ਫਤਿਹਗੜ੍ਹ ਸਾਹਿਬ(ਟਿਵਾਣਾ)-ਬੀਤੇ ਦਿਨੀਂ ਨੇੜਲੇ ਪਿੰਡ ਕੋਟਲਾ ਜੱਟਾਂ ਵਿਖੇ ਪੰਚਾਇਤੀ ਬੋਲੀ ਦੀ 3 ਲੱਖ 81 ਹਜ਼ਾਰ 50 ਰੁਪਏ ਦੀ ਰਕਮ ਲੈ ਕੇ ਅਚਾਨਕ ਫਰਾਰ ਹੋਇਆ ਸਰਪੰਚ ਅੱਜ ਥਾਣਾ ਮੂਲੇਪੁਰ ਪੁਲਸ ਦੇ ਹੱਥੀਂ ਚੜ੍ਹ ਗਿਆ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੂਲੇਪੁਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਸਰਪੰਚ ਮਨਪ੍ਰੀਤ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਕੋਟਲਾ ਜੱਟਾਂ 6 ਜੂਨ ਨੂੰ ਪਿੰਡ 'ਚ ਹੋਈ ਪੰਚਾਇਤੀ ਬੋਲੀ ਦੀ ਇਕੱਤਰ ਕੀਤੀ ਗਈ ਉਕਤ ਰਾਸ਼ੀ ਬੈਂਕ 'ਚ ਜਮ੍ਹਾ ਕਰਵਾਉਣ ਦੀ ਬਜਾਏ ਫਰਾਰ ਹੋ ਗਿਆ ਸੀ ਅਤੇ ਇਸ ਸਬੰਧ 'ਚ ਪੰਚਾਇਤ ਸਕੱਤਰ ਰਜਿੰਦਰ ਸਿੰਘ ਵੱਲੋਂ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕਥਿਤ ਦੋਸ਼ੀ ਖਿਲਾਫ ਆਈ. ਪੀ. ਸੀ. ਦੀ ਧਾਰਾ 409 ਅਧੀਨ ਕੇਸ ਦਰਜ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਅਲਕਾ ਮੀਨਾ, ਐੱਸ. ਪੀ. (ਡੀ) ਦਲਜੀਤ ਸਿੰਘ ਰਾਣਾ ਤੇ ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਰਪੰਚ ਨੂੰ ਫੜਨ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਅਤੇ ਇਸ ਮਾਮਲੇ ਦੀ ਤਫਤੀਸ਼ ਆਧੁਨਿਕ ਤਕਨੀਕ ਨਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਏ. ਐੱਸ. ਆਈ. ਨਾਹਰ ਸਿੰਘ ਨੇ ਜੀ. ਟੀ. ਰੋਡ ਸਰਹਿੰਦ ਤੋਂ ਉਕਤ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਅਤੇ ਉਸ ਤੋਂ ਬੋਲੀ ਦੀ ਰਕਮ 'ਚੋਂ 3 ਲੱਖ 62 ਹਜ਼ਾਰ 400 ਰੁਪਏ, ਪਾਸਪੋਰਟ ਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕਰ ਲਏ ਗਏ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਵਿਦੇਸ਼ ਭੱਜਣ ਦੀ ਤਾਕ 'ਚ ਸੀ, ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ
ਪਾਵਰਕਾਮ ਪੈਨਸ਼ਨਰਾਂ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀ
NEXT STORY