀ ਹੋਈ ਹੈ। ਨਾਕੇ ਦੌਰਾਨ ਪੁਲਸ ਨੇ ਪੂਰੀ ਸਖ਼ਤੀ ਵਰਤਦਿਆਂ ਉਕਤ ਥਾਵਾਂ ’ਤੇ ਚਿੜੀ ਤੱਕ ਵੀ ਨਹੀਂ ਫੜਕਣ ਦਿੱਤੀ। ਇਸ ਤੋਂ ਇਲਾਵਾ ਮੀਂਹ ਦੌਰਾਨ ਅਹਿਤਿਆਤ ਵਰਤਦਿਆਂ ਪੁਲਸ ਨੇ ਆਪਣਾ ਫਰਜ਼ ਨਿਭਾਉਂਦਿਆਂ ਸੰਗਤਾਂ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਿਆ।
ਕਰਫਿਊ ਦੇ ਕਾਰਨ ਸ੍ਰੀ ਹਰਿਮੰਦਰ ਸਾਹਿਬ ਤੇ ਨਾਲ ਲੱਗਦੇ ਇਨ੍ਹਾਂ ਗੁਰਦੁਆਰਾ ਸਾਹਿਬਾਨ ’ਚ ਡਿਊਟੀ ਕਰਮਚਾਰੀਆਂ ਅਤੇ ਪ੍ਰੇਮੀਆਂ ਤੋਂ ਇਲਾਵਾ ਕਿਸੇ ਵੀ ਹੋਰ ਸ਼ਖਸ ਨੂੰ ਨਹੀਂ ਦੇਖਿਆ ਗਿਆ। ਸਾਰੇ ਗੁਰਦੁਆਰਿਆਂ ’ਚ ਪਵਿੱਤਰ ਮਰਿਆਦਾ ਨੂੰ ਬਹਾਲ ਰੱਖਦਿਆਂ ਰਾਗੀ ਸਿੰਘਾਂ ਨੇ ਸਰਬੱਤ ਦੇ ਭਲੇ ਲਈ ਬੇਨਤੀ ਰੂਪੀ ਗੁਰਬਾਣੀ ਸ਼ਬਦਾਂ ਦੀਆਂ ਧੁਨਾਂ ਲਾਈਆਂ ਤੇ ਪੂਰੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ। ਇੱਕਾ-ਦੁੱਕਾ ਆਈ ਸੰਗਤ ਨੇ ਰੋਜ਼ਾਨਾ ਦੀ ਤਰ੍ਹਾਂ ਸੇਵਾ ਕੀਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕੀਤਾ।
ਪੜ੍ਹੋ ਇਹ ਵੀ ਖਬਰ -‘ਕੋਰੋਨਾ ਵਾਇਰਸ ਨਾਲ ਮਰਨ ਵਾਲੇ ਸ਼ਖਸ ਦਾ ਸਸਕਾਰ ਕਰਨ ’ਚ ਕੋਈ ਖ਼ਤਰਾ ਨਹੀਂ’
ਪੜ੍ਹੋ ਇਹ ਵੀ ਖਬਰ - ਕੋਰੋਨਾ ਦਾ ਕਹਿਰ ਜਾਰੀ : ਫਰੀਦਕੋਟ ’ਚ ਸਾਹਮਣੇ ਆਇਆ ਇਕ ਹੋਰ ਪਾਜ਼ੇਟਿਵ ਕੇਸ
ਪੜ੍ਹੋ ਇਹ ਵੀ ਖਬਰ - ਖੁਸ਼ਖਬਰੀ : ਕੈਪਟਨ ਦੇ ਨਿਰਦੇਸ਼ਾਂ ’ਤੇ ਪੈਨਸ਼ਨਧਾਰਕਾਂ ਤੇ ਮਨਰੇਗਾ ਮਜ਼ਦੂਰਾਂ ਲਈ ਜਾਰੀ ਹੋਏ ਕਰੋੜਾਂ ਰੁਪਏ
ਸੰਗਤਾਂ ਵਲੋਂ ਰਖਾਏ ਗਏ ਅਖੰਡ ਪਾਠਾਂ ’ਤੇ ਵੀ ਪਿਆ ਅਸਰ
ਕੋਰੋਨਾ ਮਹਾਮਾਰੀ ਅਤੇ ਜਨਤਾ ਕਰਫਿਊ ਦੌਰਾਨ ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਸਾਹਿਬ ਅਤੇ ਬਾਕੀ ਗੁਰਦੁਆਰਾ ਸਾਹਿਬਾਨ ’ਚ ਰੱਖੇ ਜਾਂਦੇ ਸ੍ਰੀ ਅਖੰਡ ਪਾਠ ’ਤੇ ਵੀ ਅਸਰ ਪਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਕੁਝ ਅਖੰਡ ਪਾਠੀ ਸਿੰਘਾਂ ਨੇ ਦੱਸਿਆ ਕਿ ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ’ਚ ਵੱਖ-ਵੱਖ ਅਸਥਾਨਾਂ ਦੁੱਖ ਭੰਜਨੀ ਬੇਰੀ, ਗੁ. ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ, ਹਰਿ ਕੀ ਪਉੜੀ, ਝੰਡਾ ਬੁੰਗਾ ਸਾਹਿਬ, ਬੇਰ ਬਾਬਾ ਬੁੱਢਾ ਜੀ, ਇਲਾਚੀ ਬੇਰ ਸਾਹਿਬ, ਗੁ. ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਬਾਬਾ ਅਟੱਲ ਰਾਏ ਸਾਹਿਬ ਆਦਿ ਵਿਖੇ ਹੀ ਸ੍ਰੀ ਅਖੰਡ ਪਾਠ ਸਾਹਿਬ ਚਲਾਏ ਜਾ ਰਹੇ ਹਨ ਅਤੇ ਗੁ. ਸ਼ਹੀਦ ਗੰਜ ਸਾਹਿਬ ਵਿਖੇ ਵੀ ਬਹੁਤ ਘੱਟ ਸ੍ਰੀ ਅਖੰਡ ਪਾਠ ਸਾਹਿਬ ਹੋ ਰਹੇ ਹਨ। ਅਜਿਹਾ ਜਨਤਾ ਕਰਫਿਊ ਦੌਰਾਨ ਜੋ ਅਖੰਡ ਪਾਠੀ ਸਿੰਘ ਬਾਹਰੋਂ ਆਉਂਦੇ ਸੀ, ਉਨ੍ਹਾਂ ਦੇ ਨਾ ਆ ਸਕਣ ਦਾ ਇਕ ਕਾਰਣ ਵੀ ਹੈ।
ਗਰੀਬ ਬਸਤੀਆਂ ਲਈ ਪ੍ਰੇਮੀਆਂ ਨੇ ਤਿਆਰ ਕੀਤਾ ਲੰਗਰ
ਸਿੱਖ ਧਰਮ ’ਚ ਲੰਗਰ ਦੀ ਵਿਲੱਖਣ ਪ੍ਰਥਾ ਨੂੰ ਜਾਰੀ ਰੱਖਦਿਆਂ ਰੋਜ਼ਾਨਾ ਦੀ ਤਰ੍ਹਾਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਬਾਹੀ ’ਤੇ ਕੋਰੋਨਾ ਦੇ ਕਹਿਰ ਕਾਰਣ ਬੇਰੋਜ਼ਗਾਰ ਹੋ ਗਏ ਗਰੀਬ ਬਸਤੀਆਂ ਦੇ ਲੋਕਾਂ ਲਈ ਪ੍ਰੇਮੀਆਂ ਨੇ ਲੰਗਰ ਤਿਆਰ ਕੀਤਾ। ਪ੍ਰੇਮੀ ਸਿੰਘਾਂ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਪ੍ਰੇਮੀ ਸਿੰਘਾਂ ਵੱਲੋਂ ਇਥੇ ਹਰ ਰੋਜ਼ ਲੰਗਰ ਤਿਆਰ ਕਰ ਕੇ ਗਰੀਬ ਬਸਤੀਆਂ ’ਚ ਪ੍ਰਸ਼ਾਸਨ ਦੀ ਮਦਦ ਨਾਲ ਲਿਜਾਇਆ ਜਾਂਦਾ ਹੈ।
ਪੰਜਾਬ ਸਰਕਾਰ ਵਲੋਂ ਅੱਜ ਗਜ਼ਟਿਡ ਛੁੱਟੀ ਦਾ ਐਲਾਨ
NEXT STORY