ਲੁਧਿਆਣਾ(ਵਿਪਨ)-ਰੇਲਵੇ ਪੁਲਸ ਨੇ ਸਥਾਨਕ ਰੇਲਵੇ ਸਟੇਸ਼ਨ ਦੇ ਵੱਖ-ਵੱਖ ਸਥਾਨਾਂ ਤੋਂ ਬਾਹਰੀ ਰਾਜ ਤੋਂ ਇੱਥੇ ਅਫੀਮ ਦੀ ਸਪਲਾਈ ਦੇਣ ਆਏ ਦੋ ਵਿਦਿਆਰਥੀਆਂ ਨੂੰ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ਵਿਚ ਅਫੀਮ ਸਣੇ ਕਾਬੂ ਕੀਤਾ ਹੈ। ਦੋਵੇਂ ਵਿਦਿਆਰਥੀ ਵੱਡੇ ਨਸ਼ਾ ਸਮੱਗਲਰਾਂ ਲਈ ਕੋਰੀਅਰ ਦਾ ਕੰਮ ਕਰਦੇ ਦੱਸੇ ਗਏ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਝਾਰਖੰਡ ਤੋਂ ਸਸਤੀ ਅਫੀਮ ਖਰੀਦ ਕੇ ਪੰਜਾਬ ਲਿਆ ਕੇ ਮਹਿੰਗੇ ਮੁੱਲ 'ਤੇ ਵੇਚਣ ਵਾਲੇ ਨਸ਼ਾ ਸਮੱਗਲਰ ਗਿਰੋਹ ਦੇ ਮੈਂਬਰਾਂ ਲਈ ਕੋਰੀਅਰ ਦੇ ਰੂਪ ਵਿਚ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਸਥਾਨਕ ਸਟੇਸ਼ਨ ਤੋਂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ। ਇੰਸ. ਕਰਨੈਲ ਸਿੰਘ ਨੇ ਦੱਸਿਆ ਕਿ ਪਹਿਲੇ ਕੇਸ ਵਿਚ ਏ. ਐੱਸ. ਆਈ. ਰਾਮ ਕ੍ਰਿਸ਼ਨ ਰੇਲਵੇ ਪਲੇਟਫਾਰਮ ਨੰ.1 'ਤੇ ਪੁਲਸ ਪਾਰਟੀ ਸਮੇਤ ਚੈਕਿੰਗ ਕਰ ਰਹੇ ਸਨ ਕਿ ਇਕ ਨੌਜਵਾਨ ਪੁਲਸ ਨੂੰ ਚੈਕਿੰਗ ਕਰਦੇ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਰੇਲ ਮੇਲ ਸਰਵਿਸ ਦਫਤਰ ਵੱਲੋਂ ਸਟੇਸ਼ਨ ਤੋਂ ਬਾਹਰ ਨਿਕਲਦੇ ਰਸਤੇ ਤੋਂ ਖਿਸਕਣ ਦਾ ਯਤਨ ਕੀਤਾ। ਸ਼ੱਕ ਹੋਣ 'ਤੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਜਿਸ ਕਾਰਨ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੌਜਵਾਨ, ਜਿਸ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਅਦਿੱਤਿਆ ਕੁਮਾਰ ਵਜੋਂ ਹੋਈ ਹੈ, ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਇਕ ਹੋਰ ਨੌਜਵਾਨ ਦੇ ਸਟੇਸ਼ਨ 'ਤੇ ਅਫੀਮ ਸਮੇਤ ਹੋਣ ਦੀ ਮਿਲੀ ਜਾਣਕਾਰੀ ਦੇ ਆਧਾਰ 'ਤੇ ਏ. ਐੱਸ. ਆਈ. ਸੁਰੇਸ਼ ਕੁਮਾਰ ਜੋ ਕਿ ਰੇਲਵੇ ਕੰਪਲੈਕਸ ਵਿਚ ਪੁਲਸ ਪਾਰਟੀ ਸਮੇਤ ਚੈਕਿੰਗ ਕਰ ਰਹੇ ਸਨ, ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਚੌਕਸੀ ਵਧਾਉਂਦੇ ਹੋਏ ਸ਼ੱਕੀ ਵਿਅਕਤੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਕਾਰਨ ਰੇਲਵੇ ਕੰਪਲੈਕਸ ਵਿਚ ਬਾਹਰ ਨਿਕਲਦੇ ਨਵੇਂ ਪੁਲ ਕੋਲੋਂ ਵੀ ਇਕ ਹੋਰ ਦੋਸ਼ੀ ਨੌਜਵਾਨ, ਜਿਸ ਦੀ ਪਛਾਣ ਝਾਰਖੰਡ ਦੇ ਰਹਿਣ ਵਾਲੇ ਯੋਗੇਸ਼ਵਰ ਦੇ ਰੂਪ ਵਿਚ ਹੋਈ ਹੈ, ਨੂੰ ਵੀ ਕਾਬੂ ਕਰ ਲਿਆ ਗਿਆ। ਉਸ ਕੋਲੋਂ ਵੀ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਅਤੇ ਉਸ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਕਰਨੈਲ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਤੋਂ ਕੁੱਲ 5 ਕਿੱਲੋ 200 ਗ੍ਰਾਮ ਅਫੀਮ ਬਰਾਮਦ ਹੋਈ ਅਤੇ ਦੋਵੇਂ ਦੋਸ਼ੀ ਅਜੇ ਪੜ੍ਹਾਈ ਕਰ ਰਹੇ ਹਨ ਅਤੇ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਪਰ ਝਾਰਖੰਡ ਵਿਚ ਸਰਗਰਮ ਨਸ਼ਾ ਸਮੱਗਲਰਾਂ ਵੱਲੋਂ ਸਿਰਫ, 5-5 ਹਜ਼ਾਰ ਰੁਪਏ ਦਾ ਲਾਲਚ ਦੇਣ 'ਤੇ ਦੋਵੇਂ ਪੰਜਾਬ ਵਿਚ ਸਪਲਾਈ ਕਰਨ ਲਈ ਅਫੀਮ ਲੈ ਆਏ ਅਤੇ ਦੋਵੇਂ ਇਕ ਹੀ ਟਰੇਨ ਤੋਂ ਆਏ ਸਨ ਪਰ ਪੁਲਸ ਨੂੰ ਧੋਖਾ ਦੇ ਕੇ ਸਥਾਨਕ ਸਟੇਸ਼ਨ ਤੋਂ ਨਿਕਲਣ ਲਈ ਵੱਖ-ਵੱਖ ਹੋ ਗਏ। ਦੋਸ਼ੀਆਂ 'ਤੇ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 18/61/85 ਵਿਚ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਤਾਂਕਿ ਪਤਾ ਲਾ ਕੇ ਨਸ਼ਾ ਸਮੱਗਲਿੰਗ ਨਾਲ ਜੁੜੇ ਵੱਡੇ ਮਗਰਮੱਛਾਂ ਨੂੰ ਕਾਬੂ ਕੀਤਾ ਜਾ ਸਕੇ।
ਦਲਿਤ ਲੜਕੀ ਨਾਲ ਜਬਰ-ਜ਼ਨਾਹ; ਕਮਿਸ਼ਨ ਵੱਲੋਂ ਜਾਂਚ ਦੇ ਹੁਕਮ
NEXT STORY