ਅੰਮ੍ਰਿਤਸਰ (ਨੀਰਜ) : ਜੰਮੂ-ਕਸ਼ਮੀਰ 'ਚ ਧਾਰਾ 370 ਖਤਮ ਕਰਨ ਤੋਂ ਬਾਅਦ ਪਾਕਿ ਸਰਕਾਰ ਨੇ ਦਿੱਲੀ-ਲਾਹੌਰ ਅਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਹੈ, ਹਾਲਾਂਕਿ ਹੁਣ ਤੱਕ ਇਸ ਦਾ ਲਿਖਤੀ ਰੂਪ 'ਚ ਕੋਈ ਹੁਕਮ ਨਹੀਂ ਆਇਆ। ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਧਾਰਮਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਥਾਨ ਰੱਖਣ ਵਾਲੀ ਇਹ ਬੱਸ 1 ਕਰੋੜ ਰੁਪਏ ਦੇ ਹਰ ਸਾਲ ਘਾਟੇ 'ਤੇ ਚੱਲ ਰਹੀ ਸੀ। ਆਲਮ ਇਹ ਸੀ ਕਿ ਹਫ਼ਤੇ 'ਚ 4 ਦਿਨ ਚੱਲਣ ਵਾਲੀ ਇਹ ਬੱਸ ਸੇਵਾ ਸਰਕਾਰ ਲਈ ਘਾਟੇ ਦਾ ਸੌਦਾ ਸੀ। ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ 4 ਦਿਨ ਚੱਲਣ ਵਾਲੀ ਇਸ ਬੱਸ 'ਚ ਯਾਤਰੀਆਂ ਦੀ ਇੰਨੀ ਘਾਟ ਸੀ ਕਿ ਇਹ ਹਮੇਸ਼ਾ ਖਾਲੀ ਹੀ ਪਾਕਿਸਤਾਨ ਜਾਂਦੀ ਸੀ, ਜੇਕਰ ਇਸ 'ਚ ਕਦੇ ਸਵਾਰੀ ਬੈਠਦੀ ਵੀ ਸੀ ਤਾਂ ਉਹ ਵੀ 2-4 ਤੋਂ ਵੱਧ ਨਹੀਂ ਹੁੰਦੀ ਸੀ।
1200 ਰੁਪਏ 'ਚ ਕਰ ਸਕਦੇ ਸੀ ਲਾਹੌਰ ਦੀ ਯਾਤਰਾ
ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਬੱਸ ਸਟੈਂਡ ਤੋਂ ਲਾਹੌਰ ਤੱਕ ਦੀ ਸੈਰ ਕਰਨ ਲਈ ਯਾਤਰੀਆਂ ਨੂੰ 1200 ਰੁਪਇਆ ਕਿਰਾਇਆ ਖਰਚ ਕਰਨਾ ਪੈਂਦਾ ਸੀ। ਕੇਂਦਰ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਇਹ ਸਹੂਲਤ ਪ੍ਰਦਾਨ ਕੀਤੀ ਸੀ ਪਰ ਇਸ ਦਾ ਪੂਰਾ ਮੁਨਾਫ਼ਾ ਨਹੀਂ ਚੁੱਕਿਆ ਜਾ ਸਕਿਆ।
ਅੰਮ੍ਰਿਤਸਰ ਤੋਂ ਚੱਲਣ ਵਾਲੀ ਬੱਸ ਲਈ ਦਿੱਲੀ ਤੋਂ ਲੈਣਾ ਪੈਂਦਾ ਸੀ ਵੀਜ਼ਾ
ਅੰਮ੍ਰਿਤਸਰ-ਨਨਕਾਣਾ ਸਾਹਿਬ ਬੱਸ ਸੇਵਾ ਦੇ ਅਸਫਲ ਹੋਣ ਪਿੱਛੇ ਇਕ ਸਭ ਤੋਂ ਵੱਡਾ ਕਾਰਣ ਇਹ ਵੀ ਸੀ ਕਿ ਇਸ ਦੇ ਲਈ ਯਾਤਰੀਆਂ ਨੂੰ ਦਿੱਲੀ ਤੋਂ ਵੀਜ਼ਾ ਲੈਣਾ ਪੈਂਦਾ ਸੀ। ਪਹਿਲਾਂ ਯਾਤਰੀ ਦਿੱਲੀ ਜਾਂਦਾ ਅਤੇ ਉਥੋਂ ਵੀਜ਼ਾ ਲੈ ਕੇ ਅੰਮ੍ਰਿਤਸਰ ਆਉਂਦਾ ਅਤੇ ਫਿਰ ਬੱਸ 'ਚ ਸਵਾਰ ਹੋ ਕੇ ਲਾਹੌਰ ਜਾਂਦਾ, ਅਜਿਹਾ ਸੰਭਵ ਹੀ ਨਹੀਂ ਸੀ। ਜ਼ਿਆਦਾਤਰ ਯਾਤਰੀ ਦਿੱਲੀ ਤੋਂ ਵੀਜ਼ਾ ਲੈਣ ਦੇ ਬਾਅਦ ਦਿੱਲੀ-ਲਾਹੌਰ ਬੱਸ ਰਾਹੀਂ ਪਾਕਿਸਤਾਨ ਜਾਂਦੇ ਅਤੇ ਅੰਮ੍ਰਿਤਸਰ ਨਹੀਂ ਆਉਂਦੇ ਸਨ। ਇਹੀ ਕਾਰਣ ਸੀ ਕਿ ਇਹ ਬੱਸ ਸੇਵਾ ਅਸਫਲ ਸਾਬਤ ਰਹੀ ਅਤੇ ਅੰਮ੍ਰਿਤਸਰ ਅਤੇ ਪੰਜਾਬ ਦੇ ਯਾਤਰੀਆਂ ਨੂੰ ਇਸ ਦਾ ਪੂਰਾ ਮੁਨਾਫ਼ਾ ਹੀ ਨਹੀਂ ਮਿਲਿਆ।
ਸ਼ਨੀਵਾਰ ਨੂੰ ਵੀ ਕਰਾਸ ਹੋਈਆਂ ਦੋਵੇਂ ਪਾਸਿਓਂ ਬੱਸਾਂ
ਪਾਕਿਸਤਾਨ ਵੱਲੋਂ ਅੰਤਰਰਾਸ਼ਟਰੀ ਬੱਸ ਸੇਵਾ ਨੂੰ ਬੰਦ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸ਼ਨੀਵਾਰ ਨੂੰ ਬੱਸ ਨਹੀਂ ਚੱਲੇਗੀ ਪਰ ਇਸ ਦਿਨ ਵੀ ਦੋਵੇਂ ਪਾਸਿਓਂ ਬੱਸਾਂ ਕਰਾਸ ਹੋਈਆਂ। ਅਧਿਕਾਰੀਆਂ ਅਨੁਸਾਰ ਜਦੋਂ ਤੱਕ ਲਿਖਤੀ ਰੂਪ 'ਚ ਨੋਟੀਫਿਕੇਸ਼ਨ ਨਹੀਂ ਆ ਜਾਂਦਾ, ਤਦ ਤੱਕ ਬੱਸ ਸੇਵਾ ਜਾਰੀ ਰਹੇਗੀ।
ਦੇਸ਼ 'ਚ 11 ਕਰੋੜ ਮੈਂਬਰਾਂ ਵਾਲੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ : ਸ਼ਵੇਤ ਮਲਿਕ (ਵੀਡੀਓ)
NEXT STORY