ਮੋਗਾ (ਗੋਪੀ ਰਾਊਕੇ) : ਸਰਹੱਦੀ ਸੂਬੇ ਪੰਜਾਬ ਦੇ ਲੋਕਾਂ ਕੋਲ ਵੱਡੇ ਪੱਧਰ ’ਤੇ ਅਸਲਾ ਹੈ। ਨਿੱਕੇ ਸੂਬੇ ਦੇ ਲੋਕ ਅਸਲੇ ਦੇ ਸ਼ੌਂਕੀਨ ਵਧੇਰੇ ਹਨ ਅਤੇ ਇਹੋ ਕਾਰਣ ਹੈ ਕਿ ਹੁਣ ਸਰਕਾਰਾਂ ਇਸ ਮਾਮਲੇ ’ਤੇ ਗੰਭੀਰ ਹੋਣ ਲੱਗੀਆਂ ਹਨ। ਪੰਜਾਬ ਵਿਚ ਬੀਤੇ ਦਿਨ ਉੱਪਰੋਂ-ਥੱਲੀ ਅਮਨ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀਆਂ ਵਾਪਰੀਆਂ ਘਟਨਾਵਾਂ ਮਗਰੋਂ ਪੰਜਾਬ ਸਰਕਾਰ ਇਸ ਮਾਮਲੇ ’ਤੇ ਗੰਭੀਰ ਹੈ। ਪੰਜਾਬ ਸਰਕਾਰ ਨੇ ਅਗਾਮੀ ਤਿੰਨ ਮਹੀਨਿਆਂ ਤੱਕ ਜਿੱਥੇ ਨਵਾਂ ਅਸਲਾ ਲਾਇਸੈਂਸ ਜਾਰੀ ਕਰਨ ’ਤੇ ਪਾਬੰਦੀ ਲਗਾਈ ਹੈ, ਉੱਥੇ ਜਨਤਕ ਥਾਵਾਂ ’ਤੇ ਕੋਈ ਵੀ ਵਿਅਕਤੀ ਹੱਥ ਵਿਚ ਹਥਿਆਰ ਲੈ ਕੇ ਨਹੀਂ ਘੁੰਮ ਸਕਦਾ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਰਾਜ ਭਰ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਆਰੀ ਸ਼ੁਰੂ ਕੀਤੀ ਹੈ। ਪੰਜਾਬ ਪੁਲਸ ਵੱਲੋਂ ਸ਼ੋਸਲ ਮੀਡੀਆਂ ’ਤੇ ਇਸ ਸਬੰਧੀ ਆਦੇਸ਼ ਜਾਰੀ ਕਰ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਾਇਸੈਂਸੀ ਹਥਿਆਰ ਲੈ ਕੇ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆਂ ’ਤੇ ਪਾਉਣ ਤੋਂ ਗੁਰੇਜ਼ ਕਰਨ ਨਹੀਂ ਤਾਂ ਹਰ ਹਾਲ ਵਿਚ ਕਾਰਵਾਈ ਹੋਵੇਗੀ।
ਪੁਲਸ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਲੋਕਾਂ ਵੱਲੋਂ ਸ਼ਲਾਘਾ ਤਾਂ ਕੀਤੀ ਜਾ ਰਹੀ ਪਰ ਇਕ ਵਰਗ ਦਾ ਇਹ ਵੀ ਕਹਿਣਾ ਹੈ ਕਿ ਕੱਝ ਲੋਕਾਂ ਨੂੰ ਆਪਣੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਅਸਲਾ ਰੱਖਣਾ ਪੈਂਦਾ ਹੈ ਅਤੇ ਇਸ ਲਈ ਪੂਰਨ ਤੌਰ ’ਤੇ ਅਸਲਾ ਕੋਲ ਰੱਖਣ ਦੀ ਮਨਾਹੀ ਨਾ ਕੀਤੀ ਜਾਵੇ ਸਗੋਂ ਕਥਿਤ ਤੌਰ ’ਤੇ ਨਾਜਾਇਜ਼ ਹਥਿਆਰ ਰੱਖਣ ਵਾਲੇ ਲੋਕਾਂ ’ਤੇ ਸਖਤੀ ਵਰਤਣੀ ਚਾਹੀਦੀ ਹੈ ਕਿਉਂਕਿ ਬਹੁਤੀਆਂ ਗੈਰ ਸਮਾਜਿਕ ਕਾਰਵਾਈਆਂ ਵਿਚ ਕਥਿਤ ਨਾਜਾਇਜ਼ ਹਥਿਆਰਾਂ ਦੀ ਵਰਤੋਂ ਹੋਈ ਹੈ। ‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਵਿਚ ਮੋਗਾ ਜ਼ਿਲ੍ਹੇ ਵਿਚ 26 ਹਜ਼ਾਰ ਤੋਂ ਵਧੇਰੇ ਲੋਕਾਂ ਕੋਲ ਅਸਲਾ ਲਾਇਸੈਂਸ ਹਨ ਅਤੇ ਇਨ੍ਹਾਂ ਵਿਚ ਕੁਝ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਅਸਲਾ ਲਾਇਸੈਂਸ ਹਨ। ਪਤਾ ਲੱਗਾ ਹੈ ਕਿ ਮੋਗਾ ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿਚ ਸਭ ਤੋਂ ਵਧੇਰੇ ਅਸਲਾ ਲਾਇਸੈਂਸ ਬਣੇ ਹਨ ਜਦੋਂਕਿ ਧਰਮਕੋਟ ਹਲਕਾ ਇਸ ਮਾਮਲੇ ਵਿਚ ਦੂਜੇ, ਬਾਘਾ ਪੁਰਾਣਾ ਤੀਜ਼ੇ ਅਤੇ ਨਿਹਾਲ ਸਿੰਘ ਵਾਲਾ ਚੌਥੇ ਨੰਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਾਵੇਂ ਪਹਿਲਾਂ ਪਹਿਲ ਕਿਸੇ ਵੀ ਸ਼ਹਿਰ ਜਾਂ ਪਿੰਡ ਵਿਚ ਕੁਝ ਕੁ ਲੋਕਾਂ ਹੀ ਅਸਲਾ ਲਾਇਸੈਂਸ ਹੁੰਦੇ ਸਨ ਪਰ 2002 ਤੋਂ 2022 ਤੱਕ ਲੰਘੇ ਦੋ ਦਹਾਕਿਆਂ ਦੌਰਾਨ ਅਸਲਾ ਲਾਇਸੈਂਸ ਬਣਾਉਣ ਦਾ ਲੋਕਾਂ ਨੂੰ ਚਾਅ ਹੱਦੋਂ ਵਧਿਆ ਹੈ ਅਤੇ ਇਨ੍ਹਾਂ ਵਿਚ ਬਹੁ ਗਿਣਤੀ ਨੌਜਵਾਨ ਵਰਗ ਦੀ ਹੈ। ਇਕ ਸੱਤਾਧਾਰੀ ਧਿਰ ਦੇ ਸਿਆਸੀ ਆਗੂ ਦਾ ਕਹਿਣਾ ਸੀ ਕਿ ਸਭ ਤੋਂ ਵੱਧ ਸਿਫਾਰਿਸ਼ ਅੱਜ ਕੱਲ ਹੁਕਮਰਾਨ ਧਿਰ ਦੇ ਆਗੂਆਂ ਕੋਲ ਕਿਸੇ ਵਿਕਾਸ ਕਾਰਜ ਕਰਵਾਉਣ ਸਬੰਧੀ ਨਹੀਂ ਸਗੋਂ ਅਸਲਾ ਲਾਇਸੰਸ ਬਣਾਉਣ ਲਈ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਇਸ ਮਾਮਲੇ ’ਤੇ ਵਧੇਰੇ ਸੁਚੇਤ ਹੋਣ ਦੀ ਲੋੜ ਹੈ।
ਅਸਲਾ ਲਾਇਸੰਸ ਰੱਦ ਹੋਣ ਤੋਂ ਬਚਾਉਣ ਲਈ ਅਸਲਾ ਧਾਰਕਾਂ ਵੱਲੋਂ ਹੁਣੇ ਤੋਂ ਹੀ ਕਾਰਵਾਈ ਸ਼ੁਰੂ
‘ਜਗ ਬਾਣੀ’ ਨੂੰ ਮਿਲੀ ਸੂਚਨਾ ਅਨੁਸਾਰ ਸਰਕਾਰ ਵੱਲੋਂ ਹੁਣ ਜਦੋਂ ਮੁੜ ਅਸਲਾ ਲਾਇਸੈਂਸ ਰੀਵਿਓ ਕਰਨ ਸਬੰਧੀ ਆਦੇਸ਼ ਜਾਰੀ ਕੀਤੇ ਹਨ ਤਾਂ ਇਸ ਵੇਲੇ ਹੁਣ ਜ਼ਿਲ੍ਹੇ ਭਰ ਦੇ ਕੁਝ ਅਸਲਾ ਧਾਰਕ ਜਿਨ੍ਹਾਂ ਨੂੰ ਆਪਣੇ ਅਸਲਾ ਲਾਇਸੈਂਸ ਰੱਦ ਹੋਣ ਦਾ ਖਦਸ਼ਾ ਹੈ ਉਨ੍ਹਾਂ ਵੱਲੋਂ ਹੁਣੇ ਤੋਂ ਹੀ ਆਪਣਾ ਲਾਇਸੈਂਸ ਰੱਦ ਹੋਣ ਤੋਂ ਬਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਹਾਲੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਤੇ ਹਾਲੇ ਮੁੱਢਲੇ ਪੜ੍ਹਾਅ ’ਤੇ ਹੀ ਕਾਰਵਾਈ ਸ਼ੁਰੂ ਕੀਤੀ ਹੈ ਜਦੋਂਕਿ ਇਸ ਮਾਮਲੇ ’ਤੇ ਪ੍ਰਸ਼ਾਸਨ ਵੱਲੋਂ ਸਾਰੇ ਲਾਇਸੈਂਸ ਰੀਵਿਊ ਕਰਨ ਮਗਰੋਂ ਹੀ ਪਤਾ ਲੱਗੇਗਾ ਕਿ ਆਖਿਰਕਾਰ ਕਿਹੜੇ ਲੋਕਾਂ ਨੂੰ ਅਸਲਾ ਲਾਇਸੈਂਸ ਦੀ ਲੋੜ ਹੈ ਅਤੇ ਕਿੰਨ੍ਹਿਆਂ ਨੂੰ ਨਹੀਂ।
ਅਸਲਾ ਲਾਇਸੈਂਸ ਬਣਾਉਣ ਵੇਲੇ ਕੋਈ ਤੱਥ ਛੁਪਾਉਣ ਵਾਲੇ ਵਿਅਕਤੀ ’ਤੇ ਹੋਵੇਗੀ ਕਾਰਵਾਈ : ਐੱਸ. ਐੱਸ. ਪੀ.
ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਜਾਰੀ ਕੀਤੇ ਅਸਲਾ ਲਾਇਸੰਸਾਂ ਦੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸਮੀਖਿਆ ਕੀਤੀ ਜਾਵੇਗੀ ਅਤੇ ਜਿੱਥੇ ਕਿਸੇ ਗਲਤ ਅਨਸਰ ਨੂੰ ਅਸਲਾ ਲਾਇਸੰਸ ਜਾਰੀ ਕੀਤਾ ਪਾਇਆ ਗਿਆ ਤਾਂ ਉਹ ਤੁਰੰਤ ਕੈਂਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਸਲਾ ਲਾਇਸੰਸ ਬਣਾਉਣ ਵੇਲੇ ਕਿਸੇ ਵਿਅਕਤੀ ਨੇ ਕੋਈ ਤੱਥ ਛੁਪਾਇਆ ਹੋਵੇਗਾ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਅਣਪਛਾਤੇ ਚੋਰ ਦਿਨ-ਦਿਹਾੜੇ ਕੋਠੀ 'ਚੋਂ 2 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ
NEXT STORY