ਅੰਮ੍ਰਿਤਸਰ, (ਸੰਜੀਵ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਪੰਜਾਬ ਸਰਕਾਰ ਵਲੋਂ ਭੰਗੜਾ ਅਤੇ ਗਿੱਧਾ ਪਾਉਂਦੇ ਲਾਏ ਗਏ ਬੁੱਤਾਂ ਨੂੰ ਤੋੜਨ ਤੋਂ ਰੋਕਣ 'ਤੇ ਪੁਲਸ ਪਾਰਟੀ ਦੇ ਇੰਚਾਰਜ ਏ. ਐੱਸ. ਆਈ. ਰਾਮ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ 9 ਸਿੱਖ ਨੌਜਵਾਨਾਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ, ਜਦੋਂ ਕਿ ਮੌਕੇ ਤੋਂ ਫਰਾਰ ਹੋਏ ਇਕ ਨੌਜਵਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਏ. ਐੱਸ. ਆਈ. ਰਾਮ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਦੀ ਪੁਲਸ ਨੇ 9 ਸਿੱਖ ਨੌਜਵਾਨਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 307, 434, 427, 353, 186, 148, 149 ਅਤੇ ਪਬਲਿਕ ਪ੍ਰਾਪਰਟੀ ਦੀ ਭੰਨ-ਤੋੜ ਕਰਨ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ 'ਚ ਮਨਿੰਦਰ ਸਿੰਘ ਮਣੀ ਵਾਸੀ ਢਾਹਾਂ/ਨੂਰਪੁਰ ਬੇਦੀ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਰਣਜੀਤ ਸਿੰਘ ਵਾਸੀ ਪਿੰਡ ਸੋਹਲ (ਝਬਾਲ), ਹਰਵਿੰਦਰ ਸਿੰਘ ਵਾਸੀ ਟਿੱਬਾ ਟਪਰੀਆ, ਗੁਰਸੇਵ ਸਿੰਘ ਵਾਸੀ ਹਸਨਪੁਰ ਖੁਰਦ ਬਟਾਲਾ, ਰਵਿੰਦਰ ਸਿੰਘ ਘਮੌਰ ਬਲਾਚੌਰ, ਰਾਜਬੀਰ ਸਿੰਘ ਵਾਸੀ ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮੋਹਨੀ ਪਾਰਕ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਮੇਹਰੋ ਸ਼ਾਮਿਲ ਹਨ।
ਜਾਣਕਾਰੀ ਅਨੁਸਾਰ ਏ. ਸੀ. ਪੀ. ਸੈਂਟਰਲ ਸੁਖਜਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ 'ਤੇ ਪੰਜਾਬ ਸਰਕਾਰ ਵੱਲੋਂ ਭੰਗੜਾ ਅਤੇ ਗਿੱਧਾ ਪਾਉਂਦੇ ਬੁੱਤਾਂ ਨੂੰ ਲਾਇਆ ਗਿਆ ਸੀ, ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਨੂੰ ਹਟਾਉਣ ਲਈ ਕੁਝ ਸਿੱਖ ਸੰਗਠਨ ਇਸ ਦਾ ਵਿਰੋਧ ਕਰ ਰਹੇ ਸਨ। ਪਿਛਲੀ ਰਾਤ ਡੇਢ ਵਜੇ ਦੇ ਕਰੀਬ 9 ਸਿੱਖ ਨੌਜਵਾਨ ਹੱਥਾਂ 'ਚ ਹਥੌੜੇ ਅਤੇ ਲੋਹੇ ਦੀ ਰਾਡ ਲੈ ਕੇ ਵਿਰਾਸਤੀ ਮਾਰਗ 'ਤੇ ਆਏ ਅਤੇ ਬੁੱਤਾਂ ਨੂੰ ਤੋੜਨ ਲੱਗੇ, ਜਦੋਂ ਉਥੇ ਸੁਰੱਖਿਆ 'ਚ ਤਾਇਨਾਤ ਕਿਊ. ਆਰ. ਟੀ. ਦੀ ਟੀਮ ਨੇ ਇਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਸ ਪਾਰਟੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਕਿਊ. ਆਰ. ਟੀ. ਦਾ ਇੰਚਾਰਜ ਏ. ਐੱਸ. ਆਈ. ਰਾਮ ਸਿੰਘ ਜ਼ਖਮੀ ਹੋ ਗਿਆ, ਜਦੋਂ ਕਿ ਮੌਕੇ 'ਤੇ ਪਹੁੰਚੇ ਭਾਰੀ ਪੁਲਸ ਬਲ ਨੇ 8 ਨੌਜਵਾਨਾਂ ਨੂੰ ਤਾਂ ਮੌਕੇ ਤੋਂ ਗ੍ਰਿਫਤਾਰ ਕਰ ਲਿਆ, ਜਦੋਂ ਕਿ ਇਕ ਨੌਜਵਾਨ ਅੰਮ੍ਰਿਤਪਾਲ ਸਿੰਘ ਵਾਸੀ ਮੇਹਰੋ ਪੁਲਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਨਕਲੀ ਬੈਂਕ ਮੁਲਾਜ਼ਮ ਬਣ ਕੇ ਦੁਕਾਨਦਾਰ ਨਾਲ ਕੀਤੀ ਠੱਗੀ ਦੀ ਕੋਸ਼ਿਸ਼
NEXT STORY