ਮੋਗਾ (ਆਜ਼ਾਦ)-ਜ਼ਿਲੇ ਦੇ ਪਿੰਡ ਲੰਗੇਆਣਾ ਪੁਰਾਣਾ ਵਿਖੇ ਰੰਜਿਸ਼ ਕਾਰਨ ਹਥਿਆਰਬੰਦ ਵਿਅਕਤੀਆਂ ਵੱਲੋਂ ਛਿੰਦਾ ਖਾਨ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਕੁੱਟਮਾਰ ਕਰ ਕੇ ਗੰਭੀਰ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਛਿੰਦਾ ਖਾਨ ਵੱਲੋਂ ਆਪਣੀ ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰਿੰਗ ਕਰਨ 'ਤੇ ਹਮਲਾਵਰ ਭੱਜ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਛਿੰਦਾ ਖਾਨ ਪੁੱਤਰ ਬਾਰੇ ਖਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਭਰਾ ਅਜਾਇਬ ਖਾਨ ਦਾ ਦੋਸ਼ੀ ਰੇਸ਼ਮ ਸਿੰਘ ਦੇ ਲੜਕਿਆਂ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। ਇਸ ਰੰਜਿਸ਼ ਕਾਰਨ ਰੇਸ਼ਮ ਸਿੰਘ ਨੇ ਆਪਣੇ ਬੇਟਿਆਂ ਗੁਰਪ੍ਰੀਤ ਸਿੰਘ, ਤਾਰਾ ਸਿੰਘ ਨਿਵਾਸੀ ਲੰਗੇਆਣਾ ਪੁਰਾਣਾ, ਬਾਘਾ ਸਿੰਘ ਨਿਵਾਸੀ ਕਾਲੀਏ ਵਾਲਾ, ਲਖਵੀਰ ਸਿੰਘ, ਸਰਬਜੀਤ ਸਿੰਘ ਨਿਵਾਸੀ ਲੰਗੇਆਣਾ ਪੁਰਾਣਾ ਅਤੇ 3-4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੂੰ ਨਾਲ ਲੈ ਕੇ ਬੀਤੀ 10-11 ਸਤੰਬਰ ਦੀ ਰਾਤ ਨੂੰ ਸਾਡੇ ਘਰ ਦੀ ਕੰਧ, ਜੋ ਦਰਵਾਜ਼ੇ ਕੋਲੋਂ ਟੁੱਟੀ ਹੋਈ ਹੈ, ਟੱਪ ਕੇ ਸਾਡੇ ਘਰ ਅੰਦਰ ਦਾਖਲ ਹੋਏ ਅਤੇ ਉਕਤ ਹਥਿਆਰਬੰਦ ਵਿਅਕਤੀਆਂ ਨੇ ਮੇਰੇ ਮੰਜੇ ਨੂੰ ਘੇਰ ਲਿਆ ਅਤੇ ਮੈਨੂੰ ਕੁੱਟਮਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਜਿਸ 'ਤੇ ਮੇਰਾ ਰੌਲਾ ਸੁਣ ਕੇ ਮੇਰਾ ਬੇਟਾ ਤੇ ਭਰਾ ਆ ਗਏ, ਉਨ੍ਹਾਂ ਤੁਰੰਤ ਆਪਣੇ ਮੰਜੇ 'ਤੇ ਪਈ 12 ਬੋਰ ਦੀ ਬੰਦੂਕ ਚੁੱਕ ਲਈ ਅਤੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਦੋਸ਼ੀ ਹਮਲਾਵਰ ਉੱਥੋਂ ਭੱਜ ਗਏ ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਧੀਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਮਾਮਲਾ ਸ਼ੱਕੀ ਹੋਣ 'ਤੇ ਮੈਂ ਉਕਤ ਸਾਰਾ ਮਾਮਲਾ ਥਾਣਾ ਮੁਖੀ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਦੇ ਹੁਕਮ 'ਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ, ਜਦਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਉਹ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ।
ਸਿੱਖ ਦੰਗਾ: ਦਿੱਲੀ ਕਮੇਟੀ ਵੱਲੋਂ ਗਵਾਹਾਂ ਨੂੰ ਨਿੱਜੀ ਸੁਰੱਖਿਆ ਉਪਲੱਬਧ ਕਰਾਉਣ ਦਾ ਐਲਾਨ
NEXT STORY