ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਪੰਜਾਬ ਸਰਕਾਰ ਵੱਲੋਂ ਰਾਹਤ ਦੇਣ ਤੋਂ ਬਾਅਦ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਪਰਤਣ ਨਾਲ ਰੌਣਕਾਂ ਲੱਗਣ ਲੱਗੀਆਂ ਹਨ। ਸੂਬੇ ਦੇ ਕਰੀਬ 27 ਹਜ਼ਾਰ ਆਂਗਣਵਾੜੀ ਸੈਂਟਰਾਂ ਵਿਚ 54 ਹਜ਼ਾਰ ਤੋਂ ਜ਼ਿਆਦਾ ਕੰਮ ਕਰਦੀਆਂ ਵਰਕਰਾਂ ਅਤੇ ਹੈਲਪਰਾਂ ਦੇ ਚਿਹਰੇ 'ਤੇ ਰਾਹਤ ਮਿਲਣ ਦੀ ਖੁਸ਼ੀ ਹੈ। ਅੱਜ 'ਜਗ ਬਾਣੀ' ਦੀ ਟੀਮ ਨੇ ਜ਼ਿਲੇ ਵਿਚ ਚੱਲ ਰਹੇ 1963 ਸੈਂਟਰਾਂ ਵਿਚੋਂ ਦਰਜਨ ਸੈਂਟਰਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ 6 ਵਰ੍ਹੇ ਤੋਂ ਘੱਟ ਉਮਰ ਵਾਲੇ ਬੱਚੇ ਇਨ੍ਹਾਂ ਸੈਂਟਰਾਂ ਵਿਚ ਬੈਠੇ ਸਨ ਅਤੇ ਵਰਕਰਾਂ ਅਤੇ ਹੈਲਪਰਾਂ ਵੱਲੋਂ ਉਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਹੈਲਪਰਾਂ ਵੱਲੋਂ ਜਿਥੇ ਛੋਟੇ ਬੱਚਿਆਂ ਨੂੰ ਘਰੋਂ ਲਿਆ ਕੇ ਸੈਂਟਰਾਂ ਵਿਚ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ ਉਥੇ ਹੀ ਵਰਕਰਾਂ ਵੱਲੋਂ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਅਤੇ ਪ੍ਰੀ-ਸਕੂਲ ਸਿੱਖਿਆ ਵੀ ਦਿੱਤੀ ਜਾ ਰਹੀ ਸੀ।
ਪਹਿਲਾਂ ਵਾਂਗ ਹੀ ਨਜ਼ਰ ਆਏ ਸੈਂਟਰ
'ਜਗ ਬਾਣੀ' ਟੀਮ ਵੱਲੋਂ ਪਿੰਡ ਬਟੂਹਾ, ਪੁੰਨਾਵਾਲ, ਰੂੜਗੜ੍ਹ, ਸੰਗਾਲਾ 1 ਅਤੇ ਸੰਗਾਲਾ 2 ਸਣੇ ਕਈ ਸੈਂਟਰਾਂ ਦਾ ਦੌਰਾ ਕੀਤਾ ਗਿਆ। ਇਨ੍ਹਾਂ ਸੈਂਟਰਾਂ ਵਿਚ ਬੱਚੇ ਕਾਫੀ ਗਿਣਤੀ ਵਿਚ ਹਾਜ਼ਰ ਸਨ। ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਮੁਹੱਈਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਦੇਸ਼ ਵਿਚ ਆਂਗਣਵਾੜੀ ਸੈਂਟਰਾਂ 'ਚ ਹੀ ਮਿਲਦੀ ਹੈ ਪ੍ਰੀ-ਸਕੂਲ ਸਿੱਖਿਆ
ਪੂਰੇ ਦੇਸ਼ ਵਿਚ ਪ੍ਰੀ-ਸਕੂਲ ਸਿੱਖਿਆ ਆਂਗਣਵਾੜੀ ਸੈਂਟਰਾਂ ਵਿਚ ਹੀ ਦਿੱਤੀ ਜਾ ਰਹੀ ਹੈ ਅਤੇ ਇਸ ਸਬੰਧੀ ਬਕਾਇਦਾ ਕੇਂਦਰ ਦੇ ਸਿੱਖਿਆ ਸਕੱਤਰ ਅਤੇ ਆਂਗਣਵਾੜੀ ਮਹਿਕਮੇ ਦੇ ਕੇਂਦਰੀ ਸਕੱਤਰ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਨੂੰ ਪੱਤਰ ਭੇਜਿਆ ਹੈ ਕਿ ਆਂਗਣਵਾੜੀ ਸੈਂਟਰਾਂ ਵਿਚ ਹੀ ਵਰਕਰਾਂ ਵੱਲੋਂ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦਿੱਤੀ ਜਾਵੇ।
ਡੀ. ਈ. ਓ. ਨੂੰ ਦਿੱਤਾ ਮੰਗ ਪੱਤਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਵਰਕਰਾਂ ਨੇ ਪ੍ਰੈੱਸ ਸਕੱਤਰ ਸਰਬਜੀਤ ਕੌਰ ਦੀ ਅਗਵਾਈ ਵਿਚ ਇਕ ਮੰਗ ਪੱਤਰ ਡੀ. ਈ. ਓ. ਸੰਗਰੂਰ ਬਲਵਿੰਦਰ ਕੌਰ ਨੂੰ ਦਿੱਤਾ, ਜਿਸ ਵਿਚ ਜੋ ਬੱਚੇ ਸੈਂਟਰਾਂ ਵਿਚੋਂ ਪ੍ਰਾਇਮਰੀ ਸਕੂਲਾਂ 'ਚ ਨਵੀਆਂ ਸ਼ੁਰੂ ਕੀਤੀਆਂ ਗਈਆਂ ਕਲਾਸਾਂ ਲਈ ਗਏ ਸਨ, ਉਨ੍ਹਾਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਦੀ ਮੰਗ ਕੀਤੀ ਗਈ। ਇਸ ਮੌਕੇ ਕੁਲਵੰਤ ਕੌਰ, ਜਸਪਾਲ ਕੌਰ, ਮਨਜੀਤ ਕੌਰ ਅਤੇ ਸੁਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਡੀ. ਈ. ਓ. : ਜ਼ਿਲਾ ਸਿੱਖਿਆ ਅਧਿਕਾਰੀ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਨੋਟੀਫਿਕੇਸ਼ਨ ਦੀ ਕਾਪੀ ਮਿਲ ਗਈ ਹੈ ਉਹ ਇਸ ਨੂੰ ਧਿਆਨ ਵਿਚ ਰੱਖ ਕੇ ਅਗਲੀ ਯੋਜਨਾ ਤਿਆਰ ਕਰਨਗੇ।
10 ਦਿਨਾਂ ਵਿਚ ਬੱਚੇ ਆਂਗਣਵਾੜੀ ਸੈਂਟਰਾਂ 'ਚ ਨਾ ਭੇਜੇ ਤਾਂ ਕਰਾਂਗੇ ਸੰਘਰਸ਼ : ਪ੍ਰਧਾਨ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਹੇ ਸਰਕਾਰ ਨੇ ਸਾਨੂੰ ਰਾਹਤ ਦਿੱਤੀ ਹੈ ਪਰ ਜਦੋਂ ਤੱਕ ਸਾਰੇ ਆਂਗਣਵਾੜੀ ਸੈਂਟਰਾਂ ਵਿਚ ਪੂਰੇ ਬੱਚੇ ਵਾਪਸ ਨਹੀਂ ਆਉਂਦੇ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ। ਹਰਗੋਬਿੰਦ ਕੌਰ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸੂਬੇ ਵਿਚ ਕਈ ਸੈਂਟਰਾਂ ਵਿਚ ਬੱਚੇ ਵਾਪਸ ਨਹੀਂ ਭੇਜੇ ਗਏ ਅਤੇ ਉਹ 10 ਦਿਨ ਹੋਰ ਇੰਤਜ਼ਾਰ ਕਰਨਗੇ, ਜੇਕਰ ਫਿਰ ਵੀ ਬੱਚਿਆਂ ਨੂੰ ਵਾਪਸ ਨਾ ਭÎੇਜਿਆ ਗਿਆ ਤਾਂ ਫਿਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਸੁਪਰੀਮ ਕੋਰਟ 'ਚੋਂ ਰਾਹਤ ਮਿਲਣ ਤੋਂ ਬਾਅਦ ਖਹਿਰਾ ਦਾ ਬਿਆਨ, ਮੇਰੇ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਮਿਲਿਆ'
NEXT STORY